ਲੰਡਨ: ਵਿਗਿਆਨੀਆਂ ਨੇ ਐਕਸਰੇ ਅਤੇ ਰੇਡੀਓਐਕਟਿਵ ਕਣਾਂ ਦੇ ਰੇਡੀਏਸ਼ਨ (ਕਿਰਣਾਂ) ਨਾਲ ਕੈਂਸਰ ਹੋਣ ਦੀ ਪ੍ਰਕਿਰਿਆ ਦਾ ਪਤਾ ਲਗਾਇਆ ਹੈ। ਬਰਤਾਨੀਆ ਦੇ ‘ਵੈਲਕਮ ਟਰੱਸਟ ਸੈਂਗਰ ਇੰਸਟੀਚਿਊਟ’ ਦੇ ਖੋਜੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਇਹ ਪਤਾ ਲੱਗਣ ਨਾਲ ਰੇਡੀਏਸ਼ਨ ਦੇ ਕਾਰਨ ਕੈਂਸਰ ਨਾਲ ਪੀੜਤ ਹੋਏ ਵਿਅਕਤੀ ਨੂੰ ਖਾਸ ਅਤੇ ਸਹੀ ਇਲਾਜ ਦੇਣਾ ਸੰਭਵ ਹੋ ਸਕੇਗਾ।
ਵਿਗਿਆਨੀਆਂ ਨੇ ਕੈਂਸਰ ਦੇ ਇਸ ਤਰ੍ਹਾਂ ਦੇ ਡੀ.ਐੱਨ.ਏ ਪੈਟਰਨਾਂ ਦਾ ਪਤਾ ਲਗਾਇਆ ਹੈ, ਜਿਹੜੇ ਕਿ ਰੇਡੀਏਸ਼ਨ ਨਾਲ ਨੁਕਸਾਨ ਹੋਣ ਕਾਰਨ ਬਣਦੇ ਹਨ। ਇਨਾਂ ਪੈਟਰਨਾਂ ਦੀ ਮਦਦ ਨਾਲ ਡਾਕਟਰਾਂ ਲਈ ਇਹ ਜਾਣਨਾ ਸੌਖਾ ਹੋ ਜਾਵੇਗਾ ਕਿ ਕਿਹੜੇ ਵਿਅਕਤੀ ਨੂੰ ਰੇਡੀਏਸ਼ਨ ਦੇ ਪ੍ਰਭਾਵ ਨਾਲ ਕੈਂਸਰ ਹੋਇਆ ਹੈ। ਇਹ ਜਾਣਕਾਰੀ ਮਰੀਜ ਨੂੰ ਸਹੀ ਇਲਾਜ ਦੇਣ ‘ਚ ਮਦਦਗਾਰ ਹੋਵੇਗੀ। ਖੋਜਾਰਥੀ ਪੀਟਰ ਕੈਂਪਬੈਲ ਨੇ ਕਿਹਾ, ‘ਅਸੀਂ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦੇ ਸੀ ਕਿ ਰੇਡੀਏਸ਼ਨ ਕਿਸ ਤਰਾਂ ਕੈਂਸਰ ਦਾ ਕਾਰਨ ਬਣਦਾ ਹੈ। ਇਸ ਲਈ ਅਸੀਂ ਰੇਡੀਏਸ਼ਨ ਦੇ ਕਾਰਨ ਹੋਏ ਕੈਂਸਰ ਅਤੇ ਹੋਰ ਕਾਰਨਾਂ ਨਾਲ ਹੋਏ ਕੈਂਸਰ ਦੇ ਜੀਨੋਮ ਦੀ ਤੁਲਨਾ ਕੀਤੀ। ਇਸ ਤੁਲਨਾ ‘ਚ ਸਾਨੂੰ ਰੇਡੀਏਸ਼ਨ ਦੇ ਕਾਰਨ ਹੋਏ ਕੈਂਸਰ ਦੇ ਜੀਨੋਮ ‘ਚ ਦੋ ਖਾਸ ਕਿਸਮ ਦੇ ਪੈਟਰਨ ਦਿਖਾਈ ਦਿੱਤੇ।” ਉਮੀਦ ਕੀਤੀ ਜਾ ਰਹੀ ਹੈ ਕਿ ਇਸ ਖੋਜ ਮਗਰੋਂ ਹੁਣ ਡਾਕਟਰਾਂ ਨੂੰ ਵੀ ਇਲਾਜ ਕਰਨ ਵਿੱਚ ਆਸਾਨੀ ਹੋਵੇਗੀ।










