ਮੀਰਪੁਰ: ਭਾਰਤੀ ਟੀਮ ਦੇ ਸੀਮਿਤ ਓਵਰਾਂ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਏਸ਼ੀਆ ਕੱਪ ਵਿੱਚ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ ਨੂੰ ਆਗਾਮੀ ਟੀ-20 ਵਿਸ਼ਵ ਕੱਪ ਵਿੱਚ ਹਾਲਾਤ ਅਨੁਸਾਰ ਖੇਡਣਾ ਹੋਵੇਗਾ।
ਸ਼ੇਰ-ਏ-ਬੰਗਲਾ ਸਟੇਡੀਅਮ ਵਿੱਚ ਭਾਰਤ-ਪਾਕਿਸਤਾਨ ਵਿੱਚਾਲੇ ‘ਮਹਾਮੁਕਾਬਲੇ’ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ ਭਾਰਤੀ ਟੀਮ ਦੇ ਕਪਤਾਨ ਧੋਨੀ ਨੇ ਮੈਚ ਤੋਂ ਬਾਅਦ ਕਿਹਾ, ”ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਲਈ ਇਹ ਮੈਚ ਸ਼ਾਨਦਾਰ ਰਿਹਾ। ਇਹ ਪਿੱਚ ਬੱਲੇਬਾਜ਼ੀ ਦੇ ਅਨੁਕੂਲ ਨਹੀਂ ਸੀ। ਸਾਡੀ ਟੀਮ ਦੇ ਬੱਲੇਬਾਜ਼ ਹਮਲਾਵਰ ਕ੍ਰਿਕਟ ਖੇਡਣਾ ਪਸੰਦ ਕਰਦੇ ਹਨ ਪਰ ਇਸ ਮੈਚ ਵਿੱਚ ਹਾਲਾਤ ਮੁਤਾਬਕ ਖੇਡਣਾ ਸੀ। ਵਿਸ਼ਵ ਕੱਪ ਵਿੱਚ ਇਹ ਹੀ ਯੋਜਨਾ ਕਾਫ਼ੀ ਕਾਰਗਾਰ ਸਾਬਤ ਹੋਵੇਗੀ।”
ਧੋਨੀ ਨੇ ਕਿਹਾ, ”ਸਾਨੂੰ ਲੱਗ ਰਿਹਾ ਸੀ ਕਿ ਵਿਸ਼ਵ ਕੱਪ ਤੋਂ ਪਹਿਲਾਂ ਇਹ ਮੈਚ ਅਭਿਆਸ ਦੇ ਤੌਰ ‘ਤੇ ਬਿਹਤਰ ਹੋਵੇਗਾ ਪਰ ਇਹ ਮੈਦਾਨ ਹਮਲਾਵਰ ਖੇਡ ਲਈ ਨਹੀਂ ਹਨ। ਜਦੋਂ ਤੁਸੀਂ ਮੈਚ ਤੇ ਹਾਲਾਤ ਸਮਝਦੇ ਹੋ ਤਾਂ ਇਹ ਬਿਹਤਰ ਹੈ। ਇਕ ਮੈਚ ਵਿੱਚ ਅਸੀਂ 170 ਦਾ ਸਕੋਰ ਕਰਦੇ ਹਾਂ ਪਰ ਅਜਿਹਾ ਲੱਗਦਾ ਹੈ ਕਿ 140 ਦਾ ਸਕੋਰ ਕਰ ਸਕਾਂਗੇ। ਆਪਣੀ ਟੀਮ ਦੇ ਬੱਲੇਬਾਜ਼ੀ ਪੱਧਰ ਅਤੇ ਕੁਝ ਚੰਗੇ ਓਵਰਾਂ ਦੀ ਮਦਦ ਨਾਲ ਅਸੀਂ 170 ਦਾ ਅੰਕੜਾ ਛੂਹਣ ਵਿੱਚ ਕਾਮਯਾਬ ਹੁੰਦੇ ਹਾਂ।”
34 ਸਾਲਾ ਕਪਤਾਨ ਨੇ ਕਿਹਾ, ”ਤੁਸੀਂ ਜਾਣਦੇ ਹੋ ਕਿ ਲੋਕ ਟੀ-20 ਮੈਚ ਵਿੱਚ ਚੌਕੇ-ਛੱਕੇ ਦੇਖਣ ਆਉਂਦੇ ਹਨ ਤੇ ਉਸਦਾ ਭਰਪੂਰ ਮਜ਼ਾ ਲੈਂਦੇ ਹਨ। ਅਜਿਹੇ ਵਿੱਚ ਤੁਸੀਂ ਕਦੇ ਨਹੀਂ ਚਾਹੁੰਦੇ ਕਿ 80 ਤੇ 100 ਵਰਗੇ ਘੱਟ ਸਕੋਰ ਹੋਣ। ਘੱਟ ਸਕੋਰ ਵੀ 130-135 ਤੇ ਵੱਧ ਸਕੋਰ 200 ਤੇ 240 ਵਿੱਚਾਲੇ ਹੋਣਾ ਚਾਹੀਦਾ ਹੈ ਪਰ ਇਕ ਹਮਲਾਵਰ ਟੀਮ ਹੋਣ ਦੇ ਬਾਵਜੂਦ 84 ਦੇ ਸਕੋਰ ਦਾ ਪਿੱਛਾ ਕਰਨਾ ਵੀ ਸਾਡੇ ਲਈ ਚੰਗਾ ਰਿਹਾ।”
ਧੋਨੀ ਨੇ ਵਿਰਾਟ ਕੋਹਲੀ ਦੀ ਫ਼ਾਰਮ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਦਬਾਅ ਵਿੱਚ ਵੀ ਦਿੱਲੀ ਦੇ ਇਸ ਬੱਲੇਬਾਜ਼ ਨੇ ਖੁਦ ਨੂੰ ਸਾਬਤ ਕੀਤਾ ਤੇ ਟੀਮ ਲਈ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। ਹਾਲਾਂਕਿ ਉਸ ਨੇ ਇਸ ਦੀ ਤੁਲਨਾਤਮਕ ਸਮੀਖਿਆ ਕਰਨ ਤੋਂ ਵੀ ਇਨਕਾਰ ਕੀਤਾ।
ਕੈਪਟਨ ਕੂਲ ਦੇ ਨਾਂ ਨਾਲ ਮਸ਼ਹੂਰ ਧੋਨੀ ਨੇ ਕਿਹਾ, ”ਵਿਰਾਟ ਦੇ ਪ੍ਰਦਰਸ਼ਨ ਵਿੱਚ ਨਿਰੰਤਰਾ ਹੈ ਤੇ ਉਹ ਟੀਮ ਲਈ ਸ਼ਾਨਦਾਰ ਯੋਗਦਾਨ ਦੇ ਰਿਹਾ ਹੈ। ਉਹ ਵਾਧੂ ਜ਼ਿੰਮੇਵਾਰੀ ਲੈਣ ਲਈ ਤਿਆਰ ਰਹਿੰਦਾ ਹੈ ਤੇ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ ਪਰ ਹਮੇਸ਼ਾ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਕਿਸੇ ਨਾਲ ਤੁਲਨਾ ਕਰੀਏ। ਹੋਰਨਾਂ ਬੱਲੇਬਾਜ਼ਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਤੇ ਮੈਂ ਨਿੱਜੀ ਤੌਰ ‘ਤੇ ਤੁਲਨਾ ਵਿੱਚ ਭਰੋਸਾ ਨਹੀਂ ਰੱਖਦਾ ਹਾਂ।”
ਉਸ ਨੇ ਕਿਹਾ, ”ਮੈਂ ਪੰਜ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਕਪਤਾਨੀ ਕਰ ਰਿਹਾ ਹਾਂ ਤੇ ਮੈਂ ਜਾਣਦਾ ਹਾਂ ਕਿ ਟੀਮ ਦਾ ਹਰ ਮੈਂਬਰ ਦਬਾਅ ਨੂੰ ਮਹਿਸੂਸ ਕਰਦਾ ਹੈ। ਜਦੋਂ ਹਾਲਾਤ ਮੁਸ਼ਕਿਲ ਹੁੰਦੇ ਹਨ ਤੇ ਵਿਕਟਾਂ ਡਿੱਗ ਰਹੀਆਂ ਹੁੰਦੀਆਂ ਹਨ, ਤਾਂ ਟੀਮ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ ਵੀ ਦਬਾਅ ਮਹਿਸੂਸ ਕਰਦੇ ਹਨ। ਮੇਰੇ ਲਈ ਯੁਵਰਾਜ ਨੇ ਵੀ ਚੰਗਾ ਖੇਡ ਦਿਖਾਇਆ। ਇਹ ਜ਼ਰੂਰੀ ਨਹੀਂ ਹੈ ਕਿ ਉਸ ਨੇ ਦੌੜਾਂ ਕਿੰਨੀਆਂ ਬਣਾਈਆਂ, ਸਗੋਂ ਇਹ ਵੀ ਜ਼ਰੂਰੀ ਹੈ ਕਿ ਉਹ ਮੈਦਾਨ ‘ਤੇ ਟਿਕਿਆ ਰਿਹਾ। ਉਮੀਦ ਹੈ ਕਿ ਉਹ ਅਗਾਮੀ ਮੈਚਾਂ ਵਿੱਚ ਖੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰੇਗਾ।”
ਧੋਨੀ ਨੇ ਆਪਣੀ ਟੀਮ ਦੇ ਗੇਂਦਬਾਜ਼ਾਂ ਦੀ ਜੰਮ ਕੇ ਸ਼ਲਾਘਾ ਕੀਤੀ। ਉਸ ਨੇ ਕਿਹਾ, ”ਗੇਂਦਬਾਜ਼ਾਂ ਨੇ ਮੈਚ ਬਣਾ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਟੂਰਨਾਮੈਂਟ ਵਿੱਚ ਤੇਜ਼ ਗੇਂਦਬਾਜ਼ਾਂ ਦਾ ਬੋਲਬਾਲਾ ਰਹੇਗਾ। ਸਾਡੀ ਟੀਮ ਦੇ ਹਰੇਕ ਵਿਭਾਗ ਵਿੱਚ ਮਜ਼ਬੂਤੀ ਆ ਚੁੱਕੀ ਹੈ। ਸਾਡੀ ਟੀਮ ਨੇ ਸ਼ਾਨਦਾਰ ਫ਼ੀਲਡਿੰਗ ਕੀਤੀ। ਇਸ ਵਿਭਾਗ ਵਿੱਚ ਤੁਹਾਨੂੰ ਬਿਹਤਰੀਨ ਪ੍ਰਦਰਸ਼ਨ ਕਰਨ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਇਕ ਰਨ ਆਊਟ ਵੀ ਮੈਚ ਨੂੰ ਆਪਣੇ ਪੱਖ ਵਿੱਚ ਖਿੱਚ ਲੈਂਦਾ ਹੈ।”










