ਲੋਕ ਸਭਾ ਚੋਣਾਂ ਨੂੰ ਲੈ ਕੇ ‘AAP’-ਕਾਂਗਰਸ ਨੇ ਖਿੱਚੀ ਤਿਆਰੀ, ਸੀਟਾਂ ਨੂੰ ਲੈ ਕੇ ਹੋਇਆ ਗਠਜੋੜ

ਨਵੀਂ ਦਿੱਲੀ- ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸ ਵਿਚਾਲੇ ਗਠਜੋੜ ਹੋ ਗਿਆ। ਸ਼ਨੀਵਾਰ ਯਾਨੀ ਕਿ ਅੱਜ ਦੋਹਾਂ ਪਾਰਟੀਆਂ ਵਲੋਂ ਇਸ ਦਾ ਐਲਾਨ ਕੀਤਾ ਗਿਆ। ਦਿੱਲੀ, ਗੁਜਰਾਤ, ਹਰਿਆਣਾ ਅਤੇ ਗੋਆ ਵਿਚ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨਗੀਆਂ। ਦਿੱਲੀ ਵਿਚ ‘AAP’ 7 ਸੀਟਾਂ ‘ਚੋਂ 4 ਸੀਟਾਂ- ਪੱਛਮੀ ਦਿੱਲੀ, ਦੱਖਣੀ ਦਿੱਲੀ, ਪੂਰਬੀ ਦਿੱਲੀ ਅਤੇ ਨਵੀਂ ਦਿੱਲੀ ‘ਚ ਚੋਣ ਲੜੇਗੀ। ਜਦਕਿ ਕਾਂਗਰਸ- ਚਾਂਦਨੀ ਚੌਕ, ਉੱਤਰੀ-ਪੂਰਬੀ ਦਿੱਲੀ ਅਤੇ ਉੱਤਰੀ-ਪੱਛਮੀ ਦਿੱਲੀ ਸੀਟ ਤੋਂ ਚੋਣ ਲੜੇਗੀ।
ਗੁਜਰਾਤ ਵਿਚ 26 ਸੀਟਾਂ ‘ਚੋਂ 24 ਸੀਟਾਂ ‘ਤੇ ਕਾਂਗਰਸ ਲੜੇਗੀ, ਉੱਥੇ ਹੀ ‘AAP’ ਪਾਰਟੀ ਗੁਜਰਾਤ ਦੀਆਂ ਦੋ ਲੋਕ ਸਭਾ ਸੀਟਾਂ- ਭਰੂਚ ਅਤੇ ਭਾਵਨਗਰ ‘ਤੇ ਚੋਣ ਲੜੇਗੀ। ਹਰਿਆਣਾ ਵਿਚ ਇਕ ਸੀਟ ਕੁਰੂਕਸ਼ੇਤਰ ਆਮ ਆਦਮੀ ਦੇ ਖਾਤੇ ਵਿਚ ਗਈ ਹੈ। ਚੰਡੀਗੜ੍ਹ ਸੀਟ ‘ਤੇ ਕਾਂਗਰਸ ਚੋਣ ਲੜੇਗੀ। ਨਾਲ ਹੀ ਗੋਆ ਦੀਆਂ ਦੋ ਸੀਟਾਂ ‘ਤੇ ਕਾਂਗਰਸ ਹੀ ਚੋਣ ਲੜੇਗੀ। ‘AAP’ ਦੱਖਣੀ ਗੋਆ ਵਿਚ ਆਪਣੇ ਐਲਾਨੇ ਉਮੀਦਵਾਰ ਦਾ ਨਾਂ ਵਾਪਸ ਲਵੇਗੀ। ਪੰਜਾਬ ਵਿਚ ਦੋਹਾਂ ਪਾਰਟੀਆਂ ਨੇ ਵੱਖ-ਵੱਖ ਚੋਣਾਂ ਲੜਨ ਦਾ ਐਲਾਨ ਕੀਤਾ ਹੈ।