ਰੱਜੋ ਮਹਿਰੀ

kahaniyaਅੱਜ ਫ਼ਿਰ ਸਾਡੇ ਘਰ ਬਰਤਨ ਮਾਂਜਣ ਵਾਲੀ ਰੱਜੋ ਮਹਿਰੀ ਕੰਮ ‘ਤੇ ਨਾ ਆਈ। ਬੀਵੀ ਨੇ ਗੁੱਸਾ ਮੇਰੇ ‘ਤੇ ਕੱਢਿਆ, ”ਇਹ ਸੜ ਜਾਣੀ ਰੱਜੋ ਤਾਂ ਨਿਰੀ ਆਫ਼ਤ ਹੈ ਆਫ਼ਤ। ਮਹੀਨੇ ਵਿੱਚ ਪੰਜ-ਛੇ ਨਾਗੇ ਕਰਨਾ ਤਾਂ ਉਸ ਦੀ ਆਦਤ ਬਣ ਗਈ ਹੈ। ਜਦੋਂ ਵੇਖੋ ਛੁੱਟੀ ਮਾਰ ਜਾਂਦੀ ਹੈ। ੩ਤੇ ਇਹ ਸਭ ਤੁਹਾਡਾ ਹੀ ਕਸੂਰ ਏ ਜੀ। ਜਦੋਂ ਦੇਖੋ ਉਸ ਦੇ ਘਰਵਾਲੇ ਨੂੰ ਕੁਝ ਨਾ ਕੁਝ ਦੇ ਦਿੰਦੇ ਹੋ।”
ਮੈਂ ਸਮਝ ਗਿਆ ਕਿ ਸ੍ਰੀਮਤੀ ਜੀ ਦਾ ਨਜ਼ਲਾ ਬਿਨਾਂ ਵਜ੍ਹਾ ਮੇਰੇ ‘ਤੇ ਹੀ ਡਿੱਗੇਗਾ। ਇਸ ਲਈ ਮੈਂ ਚੁੱਪ-ਚਾਪ ਆਪਣੇ ਸਟੱਡੀ ਰੂਮ ‘ਚ ਚਲਿਆ ਆਇਆ ਤੇ ਟਾਲਸਟਾਏ ਦੀ ਇੱਕ  ਕਿਤਾਬ ਪੜ੍ਹਨ ਬੈਠ ਗਿਆ। ਅਜੇ ਮੈਂ ਅੱਧਾ ਸਫ਼ਾ ਹੀ ਪੜ੍ਹਿਆ ਸੀ ਕਿ ਬੀਵੀ ਦੂਰ ਤੋਂ ਹੀ ਬੁੜਬੁੜਾਉਂਦੀ ਹੋਈ ਸਟੱਡੀ ਰੂਮ ਵਿੱਚ ਦਾਖਲ ਹੋ ਗਈ। ਇਸ ਤੋਂ ਪਹਿਲਾਂ ਕਿ ਮੈਂ ਉਸ ਕਿਤਾਬ ਤੋਂ ਨਜ਼ਰਾਂ ਹਟਾ ਕੇ ਉਸ ਵੱਲ ਦੇਖਦਾ, ਉਹ ਮੇਰੇ ਨਜ਼ਦੀਕ ਆ ਕੇ ਜ਼ੋਰ ਦੀ ਦਹਾੜੀ, ”ਤੁਸੀਂ ਵੀ ਕਮਾਲ ਦੇ ਆਦਮੀ ਹੋ ਜੀ। ਮੈਂ ਉਸ ਭੈੜੇ ਮੂੰਹ ਵਾਲੀ ਰੱਜੋ ਦਾ ਰੋਣਾ ਰੋ ਰਹੀ ਸੀ ਤੇ ਤੁਸੀਂ ਚੁੱਪ-ਚਾਪ ਇੱਥੇ ਤਸ਼ਰੀਫ਼ ਲੈ ਆਏ। ਸ੍ਰੀਮਾਨ ਜੀ, ਕੰਨ ਖੋਲ੍ਹ ਕੇ ਸੁਣ ਲਵੋ, ਮੈਂ ਹੁਣ ਉਸ ਜ਼ਨਾਨੀ ਨੂੰ ਘਰ ਵਿੱਚ ਨਹੀਂ ਵੜਨ ਦਿਆਂਗੀ।”
ਬੀਵੀ ਦੀ ਗੁਸੈਲ ਗੱਲ ਸੁਣ ਕੇ ਮੈਂ ਮੁਸਕਰਾਇਆ, ”ਆਖ਼ਰ ਇੰਨਾ ਰੌਲਾ ਕਿਉਂ ਪਾ ਰਹੀ ਹੈਂ? ਜੇ ਅੱਜ ਉਹ ਕਿਸੇ ਵਜ੍ਹਾ ਨਾਲ ਨਹੀਂ ਆ ਸਕੀ ਤਾਂ ਕੱਲ੍ਹ ਆ ਜਾਵੇਗੀ।” ਸੁਣ ਕੇ ਉਹ ਹੋਰ ਭੜਕ ਪਈ, ”ਪਤੀ ਦੇਵ ਜੀ ਰੌਲਾ ਨਾ ਪਾਵਾਂ ਤਾਂ ਹੋਰ ਕੀ ਕਰਾਂ? ਹੁਣ ਇਹ ਢੇਰ ਸਾਰੇ ਭਾਂਡੇ ਕੀ ਤੁਸੀਂ ਸਾਫ਼ ਕਰੋਗੇ?”
”ਤਾਂ ਕੀ ਹੋਇਆ ਮੈਡਮ! ਸਾਡੇ ਆਪਣੇ ਹੀ ਤਾਂ ਹਨ। ਆ ਮਿਲ ਕੇ ਸਾਫ਼ ਕਰ ਲੈਂਦੇ ਹਾਂ।” ਮੈਂ ਕਿਤਾਬ ਨੂੰ ਕੋਲ ਹੀ ਪਈ ਤਿਪਾਈ ‘ਤੇ ਰੱਖ ਕੇ ਉੱਠਦੇ ਹੋਏ ਸੁਝਾਅ ਦਿੱਤਾ। ਉਹ ਫ਼ਿਰ ਹੱਥ ਨਚਾ ਕੇ ਬੋਲੀ, ”ਕੀ ਕਿਹਾ, ਅਸੀਂ ਖ਼ੁਦ ਸਾਫ਼ ਕਰ ਲਈਏ? ਤਾਂ ਕੀ ਅਸੀਂ ਉਸ ਰੱਜੋ ਦਾ ਅਚਾਰ ਪਾ?ੁਣਾ ਹੈ? ਮੈਂ ਤਾਂ ਆਪਣੇ ਪੇਕੇ ਜੂਠਾ ਬਰਤਨ ਤਕ ਚੁੱਕ ਕੇ ਨਹੀਂ ਰੱਖਿਆ ਸੀ ਤੇ ਇੱਥੇ ਤੁਸੀਂ ਸਾਫ਼ ਕਰਨ ਲਈ ਕਹਿ ਰਹੇ ਹੋ। ਤੁਸੀਂ ਕਰ ਸਕਦੇ ਹੋ ਤਾਂ ਕਰ ਲਵੋ, ਮੈਂ ਹੱਥ ਨਹੀਂ ਲਾਵਾਂਗੀ।”
”ਤੂੰ ਤਾਂ ਖ਼ਾਹ-ਮਖ਼ਾਹ ਉਸ ‘ਤੇ ਵਿਗੜ ਰਹੀ ਹੈਂ। ਹੋ ਗਿਆ ਹੋਵੇਗਾ ਉਸ ਨੂੰ ਕੋਈ ਜ਼ਰੂਰੀ ਕੰਮ ਤਾਂ ਹੀ ਉਹ ਆਈ ਨਹੀਂ। ਕੱਲ੍ਹ ਆਵੇਗੀ ਤਾਂ ਮੈਂ ਵੀ ਸਮਝਾ ਦਿਆਂਗਾ।” ਮੈਂ ਪਤਨੀ ਦੇ ਮੋਢੇ ‘ਤੇ ਹੱਥ ਰੱਖਦਿਆਂ ਸਮਝਾਇਆ। ਉਹ ਮੇਰਾ ਹੱਥ ਝਟਕਦੇ ਇੰਜ ਦੂਰ ਜਾ ਖੜ੍ਹੀ ਹੋਈ ਜਿਵੇਂ ਮੈਂ ਉਸ ਦਾ ਪਤੀ ਨਾ ਹੋ ਕੇ ਕੋਈ ਪਰਾਇਆ ਮਰਦ ਹੋਵਾਂ।
ਮੈਨੂੰ ਉਸ ਦਾ ਇਹ ਰਵੱਈਆ ਕੁਝ ਠੀਕ ਨਾ ਲੱਗਾ। ਮੈਂ ਗੰਭੀਰ ਆਵਾਜ਼ ਵਿੱਚ ਬੋਲਿਆ, ”ਇਤਨਾ ਗੁੱਸਾ ਠੀਕ ਨਹੀਂ ਸ਼ਾਰਦਾ। ਬਰਤਨ ਹੀ ਤਾਂ ਹਨ। ਕੱਲ੍ਹ ਆ ਕੇ ਉਹ ਇਕੱਠੇ ਹੀ ਸਾਫ਼ ਕਰ ਲਵੇਗੀ। ਅੱਜ ਤੂੰ ਫ਼ਾਲਤੂ ਸਾਂਭੇ ਭਾਂਡਿਆਂ ਨਾਲ ਕੰਮ ਚਲਾ ਲੈ।”
”ਦੇਖੋ ਜੀ, ਤੁਸੀਂ ਮੁੜ ਉਸ ਦਾ ਪੱਖ ਪੂਰ ਰਹੇ ਹੋ। ਮੈਂ ਤਾਂ ਉਸ ਦੀ ਪੱਕੀ ਛੁੱਟੀ ਕਰਾਂਗੀ।” ਉਹ ਫ਼ਿਰ ਢੀਠਤਾਈ ਨਾਲ ਖਿੱਝ ਕੇ ਬੋਲੀ। ਮੈਂ ਉੱਥੇ ਹੀ ਖੜੋ ਕੇ ਫ਼ਿਰ ਸਮਝਾਉਣਾ ਚਾਹਿਆ, ”ਉਸ ਨੂੰ ਕੋਈ ਮਜਬੂਰੀ ਹੋ ਗਈ ਹੋਵੇਗੀ ਭਾਗਵਾਨੇ। ਤੂੰ ਤਾਂ ਜਾਣਦੀ ਹੈਂ ਕਿ ਉਸ ਦਾ ਘਰਵਾਲਾ ਭੀਮਾ ਕਿੰਨਾ ਜ਼ਾਲਮ ਤੇ ਸ਼ਰਾਬੀ ਆਦਮੀ ਹੈ। ਔਰਤ ਤੇ ਬੱਚਿਆਂ ਨਾਲ ਸਦਾ ਪਾਗਲ ਕੁੱਤੇ ਦੀ ਤਰ੍ਹਾਂ ਪੇਸ਼ ਆਉਂਦਾ ਹੈ। ਹੋ ਸਕਦਾ ਹੈ ਅੱਜ ਫ਼ਿਰ ਰੱਜੋ ਨੂੰ ਕੁੱਟ ਸੁੱਟਿਆ ਹੋਵੇ ਤੇ ਉਹ ਹਮੇਸ਼ਾਂ ਦੀ ਤਰ੍ਹਾਂ ਦੁਖੀ ਹੋ ਕੇ ਆਪਣੇ ਪੇਕੇ ਚਲੀ ਗਈ ਹੋਵੇ।” ”ਉਹੀ ਭੈੜੀ ਹੈ। ਮੈਂ ਸਭ ਜਾਣਦੀ ਹਾਂ, ਉਹ ਮੁਹੱਲੇ ਦੇ ਕਈ ਬੰਦਿਆਂ ਨਾਲ ਅੱਖ-ਮਟੱਕਾ ਕਰਦੀ ਹੈ। ਤਾਂ ਹੀ ਉਸ ਦਾ ਆਦਮੀ ਉਸ ਨੂੰ ਜੁੱਤੀਆਂ ਫ਼ੇਰਦਾ ਹੈ।” ਬੀਵੀ ਨੇ ਹੱਥ ਹਿਲਾ ਕੇ ਜਿਵੇਂ ਮੈਨੂੰ ਜਾਣਕਾਰੀ ਦੇਣ ਦੇ ਅੰਦਾਜ਼ ਵਿੱਚ ਕਿਹਾ। ਮੈਂ ਉਸ ਦੀ ਇਸ ਗ਼ੈਰ-ਜ਼ਿੰਮੇਵਾਰਾਨਾ ਗੱਲ ‘ਤੇ ਨਾਰਾਜ਼ ਹੋ ਗਿਆ। ਥੋੜ੍ਹੀ ਤਿੱਖੀ ਆਵਾਜ਼ ਵਿੱਚ ਬੋਲਿਆ, ”ਕਿਸੇ ‘ਤੇ ਇੰਜ ਇਲਜ਼ਾਮ ਲਗਾਉਣਾ ਠੀਕ ਨਹੀਂ।” ਤੇ ਇਹ ਕਹਿ ਕੇ ਮੈਂ ਸਟੱਡੀ ਰੂਮ ‘ਚੋਂ ਨਿਕਲ ਕੇ ਘਰ ਤੋਂ ਬਾਹਰ ਚਲਾ ਆਇਆ। ਮੈਂ ਜਾਣਦਾ ਸੀ ਕਿ ਜੇ ਕੁਝ ਦੇਰ ਇਸੇ ਤਰ੍ਹਾਂ ਚਖ਼-ਚਖ਼ ਚੱਲਦੀ ਰਹੀ ਤਾਂ ਝਗੜਾ ਹੋ ਜਾਵੇਗਾ।
ਅਗਲੇ ਦਿਨ ਰੱਜੋ ਮਹਿਰੀ ਆਪਣੇ ਰੋਜ਼ਾਨਾ ਦੇ ਵਕਤ ਤੋਂ ਅੱਧਾ ਘੰਟਾ ਪਹਿਲਾਂ ਹੀ ਸਾਡੇ ਘਰ ਆ ਗਈ। ਮੈਂ ਪਹਿਲੀ ਨਜ਼ਰੇ ਹੀ ਦੇਖ ਲਿਆ ਕਿ ਉਸ ਨੂੰ ਕੁੱਟਿਆ ਗਿਆ ਹੈ ਕਿਉਂਕਿ ਉਸ ਦੀ ਖੱਬੀ ਅੱਖ ‘ਤੇ ਇੱਕ ਨਿੱਕਾ ਜਿਹਾ ਤਾਜ਼ਾ ਜ਼ਖ਼ਮ ਸੀ ਤੇ ਮੂੰਹ ਵੀ ਸੁੱਜਿਆ ਹੋਇਆ ਸੀ। ਮੈਂ ਪਹਿਲਾਂ ਤਾਂ ਉਸ ਤੋਂ ਜਾਣਨਾ ਚਾਹਿਆ, ਪਰ ਫ਼ਿਰ ਚੁੱਪ ਰਹਿ ਗਿਆ। ਮੈਂ ਜਾਣਦਾ ਸੀ ਕਿ ਮੈਂ ਗੱਲ ਛੇੜੀ ਤਾਂ ਪਤਨੀ ਬਿਨਾਂ ਬੱਦਲ ਵਰ੍ਹ ਪਵੇਗੀ। ਪਰ ਮੈਂ ਇਹ ਵੀ ਸਮਝ ਗਿਆ ਸੀ ਕਿ ਰੱਜੋ ਆਪ ਹੀ ਮੈਨੂੰ ਆਪਣੇ ਖਾਵੰਦ ਦੀ ਬਦਸਲੂਕੀ ਬਾਰੇ ਦੱਸੇਗੀ।
ਅਜੇ ਉਹ ਬਰਤਨਾਂ ਨੂੰ ਸਾਫ਼ ਕਰਨ ਲਈ ਸਰਫ਼ ਬਾਲਟੀ ਵਿੱਚ ਘੋਲ ਹੀ ਰਹੀ ਸੀ ਕਿ ਰਸੋਈ ਵਿੱਚੋਂ ਸ੍ਰੀਮਤੀ ਦੀ ਤਿੱਖੀ ਆਵਾਜ਼ ਉੱਭਰੀ, ”ਰੱਜੋ! ਜ਼ਰਾ ਅੰਦਰ ਆ।” ਮੈਂ ਸਮਝ ਗਿਆ ਕਿ ਵਿੱਚਾਰੀ ਦੀ ਸ਼ਾਮਤ ਆਈ। ਮੈਂ ਆਪਣੇ ਕੰਨ ਰਸੋਈ ਵੱਲ ਲਾਈ ਕੁਰਸੀ ‘ਤੇ ਬੈਠਾ ਅਖ਼ਬਾਰ ਨੂੰ ਐਵੇਂ ਹੀ ਦੇਖਣ ਲੱਗਾ। ਰੱਜੋ ਭਾਂਡਿਆਂ ਦੇ ਕੋਲੋਂ ਉੱਠ ਕੇ ਰਸੋਈ ਘਰ ਵਿੱਚ ਚਲੀ ਗਈ। ਬੀਵੀ ਚੀਖੀ, ”ਇਹ ਰੋਜ਼-ਰੋਜ਼ ਤੇਰਾ ਰਫ਼ੂਚੱਕਰ ਹੋ ਜਾਣਾ ਕਿੱਥੇ ਦੀ ਸ਼ਰਾਫ਼ਤ ਹੈ ਰੱਜੋ? ਜਦੋਂ ਦੇਖੋ ਫ਼ਰਲੋ ਮਾਰ ਜਾਂਦੀ ਹੈਂ। ਕੱਲ੍ਹ ਫ਼ਿਰ ਤੂੰ ਨਹੀਂ ਆਈ?” ਇਸ ‘ਤੇ ਰੱਜੋ ਦੀ ਮਰੀ ਜਿਹੀ ਆਵਾਜ਼ ਸੁਣਾਈ ਦਿੱਤੀ, ”ਬੀਬੀ ਜੀ, ਮੇਰਾ ਮੂੰਹ ਦੇਖ ਰਹੇ ਹੋ? ਉਸ ਜ਼ਾਲਮ ਦੀ ਕੋਈ ਇੱਕ ਜੁੱਤੀ ਪਈ ਹੁੰਦੀ ਤਾਂ ਸਬਰ ਕਰ ਲੈਂਦੀ। ਪਰ ਹਾਏ ਨੀ ਕਾਲੀ ਕਿਸਮਤੇ! ਕੁੱਟਦਿਆਂ-ਕੁੱਟਦਿਆਂ ਉਹ ਉਦੋਂ ਹੀ ਰੁਕਿਆ ਜਦੋਂ ਤਕ ਮੈਂ ਬੇਹੋਸ਼ ਨਾ ਹੋ ਗਈ।”
ਸੁਣ ਕੇ ਮੈਂ ਸਮਝ ਗਿਆ ਕਿ ਮੇਰਾ ਸੋਚਣਾ ਠੀਕ ਸੀ। ਉਹ ਆਪਣੇ ਖਾਵੰਦ ਤੋਂ ਫ਼ਿਰ ਮਾਰ ਖਾ ਕੇ ਆਈ ਸੀ, ਪਰ ਪਤਨੀ ਨੇ ਉਸ ਦੀ  ਗੱਲ ਨੂੰ ਅਣਸੁਣੀ ਕਰਦਿਆਂ ਕਿਹਾ, ”ਰਹਿਣ ਦੇ ਰਹਿਣ ਦੇ ਰੱਜੋ, ਤੇਰਾ ਤਾਂ ਰੋਜ਼ ਦਾ ਇਹ ਬਹਾਨਾ ਬਣ ਗਿਆ ਹੈ। ਜਦੋਂ ਦੇਖੋ ਇਹੀ ਰੋਣਾ ਲੈ ਕੇ ਚਲੀ ਆਉਂਦੀ ਹੈਂ। ਕੰਨ ਖੋਲ੍ਹ ਕੇ ਸੁਣ ਲੈ, ਜੇ ਹੁਣ ਤੂੰ ਕਿਸੇ ਦਿਨ ਨਾਗਾ ਕੀਤਾ ਤਾਂ ਮੈਂ ਕੋਈ ਦੂਜੀ ਮਹਿਰੀ ਰੱਖ ਲਵਾਂਗੀ, ਹਾਂ ਨਹੀਂ ਤਾਂ।”
ਤੇ ਪਤਨੀ ਗੁੱਸੇ ਵਿੱਚ ਭੁੱਜਦੀ ਹੋਈ ਰਸੋਈ ਵਿੱਚ ਪਏ ਭਾਂਡਿਆਂ ਨੂੰ ਇੱਧਰ-ਉੱਧਰ ਰੱਖਦਿਆਂ ਜ਼ੋਰ-ਜ਼ੋਰ ਦੀ ਪਟਕਣੀਆਂ ਦੇਣ ਲੱਗ ਪਈ। ਰੱਜੋ ਚੁੱਪ-ਚਾਪ ਬਾਹਰ ਆ ਕੇ ਬਰਤਨ ਸਾਫ਼ ਕਰਨ ਲਈ ਬੈਠ ਗਈ। ਕੁਝ ਘੜੀਆਂ ਮੈਂ ਬੈਠਾ ਸੋਚਦਾ ਰਿਹਾ ਤੇ ਫ਼ਿਰ ਜਦੋਂ ਮਨ ‘ਤੇ ਕਾਬੂ ਨਾ ਰਿਹਾ ਤਾਂ ਉੱਠ ਕੇ ਬਾਹਰ ਵਿਹੜੇ ਵਿੱਚ ਉਸ ਤੋਂ ਥੋੜ੍ਹਾ ਹਟ ਕੇ ਪਈ ਮੰਜੀ ‘ਤੇ ਬਹਿੰਦਿਆਂ ਪੁੱਛਿਆ, ”ਕਿਉਂ ਰੱਜੋ, ਕਿਉਂ ਮਾਰਿਆ ਭੀਮੇ ਨੇ ਤੈਨੂੰ?” ਸੁਣ ਕੇ ਉਸ ਨੇ ਇੱਕ ਵਾਰੀ ਨਜ਼ਰਾਂ ਚੁੱਕ ਕੇ ਮੇਰੇ ਵੱਲ ਉਦਾਸੀ ਨਾਲ ਤੱਕਿਆ ਤੇ ਅੱਖਾਂ ਨੀਵੀਆਂ ਕਰ ਕੇ ਭਰੇ ਗਲੇ ਨਾਲ ਬੋਲੀ, ”ਕੀ ਦੱਸਾਂ ਬਾਬੂ, ਗੱਲ ਹੀ ਕੁਝ ਐਸੀ ਹੈ ਕਿ ਸ਼ਰਮ ਨਾਲ ਮਰ ਜਾਣ ਨੂੰ ਜੀ ਕਰਦਾ ਹੈ।”
”ਕਿਉਂ, ਕੀ ਹੋ ਗਿਆ?” ਮੈਂ ਸੁਣਨ ਨੂੰ ਉਤਾਵਲਾ ਹੋ ਉੱਠਿਆ।
”ਬਸ ਬਾਬੂ ਸਾਬ੍ਹ, ਦੱਸਦਿਆਂ ਇਉਂ ਜਾਪਦਾ ਹੈ ਜਿਵੇਂ ਆਪਣੇ ਪਿੰਡੇ ਤੋਂ ਲੀੜੇ ਲਾਹੁਣਾ! ਤੁਸੀਂ ਤਾਂ ਜਾਣਦੇ ਹੋ ਕਿ ਮੇਰਾ ਘਰਵਾਲਾ ਭੀਮਾ ਸਿਵਾਏ ਦਾਰੂ ਦੇ ਘਰ ਦੇ ਕਿਸੇ ਜੀਅ ਨਾਲ ਸਰੋਕਾਰ ਨਹੀਂ ਰੱਖਦਾ। ਜੋ ਕੁਝ ਕਮਾਉਂਦਾ ਹੈ, ਉਹ ਮੋਈ ਸ਼ਰਾਬ ਵਿੱਚ ਲਾ ਦਿੰਦਾ ਹੈ। ਇੱਥੋਂ ਤਕ ਵੀ ਮੈਂ ਸਬਰ ਕਰ ਲਿਆ ਸੀ, ਪਰ ਪਰਸੋਂ ਸ਼ਾਮ ਤਾਂ ਉਸ ਨੇ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਹੀ ਪਾਰ ਦਿੱਤੀਆਂ ਸਾਬ੍ਹ੩।” ਤੇ ਕਹਿੰਦੇ-ਕਹਿੰਦੇ ਰੁਕ ਕੇ ਉਹ ਹਟਕੋਰੇ ਲੈਣ ਲੱਗ ਪਈ। ਉਦੋਂ ਤਕ ਮੇਰੀ ਪਤਨੀ ਵੀ ਰਸੋਈ ਵਿੱਚੋਂ ਨਿਕਲ ਕੇ ਮੇਰੇ ਕੋਲ ਆ ਕੇ ਬੈਠ ਗਈ ਤੇ ਥਾਲੀ ਵਿੱਚ ਪਾਏ ਹੋਏ ਚਾਵਲਾਂ ਨੂੰ ਸਾਫ਼ ਕਰਨ ਲੱਗ ਪਈ। ਮੈਨੂੰ ਰੱਜੋ ਨਾਲ ਗੱਲਾਂ ਕਰਦਿਆਂ ਦੇਖ ਕੇ ਸ਼ਾਇਦ ਉਸ ਨੂੰ ਚੰਗਾ ਨਹੀਂ ਲੱਗਾ। ਇਸ ਲਈ ਮੱਥੇ ‘ਤੇ ਤਿਊੜੀਆਂ ਪਾਈ ਉਹ ਰੱਜੋ ਨੂੰ ਦੇਖਣ ਲੱਗ ਪਈ। ਪਰ ਮੈਂ ਇਸ ਗੱਲ ‘ਤੇ ਧਿਆਨ ਨਾ ਕਰਦੇ ਹੋਏ ਰੱਜੋ ਨੂੰ ਚੁੱਪ ਕਰਾਉਣ ਤੇ ਉਸ ਦੀ ਪੂਰੀ ਗੱਲ ਜਾਣਨ ਲਈ ਕਿਹਾ, ”ਰੋ ਨਾ ਰੱਜੋ! ਤੂੰ ਆਪਣੀ ਗੱਲ ਕਹਿ।” ਉਸ ਨੇ ਆਪਣੇ ਮੈਲੇ ਜਿਹੇ ਦੁਪੱਟੇ ਨਾਲ ਅੱਖਾਂ ਵਿੱਚ ਆਏ ਅੱਥਰੂਆਂ ਨੂੰ ਪੂੰਝਿਆ ਤੇ ਫ਼ਿਰ ਭਰੇ ਗਲੇ ਵਿੱਚ ਬੋਲੀ, ”ਉਹ ਬਹੁਤ ਘਟੀਆ ਹੈ ਬਾਬੂ ਜੀ। ਪਰਸੋਂ ਰਾਤ ਉਹ ਦੇਰ ਤਕ ਦਾਰੂ ਪੀਂਦਾ ਰਿਹਾ। ਮੈਂ ਇੱਕ-ਦੋ ਵਾਰ ਉਸ ਨੂੰ ਬਸ ਕਰਨ ਲਈ ਕਿਹਾ ਤਾਂ ਉਹ ਮੈਨੂੰ ਗਾਲ੍ਹਾਂ ਦੇ ਕੇ ਚੁੱਪ ਕਰਾ ਦਿੰਦਾ। ਆਖ਼ਰ ਮੈਂ ਤੰਗ ਆ ਕੇ ਆਪਣੀ ਧੀ ਰਾਧਾ ਦੇ ਨਾਲ ਹੀ ਪਈ ਮੰਜੀ ‘ਤੇ ਜਾ ਕੇ ਲੇਟ ਗਈ੩।” ਕਹਿੰਦੇ-ਕਹਿੰਦੇ ਉਹ ਇੱਕ ਵਾਰ ਰੁਕੀ ਤੇ ਫ਼ਿਰ ਅੱਖਾਂ ਝੁਕਾਈ ਰੋਂਦਿਆਂ ਰੋਂਦਿਆਂ ਕਹਿਣ ਲੱਗੀ, ”ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ। ਅਚਾਨਕ ਇੱਕ ਚੀਕ ਦੀ ਆਵਾਜ਼ ਨਾਲ ਮੈਂ ਜਾਗ ਗਈ। ਧੁੰਦਲੇ-ਧੁੰਦਲੇ ਹਨੇਰੇ ਵਿੱਚ ਮੈਂ ਦੇਖਿਆ ਕਿ ਉਹ ੩ ਆਪਣੀ ਹੀ ਜਵਾਨ ਧੀ ਰਾਧਾ ਨੂੰ੩ ਮੰਜੀ ਤੋਂ ਘਸੀਟ ਕੇ ਜ਼ਮੀਨ ‘ਤੇ ਡੇਗ ਕੇ੩ ਹੈਵਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਰਾਧਾ ਆਪਣੇ ‘ਤੇ ਹੋਏ ਇਸ ਅਚਾਨਕ ਹਮਲੇ ਨਾਲ ਡਰ ਕੇ ਕੰਬ ਰਹੀ ਸੀ ਅਤੇ ਆਪਣੇ ਵਹਿਸ਼ੀ ਪਿਓ ਦੇ ਵਾਲਾਂ ਨੂੰ ਦੋਵਾਂ ਹੱਥਾਂ ਨਾਲ ਛੁਟਕਾਰਾ ਪਾਉਣ ਵਾਸਤੇ ਪੁੱਟ ਵੀ ਰਹੀ ਸੀ। ਅਚਾਨਕ ?ੁੱਠੇ ਇਸ ਤਰ੍ਹਾਂ ਦੇ ਤੂਫ਼ਾਨ ਨੂੰ ਦੇਖ ਕੇ ਇੱਕ ਵਾਰ ਤਾਂ ਜਿਵੇਂ ਮੈਂ ਪੱਥਰ ਹੋ ਗਈ। ਪਰ ਫ਼ਿਰ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਮੈਂ ਭੀਮੇ ‘ਤੇ ਝਪਟ ਪਈ ਤੇ ਗਾਲ੍ਹਾਂ ਦਿੰਦੀ ਹੋਈ ਜ਼ੋਰ-ਜ਼ੋਰ ਦੀ ਬੋਲਣ ਲੱਗੀ: ‘ਡੁੱਬ ਮਰ ਨੀਚਾ! ਕੀ ਇਸੇ ਦਿਨ ਵਾਸਤੇ ਤੂੰ ਪੈਦਾ ਕੀਤੀ ਸੀ ਇਹ ਧੀ?’ ਤੇ ਮੈਂ ਉਸ ਨੂੰ ਜ਼ੋਰ ਦੀ ਧੱਕਾ ਦੇ ਕੇ ਰਾਧਾ ਨੂੰ ਉਸ ਦੇ ਵਹਿਸ਼ੀ ਪੰਜਿਆਂ ‘ਚੋਂ ਛੁਡਾ ਲਿਆ। ਰਾਧਾ ਮੇਰੇ ਗਲ ਲੱਗ ਧਾਹਾਂ ਮਾਰ-ਮਾਰ ਰੋਣ ਲੱਗੀ। ਸ਼ਰਾਬ ਦੇ ਨਸ਼ੇ ਵਿੱਚ ਆਪਣੇ ਸ਼ਿਕਾਰ ਨੂੰ ਇੰਜ ਨਿਕਲਦਾ ਦੇਖ ਕੇ  ਉਹ ਗੰਦੀਆਂ-ਗੰਦੀਆਂ ਗਾਲ੍ਹਾਂ ਸਾਨੂੰ ਦੋਵਾਂ ਮਾਵਾਂ-ਧੀਆਂ ਨੂੰ ਦੇਣ ਲੱਗ ਪਿਆ। ਉਸ ਦੀ  ਉੱਚੀ ਆਵਾਜ਼ ਨਾਲ ਸਾਡੇ ਆਂਢ-ਗੁਆਂਢ ਵਾਲੇ ਵੀ ਘਰ ਦੇ ਬਾਹਰ  ਜਮ੍ਹਾਂ ਹੋਣ ਲੱਗ ਪਏ। ਕਿਸੇ ਨੇ ਦਰਵਾਜ਼ਾ ਖੜਕਾਇਆ। ਮੈਂ ਦੌੜ ਕੇ ਉਸ ਨੂੰ ਖੋਲ੍ਹ ਦਿੱਤਾ। ਇਹ ਦੇਖ ਕੇ ਭੀਮਾ ਹੋਰ ਭੜਕ ਉੱਠਿਆ ਤੇ ਉਹ ਲੋਕਾਂ ਨੂੰ ਵੀ ਗਾਲ੍ਹਾਂ ਦਿੰਦਾ ਹੋਇਆ ਮੈਨੂੰ ਲੱਤਾਂ-ਮੁੱਕਿਆਂ ਤੇ ਜੁੱਤੀ ਨਾਲ ਮਾਰਨ ਲੱਗ ਪਿਆ। ਇੱਕ-ਦੋ ਲੋਕਾਂ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਿਸੇ ਪਾਗਲਾਂ ਵਾਂਗ ਚੀਕਿਆ, ‘ਓਏ, ਇਹ ਕੀ ਤੁਹਾਡੀ ਭੈਣ ਲੱਗਦੀ ਏ? ਇਹ ਮੇਰੀ ਘਰਵਾਲੀ ਹੈ। ਮੈਂ ਭਾਵੇਂ ਇਸ ਨੂੰ ਵੱਢ ਦਿਆਂ, ਤੁਸੀਂ ਕੌਣ ਹੁੰਦੇ ਹੋ ਵਿੱਚ ਆਉਣ ਵਾਲੇ?’ ਤੇ ਪਤਾ ਨਹੀਂ ਬਾਬੂ ਜੀ, ਕਿੰਨਾ ਚਿਰ ਉਹ ਮੇਰੇ ‘ਤੇ ਕਹਿਰ ਢਾਹੁੰਦਾ ਰਿਹਾ। ਉਸ ਦੇ ਕੁਕਰਮ ਨੂੰ ਸੁਣ ਕੇ ਵੀ ਕਿਸੇ ਆਂਢੀ-ਗੁਆਂਢੀ ਦੀ ਹਿੰਮਤ ਨਾ ਹੋਈ ਕਿ ਉਹ ਉਸ ਨੂੰ ਰੋਕਦੇ। ਬਸ ਉਹ ਇਸ ‘ਤੇ ਹੋਰ ਵੀ ਸ਼ੇਰ ਹੋ ਗਿਆ ਤੇ ਮੈਨੂੰ ਇੰਨਾ ਮਾਰਿਆ ਕਿ ਕੱਲ੍ਹ ਮੈਂ ਸਾਰਾ ਦਿਨ ਮੰਜੀ ‘ਤੇ ਪਈ ਰਹੀ।”
ਉਸ ਦੀ ਆਪ ਬੀਤੀ ਸੁਣ ਕੇ ਮੈਂ ਜਿਵੇਂ ਕਿਸੇ ਅੱਗ ਦੇ ਦਰਿਆ ਵਿੱਚ ਸਮਾ ਗਿਆ ਹੋਵਾਂ। ਸ਼ਬਦ ਨਹੀਂ ਅਹੁੜ ਰਹੇ ਸਨ ਕਿ ਉਸ ਨਾਲ ਕਿਵੇਂ ਹਮਦਰਦੀ ਜਤਾਵਾਂ। ਹੈਰਾਨੀ ਤੇ ਪ੍ਰੇਸ਼ਾਨੀ ਦੇ ਕੁਝ ਮਿਲੇ-ਜੁਲੇ ਭਾਵ, ਮੈਂ ਆਪਣੀ ਪਤਨੀ ਦੇ ਚਿਹਰੇ ‘ਤੇ ਵੀ ਸਾਫ਼ ਦੇਖ ਰਿਹਾ ਸੀ। ਫ਼ਿਰ ਮੈਂ ਆਪਣੇ ਆਪ ਨੂੰ ਥੋੜ੍ਹਾ ਕਾਬੂ ਵਿੱਚ ਕਰਦਿਆਂ ਪੁੱਛਿਆ, ”ਤਾਂ ਤੂੰ ਕੀ ਸੋਚਿਆ ਹੈ ਰੱਜੋ?”
”ਸੋਚਣਾ ਕੀ ਹੈ ਬਾਬੂ ਸਾਬ੍ਹ! ਅਗਰ ਫ਼ੁੱਟੀ ਤਕਦੀਰ ਵਿੱਚ ਰੋਣਾ ਹੀ ਲਿਖਿਆ ਹੈ ਤਾਂ ਇੰਜ ਹੀ ਜ਼ਿੰਦਗੀ ਗੁਜ਼ਾਰ ਲਵਾਂਗੀ। ਹਾਂ! ਜੇ ਘਰ ਵਿੱਚ ਜਵਾਨ ਧੀ ਨਾ ਹੁੰਦੀ ਤਾਂ ਕਿਸੇ ਹਨੇਰੇ ਖੂਹ ਵਿੱਚ ਛਾਲ ਮਾਰ ਦਿੰਦੀ੩।” ਤੇ ਇਹ ਕਹਿ ਕੇ ਉਹ ਆਪਣੀਆਂ ਭਰ ਆਈਆਂ ਅੱਖਾਂ ਨੂੰ ਕੂਹਣੀ ਨਾਲ ਪੂੰਝ ਕੇ ਬਰਤਨ ਧੋਣ ਲੱਗ ਪਈ।
ਮੈਂ ਦੇਖਿਆ, ਮੇਰੀ ਪਤਨੀ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਹ ਭਰਵੀਂ ਆਵਾਜ਼ ਵਿੱਚ ਬੋਲੀ ”ਮੈਨੂੰ ਮਾਫ਼ ਕਰੀਂ ਰੱਜੋ। ਪਤਾ ਨਹੀਂ ਕਿਉਂ, ਮੈਂ ਔਰਤ ਹੁੰਦੀ ਹੋਈ ਵੀ ਦੂਜੀ ਔਰਤ ਦੇ ਦਰਦ ਨੂੰ ਸਮਝ ਨਾ ਸਕੀ।” ਤੇ ਇਹ ਕਹਿ ਕੇ ਉਸ ਨੇ ਭਰੀਆਂ ਅੱਖਾਂ ਨਾਲ ਰੱਜੋ ਦੇ ਮੋਢੇ ‘ਤੇ ਹੱਥ ਰੱਖ ਦਿੱਤਾ।
– ਸੁਖਚੈਨ ਸਿੰਘ ਭੰਡਾਰੀ