ਮੁੰਬਈ: 2011 ‘ਚ ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦੇ ਹੀਰੋ ਰਹੇ ਯੁਵਰਾਜ ਸਿੰਘ ‘ਤੇ ਅਮਰੀਕਾ ਅਧਾਰਿਤ ਇਕ ਫ਼ਰਮ ਡਾਕਿਊਮੈਂਟਰੀ ਫ਼ਿਲਮ ਬਣਾਉਣ ਜਾ ਰਹੀ ਹੈ। ਇਕ ਅੰਗੇਜ਼ੀ ਅਖਬਾਰ ‘ਚ ਛਪੀ ਖਬਰ ਮੁਤਾਬਕ ਲਾਸ ਐਂਜਲਸ ਅਧਾਰਿਤ ਏਪੈਕਸ ਐਂਟਰਟੇਨਮੈਂਟ ਇਹ ਡਾਕਿਊਮੈਂਟਰੀ ਫ਼ਿਲਮ ਬਣਾਏਗਾ, ਜਿਸ ‘ਚ ਯੁਵਰਾਜ ਦੇ ਕ੍ਰਿਕਟ ਕੈਰੀਅਰ ਤੋਂ ਲੈ ਕੇ ਕੈਂਸਰ ਨਾਲ ਲੜਾਈ ਨੂੰ ਪੁਰੀ ਤਰ੍ਹਾਂ ਦਰਸਾਇਆ ਜਾਵੇਗਾ।
ਇਸ ਸਾਲ ਕ੍ਰਿਕਟ ਫ਼ੈਨਜ਼ ਨੂੰ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਬਣ ਰਰੀ ਫ਼ਿਲਮ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਹੈ ਅਤੇ ਹੁਣ ਫ਼ੈਨਜ਼ ਨੂੰ ਯੁਵਰਾਜ ਸਿੰਘ ‘ਤੇ ਬਣ ਰਹੀ ਫ਼ਿਲਮ ਦੇ ਜਲਦੀ ਆਉਣ ਦਾ ਵੀ ਇੰਤਜ਼ਾਰ ਰਹੇਗਾ। ਇਸ ਸਾਲ ਕ੍ਰਿਕਟ ਫ਼ੈਨਜ਼ ਨੂੰ ਕ੍ਰਿਕਟਰਾਂ ‘ਤੇ ਬਣ ਰਹੀਆਂ 2 ਫ਼ਿਲਮਾਂ ਦੇਖਣ ਨੂੰ ਮਿਲਣਗੀਆਂ। ਇਕ ਫ਼ਿਲਮ ਸਾਬਕਾ ਭਾਰਤੀ ਕਪਤਾਨ ਮੁਹੰਮਦ ਅਜ਼ਹਰੁਦੀਨ ਦੀ ਜਿੰਦਗੀ ‘ਤੇ ਬਣ ਰਹੀ ਹੈ ਅਤੇ ਦੂਜੀ ਮੌਜੂਦਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ‘ਤੇ ਬਣ ਰਹੀ ਫ਼ਿਲਮ ‘ਧੋਨੀ ਦਿ ਅਨਟੋਲਡ ਸਟੋਰੀ’ ਦੇਖਣ ਨੂੰ ਮਿਲੇਗੀ।
ਅਜ਼ਹਰ ਦੀ ਫ਼ਿਲਮ ਮਈ ਮਹੀਨੇ ‘ਚ ਅਤੇ ਧੋਨੀ ਦੀ ਫ਼ਿਲਮ ਸਤੰਬਰ ਮਹੀਨੇ ‘ਚ ਰਿਲੀਜ਼ ਹੋਵੇਗੀ। ਸੂਤਰਾਂ ਮੁਤਾਬਕ ਯੁਵਰਾਜ ਸਿੰਘ ‘ਤੇ ਬਣ ਰਹੀ ਫ਼ਿਲਮ ਦੀ ਜ਼ਿਆਦਾ ਸ਼ੂਟਿੰਗ ਭਾਰਤ ‘ਚ ਹੋਵੇਗੀ ਅਤ ਇਸ ਫ਼ਿਲਮ ‘ਚ ਯੁਵਰਾਜ ਦੇ ਕੈਰੀਅਰ ਦੇ ਪੁਰਾਣੇ ਫ਼ੁਟੇਜ਼ ਵੀ ਦੇਖਣ ਨੂੰ ਮਿਲਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਅਤੇ ਮਾਂ ਸ਼ਬਨਮ ਵੀ ਇਸ ਫ਼ਿਲਮ ‘ਚ ਭੂਮਿਕਾ ਨਿਭਾਉਣਗੇ ਅਤੇ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਦੀ ਸੰਭਾਵਨਾ ਹੈ।












