ਲੰਬੇ ਸਮੇਂ ਦੇ ਇੰਤਜ਼ਾਰ ਅਤੇ ਢੇਰ ਸਾਰੇ ਉਤਸ਼ਾਹ ਤੋਂ ਬਾਅਦ ਹੁਣ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਪਤੀ-ਪਤਨੀ ਬਣ ਚੁੱਕੇ ਹਨ। ਦੋਹਾਂ ਦੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਸਾਰੀਆਂ ਅਫ਼ਵਾਹਾਂ ਨੂੰ ਸੱਚ ਕਰਦਿਆਂ ਅਦਾਕਾਰ ਨੇ ਆਪਣੀ ਲੇਡੀ ਲਵ ਨਾਲ ਐਤਵਾਰ, 24 ਜਨਵਰੀ ਨੂੰ ਵਿਆਹ ਕਰਵਾ ਲਿਆ ਅਤੇ ਆਪਣੀ ਦੁਲਹਣ ਨਾਲ ਮੀਡੀਆ ਦੇ ਸਾਹਮਣੇ ਆ ਗਿਆ।
ਵਰੁਣ ਧਵਨ ਦੇ ਵਿਆਹ ਦੀਆਂ ਤਸਵੀਰਾਂ ਜਿਥੇ ਇੱਕ ਪਾਸੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਉਥੇ ਹੁਣ ਉਸ ਨੇ ਆਪਣੀ ਹਲਦੀ ਸੈਰੇਮਨੀ ਦੀਆਂ ਕੁੱਝ ਤਸਵੀਰਾਂ ਇਨਸਟਾਗ੍ਰੈਮ ‘ਤੇ ਸਾਂਝੀਆਂ ਕੀਤੀਆਂ ਹਨ। ਵਰੁਣ ਧਵਨ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ‘ਚ ਉਸ ਦੇ ਹਲਦੀ ਲੱਗੀ ਹੈ ਅਤੇ ਉਹ ਅੱਖਾਂ ‘ਤੇ ਐਨਕਾਂ ਲਗਾ ਕੇ ਸੁਪਰਮੈਨ ਵਾਂਗ ਪੋਜ਼ ਦੇ ਰਿਹਾ ਹੈ।
ਇੱਕ ਹੋਰ ਤਸਵੀਰ ‘ਚ ਵਰੁਣ ਧਵਨ ਨੂੰ ਉਸ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਦੇਖਿਆ ਜਾ ਸਕਦਾ ਹੈ। ਇਸ ਗਰੁੱਪ ‘ਚ ਤੁਸੀਂ ਸਾਰਿਆਂ ਨੂੰ ਟੀਮ ਵੀਰ, ਟੀਮ ਹੰਪਟੀ ਅਤੇ ਟੀਮ ਰਘੂ ਦੇ ਨਾਂ ਦੀ ਟੀ-ਸ਼ਰਟ ਪਹਿਨੇ ਦੇਖ ਸਕਦੇ ਹੋ। ਇਹ ਸਭ ਵਰੁਣ ਦੀਆਂ ਫ਼ਿਲਮਾਂ ਦੇ ਕਿਰਦਾਰਾਂ ਦੇ ਨਾਂ ਹਨ। ਤਸਵੀਰ ‘ਚ ਜੋਆ ਮੋਰਾਨੀ ਨੂੰ ਵੀ ਦੇਖਿਆ ਜਾ ਸਕਦਾ ਹੈ।
ਤਸਵੀਰ ਸਾਂਝੀ ਕਰਦਿਆਂ ਵਰੁਣ ਧਵਨ ਨੇ ਲਿਖਿਆ, ”ਹਲਦੀ ਜ਼ਬਰਦਸਤ ਢੰਗ ਨਾਲ।” ਦੱਸਣਯੋਗ ਹੈ ਕਿ ਐਤਵਾਰ ਰਾਤ ਵਿਆਹ ਤੋਂ ਬਾਅਦ ਵਰੁਣ ਧਵਨ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਇਨਸਟਾਗ੍ਰੈਮ ‘ਤੇ ਸਾਂਝੀਆਂ ਕਰ ਕੇ ਐਲਾਨ ਕਰ ਦਿੱਤਾ ਸੀ ਕਿ ਹੁਣ ਉਹ ਹਮੇਸ਼ਾ ਲਈ ਨਤਾਸ਼ਾ ਦਲਾਲ ਦਾ ਹੋ ਗਿਆ ਹੈ। ਵਰੁਣ ਨੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਇੱਕ ਤਸਵੀਰ ‘ਚ ਉਨ੍ਹਾਂ ਨੂੰ ਨਤਾਸ਼ਾ ਨਾਲ ਫ਼ੇਰੇ ਲੈਂਦੇ ਦੇਖਿਆ ਜਾ ਸਕਦਾ ਹੈ।
ਉਥੇ ਦੂਜੀ ਤਸਵੀਰ ‘ਚ ਉਹ ਤੇ ਨਤਾਸ਼ਾ ਮੰਡਪ ‘ਚ ਬੈਠੇ ਹੱਸ ਰਹੇ ਹਨ। ਤਸਵੀਰ ‘ਚ ਵਰੁਣ ਦੇ ਪਿਤਾ ਡੇਵਿਡ ਧਵਨ ਨੂੰ ਵੀ ਉਨ੍ਹਾਂ ਦੇ ਪਿੱਛੇ ਖੜ੍ਹੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਵਰੁਣ ਧਵਨ ਨੇ ਲਿਖਿਆ, ”ਜ਼ਿੰਦਗੀ ਭਰ ਦਾ ਪਿਆਰ ਅੱਜ ਮੁਕੰਮਲ ਹੋ ਗਿਆ।”
ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ। ਦੋਹੇਂ ਬਹੁਤ ਖ਼ੂਬਸੂਰਤ ਲੱਗ ਰਹੇ ਹਨ। ਵਿਆਹ ਦੀਆਂ ਤਸਵੀਰਾਂ ਵਰੁਣ ਧਵਨ ਦੀ PR ਟੀਮ ਨੇ ਜਾਰੀ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਨੂੰ ਕਾਫ਼ੀ ਖ਼ੁਸ਼ ਦੇਖਿਆ ਜਾ ਸਕਦਾ ਹੈ। ਦੋ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ। ਇੱਕ ‘ਚ ਵਰੁਣ ਧਵਨ ਨਤਾਸ਼ਾ ਦਲਾਲ ਦਾ ਹੱਥ ਫ਼ੜੇ ਫ਼ੇਰੇ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ‘ਚ ਦੋਹੇਂ ਕਾਫ਼ੀ ਖ਼ੂਬਸੂਰਤ ਨਜ਼ਰ ਆ ਰਹੇ ਹਨ। ਦੋਹਾਂ ਨੇ ਰਿਵਾਇਤੀ ਅੰਦਾਜ਼ ‘ਚ ਕੱਪੜੇ ਪਾਏ ਹੋਏ ਹਨ।
ਦੂਸਰੇ ਤਸਵੀਰ ‘ਚ ਵਰੁਣ ਧਵਨ ਅਤੇ ਨਤਾਸ਼ਾ ਦਲਾਲ ਬੈਠੇ ਹੋਏ ਤੇ ਪਰਿਵਾਰ ਦੋਵਾਂ ‘ਤੇ ਫੁੱਲਾਂ ਦੀ ਬਰਸਾਤ ਕਰ ਰਹੇ ਹਨ। ਪਿਤਾ ਡੇਵਿਡ ਧਵਨ ਵੀ ਤਸਵੀਰ ‘ਚ ਨਜ਼ਰ ਆ ਰਹੇ ਹਨ ਅਤੇ ਸਾਰੇ ਵਰੁਣ ਤੇ ਨਤਾਸ਼ਾ ਨੂੰ ਅਸ਼ੀਰਵਾਦ ਦੇ ਰਹੇ ਹਨ। ਇਹ ਤਸਵੀਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਵਰੁਣ ਧਵਨ ਨਤਾਸ਼ਾ ਦਲਾਲ ਨੂੰ ਬਚਪਨ ਤੋਂ ਹੀ ਜਾਣਦੇ ਹਨ। ਦੋਹਾਂ ਦਾ ਪਿਆਰ ਕਈ ਸਾਲਾਂ ਤੋਂ ਚੱਲ ਰਿਹਾ ਸੀ। ਦੋਹਾਂ ਨੇ ਵਿਆਹ ਕਰਵਾ ਕੇ ਇਸ ‘ਤੇ ਹਮੇਸ਼ਾ ਲਈ ਮੋਹਰ ਲਾ ਦਿੱਤੀ ਹੈ। ਵਰੁਣ ਧਵਨ ਅਤੇ ਨਤਾਸ਼ਾ ਦਲਾਲ ਦਾ ਵਿਆਹ ਅਲੀਬਾਗ ਦੇ ਦਾ ਮੈਨਸ਼ਨ ਹਾਊਸ’ ‘ਚ ਹੋਇਆ ਹੈ। ਦੋਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤੀਆਂ ਜਾ ਰਹੀਆਂ ਹਨ।












