ਗੁਰਪ੍ਰੀਤ ਸਿੰਘ
ਭਾਰਤ ਵਿੱਚ ਕ੍ਰਿਕੇਟ ਖੇਡ ਨੂੰ ਬੜੇ ਜੋਸ਼ ਅਤੇ ਜਨੂੰਨ ਨਾਲ ਖੇਡਿਆ ਅਤੇ ਦੇਖਿਆ ਜਾਂਦਾ ਹੈ। ਇਸ ਵਰ੍ਹੇ ਕ੍ਰਿਕਟ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਦੌਰਾਨ ਭਾਰਤੀ ਟੀਮ ਨੇ ਜਿਸ ਤਰ੍ਹਾਂ ਇਸ ਖੇਡ ਦੇ ਤਿੰਨਾਂ ਸਰੂਪਾਂ ਵਿੱਚ ਆਪਣਾ ਦਬਦਬਾ ਬਣਾਇਆ ਹੋਇਆ ਹੈ ਉਸ ਤੋਂ ਕ੍ਰਿਕਟ ਪ੍ਰੇਮੀਆਂ ਨੂੰ ਆਸ ਹੈ ਕਿ ਜੇ ਸਤੁੰਲਨ ਅਤੇ ਫ਼ੌਰਮ ਪੱਖੋਂ ਦੇਖਿਆ ਜਾਵੇ ਤਾਂ ਟੀਮ ਇੰਡੀਆਂ ਤੋਂ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਭਾਰਤੀ ਟੀਮ ਦੇ ਦਮਦਾਰ ਪ੍ਰਦਰਸ਼ਨ ਨੇ ਖੇਡ ਪ੍ਰੇਮੀਆਂ ਦੀਆਂ ਉਮੀਦਾਂ ਵਿੱਚ ਹੋਰ ਵੀ ਵਾਧਾ ਕੀਤਾ ਹੈ। ਕ੍ਰਿਕੇਟ ਦੇ ਵਿਸ਼ਲੇਸ਼ਕ ਵੀ ਇਸ ਗੱਲ ਦੀ ਹਾਮੀ ਭਰਦੇ ਨਜ਼ਰ ਆ ਰਹੇ ਹਨ।
ਭਾਰਤੀ ਕ੍ਰਿਕਟ ‘ਚ ਵਿਰਾਟ ਦੀ ਸਰਦਾਰੀ
ਭਾਰਤੀ ਕ੍ਰਿਕਟ ਟੀਮ ਦੀ ਗੱਲ ਕਰੀਏ ਤਾਂ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਸ ਸਮੇਂ ਸਭਨਾਂ ਦੇ ਪਸੰਦੀਦਾ ਖਿਡਾਰੀ ਹਨ। ਵਿਰਾਟ ਦਾ ਹਮਲਾਵਰ ਰਵੱਈਆ ਜਿੱਥੇ ਖਿਡਾਰੀਆਂ ਅੰਦਰ ਜੋਸ਼ ਭਰਦਾ ਹੈ ਉੱਥੇ ਵਿਰੋਧੀਆਂ ਦੇ ਹੌਸਲੇ ਵੀ ਪਸਤ ਕਰਦਾ ਹੈ। ਵਿਰਾਟ ਬੱਲੇਬਾਜ਼ੀ ਵਿੱਚ ਹਰ ਤਰ੍ਹਾਂ ਦੀ ਪ੍ਰਸਥਿਤੀ ਵਿੱਚ ਖ਼ੁਦ ਨੂੰ ਸਾਬਿਤ ਵੀ ਕਰ ਚੁੱਕਾ ਹੈ। ਇਸ ਸਮੇਂ ਵਿਰਾਟ ਭਾਰਤੀ ਬੱਲੇਬਾਜ਼ੀ ਦਾ ਮੁੱਖ ਥੰਮ੍ਹ ਹੈ। ਰਨ ਮਸ਼ੀਨ ਦੇ ਨਾਲ-ਨਾਲ ਵਿਰਾਟ ਕਈ ਰਿਕਾਰਡਾਂ ਦਾ ਬਾਦਸ਼ਾਹ ਵੀ ਹੈ।
ਸਲਾਮੀ ਬੱਲੇਬਾਜ਼
ਗੱਲ ਜੇ ਸਲਾਮੀ ਜੋੜੀ ਦੀ ਕਰੀਏ ਤਾਂ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਬੇਹਤਰੀਨ ਫ਼ਾਰਮ ‘ਚ ਹਨ। ਭਾਰਤੀ ਖੇਡ ਪ੍ਰੇਮੀ ਵਿਸ਼ਵ ਕੱਪ ਵਿੱਚ ਇਨ੍ਹਾਂ ਦੋਹਾਂ ਖਿਡਾਰੀਆਂ ਤੋਂ ਆਤਿਸ਼ੀ ਪਾਰੀਆਂ ਦੀ ਉਮੀਦ ਲਗਾਈ ਬੈਠੇ ਹਨ। ਇਸ ਤੋਂ ਇਲਾਵਾ ਕੇ. ਐੱਲ. ਰਾਹੁਲ ਵੀ ਵਾਧੂ ਓਪਨਰ ਦੇ ਤੌਰ ‘ਤੇ ਜਾ ਸਕਦੇ ਹਨ। ਨੰਬਰ ਤਿੰਨ ‘ਤੇ ਵਿਰਾਟ ਕੋਹਲੀ ਹੀ ਖੇਡਦਾ ਨਜ਼ਰ ਆਵੇਗਾ ਕਿਉਂਕਿ ਨੰਬਰ ਤਿੰਨ ਉਨ੍ਹਾਂ ਦੀ ਪਸੰਦੀਦਾ ਪੁਜ਼ੀਸ਼ਨ ਹੈ। ਨੰਬਰ ਚਾਰ ‘ਤੇ ਅੰਬਾਤੀ ਰਾਇਡੂ ਨੇ ਵੀ ਉਪਯੋਗੀ ਪਾਰੀਆਂ ਖੇਡੀਆਂ ਹਨ ਅਤੇ ਉਹ ਇਸ ਸਥਾਨ ‘ਤੇ ਖੇਡ ਸਕਦੈ। ਇਸ ਤੋਂ ਇਲਾਵਾ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਮੌਜੂਦਾ ਸਮੇਂ ਜਿਸ ਤਰ੍ਹਾਂ ਦਾ ਰੰਗ ਵਿਖਾਇਆ ਹੈ, ਉਹ ਵੀ ਨੰਬਰ ਚਾਰ ‘ਤੇ ਖੇਡ ਸਕਦਾ ਹੈ। ਧੋਨੀ ਦੇ ਫ਼ੌਰਮ ਵਿੱਚ ਆਉਣ ਨਾਲ ਟੀਮ ਦਾ ਮੱਧ-ਕ੍ਰਮ ਮਜ਼ਬੂਤ ਹੋਇਆ ਹੈ ਅਤੇ ਭਾਰਤੀ ਟੀਮ ਕਿਸੇ ਵੀ ਮੁਸ਼ਕਿਲ ਦੌਰ ਵਿੱਚੋਂ ਨਿਕਲਣ ਦੇ ਸਮਰੱਥ ਹੋ ਗਈ ਹੈ। ਇਸ ਤੋਂ ਇਲਾਵਾ ਮੱਧ-ਕ੍ਰਮ ਵਿੱਚ ਕੇਦਾਰ ਜਾਧਵ, ਦਿਨੇਸ਼ ਕਾਰਤਿਕ, ਰਿਸ਼ਭ ਪੰਤ ਅਤੇ ਵਿਜਯ ਸ਼ੰਕਰ ਦੇ ਰੂਪ ਵਿੱਚ ਵਧੀਆ ਬੱਲੇਬਾਜ਼ ਹਨ ਜੋ ਮੈਚ ਦਾ ਪਾਸਾ ਬਦਲ ਸਕਦੇ ਹਨ।
ਮਜ਼ਬੂਤ ਗੇਂਦਬਾਜ਼ੀ
ਗੇਂਦਬਾਜ਼ੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀ ਲੈੱਗ ਸਪਿੰਨਰ ਯੁਜ਼ਵੇਦਰ ਚਾਹਲ ਤਤੇ ਕੁਲਦੀਪ ਯਾਦਵ ਹਾਲੇ ਤਕ ਵਿਰੋਧੀ ਟੀਮਾਂ ਲਈ ਪਹੇਲੀ ਬਣੇ ਹੋਏ ਹਨ। ਇਸ ਤੋਂ ਇਲਾਵਾ ਕੁਰਣਾਲ ਪਾਂਡਿਆ ਅਤੇ ਕੇਦਾਰ ਜਾਧਵ ਵੀ ਸਪਿੰਨ ਗੇਂਦਬਾਜ਼ੀ ਨੂੰ ਮਜ਼ਬੂਤ ਬਣਾਉਂਦੇ ਹਨ। ਤੇਜ਼ ਗੇਂਦਬਾਜ਼ੀ ਵਿੱਚ ਲਾਈਨ ਲੈਂਥ ਗੇਦਬਾਜ਼ ਭੁਵਨੇਸ਼ਵਰ ਕੁਮਾਰ ਸਵਿੰਗ ਦਾ ਵੀ ਮਾਹਿਰ ਹੈ। ਜਸਪ੍ਰੀਤ ਬੁਮਰਾ ਦੀਆਂ ਤਿੱਖੀਆਂ ਗੇਂਦਾਂ ਵਿਰੋਧੀਆਂ ਲਈ ਕਹਿਰ ਬਣ ਸਕਦੀਆਂ ਹਨ। ਆਸਟਰੇਲੀਆ ਅਤੇ ਨਿਊ ਜ਼ੀਲੈਂਡ ਦੌਰੇ ਦੌਰਾਨ ਮਹੁੰਮਦ ਸ਼ਮੀ ਨੇ ਆਪਣੀਆਂ ਗੇਂਦਾਂ ਦੀ ਜੋ ਧਾਰ ਵਿਖਾਈ ਹੈ ਉਸ ਨਾਲ ਭਾਰਤੀ ਗੇਂਦਬਾਜ਼ੀ ਦਾ ਖ਼ੇਮਾ ਇਸ ਸਮੇਂ ਵਿਸ਼ਵ ਵਿੱਚ ਸਰਬੋਤਮ ਮੰਨਿਆ ਜਾਣ ਲੱਗਾ ਹੈ। ਇਸ ਤੋਂ ਇਲਾਵਾ ਅਹਿਮਦ ਖ਼ਲੀਲ ਵਰਗੇ ਨੌਜਵਾਨ ਵੀ ਅਜ਼ਮਾਏ ਜਾ ਸਕਦੇ ਹਨ।
ਸਾਰੇ ਪਹਿਲੂਆਂ ਨੂੰ ਧਿਆਨ ‘ਚ ਰੱਖਦੇ ਹੋਏ ਭਾਰਤੀ ਟੀਮ ਇਸ ਸਮੇਂ ਕਾਫ਼ੀ ਮਜ਼ਬੂਤ ਜਾਪ ਰਹੀ ਹੈ। ਜੇ ਭਾਰਤੀ ਖਿਡਾਰੀ ਮੈਦਾਨ ‘ਤੇ ਆਪਣਾ ਦਮ-ਖ਼ਮ ਦਿਖਾਉਣ ‘ਚ ਸਫ਼ਲ ਰਹਿੰਦੇ ਹਨ ਤਾਂ ਯਕੀਨਨ ਭਾਰਤ ਤੀਜੀ ਵਾਰ ਵਿਸ਼ਵ ‘ਚ ਤਿਰੰਗਾ ਲਹਿਰਾ ਸਕਦਾ ਹੈ। ਭਾਰਤੀ ਖੇਡ ਪ੍ਰੇਮੀ ਵੀ ਵਿਰਾਟ ਕੋਹਲੀ ਦੇ ਹੱਥਾਂ ਵਿੱਚ ਕੱਪ ਵੇਖਣ ਲਈ ਉਤਸਾਹਿਤ ਹਨ।
ਆਲਰਾਊਂਡਰ ਖਿਡਾਰੀ
ਟੀਮ ਵਿੱਚ ਆਲਰਾਊਂਡਰਜ਼ ਨਾਲ ਟੀਮ ਦਾ ਸੰਤੁਲਨ ਜ਼ਬਰਦਸਤ ਹੋਇਆ ਹੈ। ਵਿਜੇ ਸ਼ੰਕਰ, ਹਾਰਦਿਕ ਪਾਂਡਿਆ ਅਤੇ ਕੁਰਣਾਲ ਪਾਂਡਿਆ ਨੇ ਟੀਮ ਨੂੰ ਮਜ਼ਬੂਤੀ ਬਖ਼ਸ਼ੀ ਹੈ। ਇਹ ਖਿਡਾਰੀ ਅਖ਼ੀਰਲੇ ਓਵਰਾਂ ਵਿੱਚ ਤੇਜ਼ ਬੱਲੇਬਾਜ਼ੀ ਕਰ ਸਕਦਾ ਹੈ। ਟੀਮ ਦੀ ਬੈਂਚ ਸਟਰੈਂਥ ਲਾਜਵਾਬ ਹੈ। ਫ਼ੀਲਡਿੰਗ ਦੇ ਖੇਤਰ ਵਿੱਚ ਨੌਜਵਾਨ ਅਤੇ ਫ਼ਿੱਟ ਖਿਡਾਰੀਆਂ ਦੇ ਆਉਣ ਨਾਲ ਜ਼ਬਰਦਸਤ ਸੁਧਾਰ ਹੋਇਆ ਹੈ। ਕਪਤਾਨ ਵਿਰਾਟ ਕੋਹਲੀ ਖ਼ੁਦ ਵੀ ਫ਼ਿਟਨੈੱਸ ਨੂੰ ਲੈ ਕੇ ਕਾਫ਼ੀ ਸੁਚੇਤ ਹੈ।










