ਚੈਸਟਰ ਲੀ ਸਟ੍ਰੀਟ – ਪੌਪ ਸਟਾਰ ਰਿਹਾਨਾ ਨੇ ਸੋਮਵਾਰ ਨੂੰ ਓਦੋਂ ਕ੍ਰਿਕਟ ਵਿਸ਼ਵ ਕੱਪ ਵਿੱਚ ਗਲੈਮਰ ਦਾ ਤੜਕਾ ਲਾਇਆ ਜਦੋਂ ਉਹ ਸ਼੍ਰੀਲੰਕਾ ਵਿਰੁੱਧ ਇੱਥੇ ਵੈੱਸਟ ਇੰਡੀਜ਼ ਦਾ ਲੀਗ ਮੈਚ ਦੇਖਣ ਪਹੁੰਚੀ।
ਕ੍ਰਿਕਟ ਵੈੱਸਟ ਇੰਡੀਜ਼ ਨੇ ਅਧਿਕਾਰਿਕ ਟਵਿਟਰ ਐਕਾਊਂਟ ‘ਤੇ ਲਿਖਿਆ, ”ਦੇਖੋ ਕੌਣ ਅੱਜ ਵੈੱਸਟ ਇੰਡੀਜ਼ ਦੀ ਹੌਸਲਾ-ਅਫ਼ਜ਼ਾਈ ਕਰਨ ਲਈ ਆਇਆ ਹੈ। ਹੇ ਰਿਹਾਨਾ।” ਵੈੱਸਟ ਇੰਡੀਜ਼ ਬੋਰਡ ਨੇ ਇਸ ਦੇ ਨਾਲ ਹੀ ਮੈਚ ਦੇਖਦੇ ਹੋਏ ਰਿਹਾਨਾ ਦੀ ਤਸਵੀਰ ਵੀ ਪੋਸਟ ਕੀਤੀ।
ਜ਼ਿਕਰਯੋਗ ਹੈ ਕਿ ਬੱਲੇਬਾਜ਼ ਅਵਿਸ਼ਕਾ ਫ਼ਰਨੈਂਡੋ ਦੇ ਕਰੀਅਰ ਦੇ ਪਹਿਲੇ ਸੈਂਕੜੇ ਤੋਂ ਬਾਅਦ ਵਿਰੋਧੀ ਹਾਲਾਤ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸ਼੍ਰੀਲੰਕਾ ਨੇ ਨਿਕੋਲਸ ਪੂਰਣ ਦੇ ਸੈਂਕੜੇ ‘ਤੇ ਪਾਣੀ ਫ਼ੇਰਦੇ ਹੋਏ ਵਿਸ਼ਵ ਕੱਪ ਲੀਗ ਮੈਚ ਵਿੱਚ ਸੋਮਵਾਰ ਨੂੰ ਇੱਥੇ ਵੈੱਸਟ ਇੰਡੀਜ਼ ਨੂੰ 23 ਦੌੜਾਂ ਨਾਲ ਹਰਾ ਦਿੱਤਾ ਅਤੇ ਨਾਲ ਹੀ ਸੈਮੀਫ਼ਾਈਨਲ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ। ਸ਼੍ਰੀਲੰਕਾ ਦੀ ਅੱਠ ਮੈਚਾਂ ਵਿੱਚੋਂ ਇਹ ਤੀਜੀ ਜਿੱਤ ਹੈ ਅਤੇ ਉਸ ਦੇ ਅੱਠ ਅੰਕ ਹੋ ਗਏ ਹਨ। ਸ਼੍ਰੀਲੰਕਾ ਨੂੰ ਹੁਣ ਆਪਣਾ ਆਖਰੀ ਮੈਚ ਭਾਰਤ ਨਾਲ ਖੇਡਣਾ ਹੈ ਅਤੇ ਉਸ ਨੂੰ ਉਹ ਮੈਚ ਜਿੱਤਣ ਦੇ ਨਾਲ ਨਾਲ ਦੂਜੀਆਂ ਟੀਮਾਂ ਦੇ ਨਤੀਜਿਆਂ ‘ਤੇ ਵੀ ਨਜ਼ਰ ਰੱਖਣੀ ਪਵੇਗੀ। ਵਿੰਡੀਜ਼ ਨੂੰ ਅੱਠ ਮੈਚਾਂ ਵਿੱਚ ਛੇਵੀਂ ਹਾਰ ਦਾ ਸਾਹਮਣਾ ਕਰਨਾ ਪਿਆ। ਸ਼੍ਰੀਲੰਕਾ ਦੀਆਂ 339 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਵੈੱਸਟ ਇੰਡੀਜ਼ ਦੀ ਟੀਮ ਨਿਕੋਲਸ ਪੂਰਣ (118) ਦੇ ਕਰੀਅਰ ਦੇ ਪਹਿਲੇ ਸੈਂਕੜੇ ਤੇ ਫ਼ਾਬਿਐਨ ਐਲਨ (51) ਨਾਲ ਉਸ ਦੀ 7ਵੀਂ ਵਿਕਟ ਦੀ 83 ਦੌੜਾਂ ਦੀ ਸਾਂਝੇਦਾਰੀ ਦੇ ਬਾਵਜੂਦ 9 ਵਿਕਟਾਂ ‘ਤੇ 315 ਦੌੜਾਂ ਹੀ ਬਣਾ ਸਕੀ।












