ਰੈਨਾ ਵਰਗਾ ਨਹੀਂ ਦੁਨੀਆ ‘ਤੇ ਕੋਈ ਵੀ ਬੱਲੇਬਾਜ਼, ਬਣਾਏ ਅਨੋਖੇ ਰਿਕਾਰਡ

Image Courtesy :jagbani(punjabkesar)

ਨਵੀਂ ਦਿੱਲੀ – ਭਾਰਤੀ ਕ੍ਰਿਕਟ ਟੀਮ ਸਾਬਕਾ ਖਿਡਾਰੀ ਸੁਰੇਸ਼ ਰੈਨਾ ਨੇ ਲੰਮੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਇੰਗਲੈਂਡ ਵਿਰੁੱਧ 2018 ‘ਚ ਰੈਨਾ ਨੇ ਆਪਣਾ ਆਖ਼ਰੀ ਵਨ ਡੇ ਮੈਚ ਖੇਡਿਆ ਸੀ। ਸ਼ਨੀਵਾਰ (15 ਅਗਸਤ) ਨੂੰ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਦੇ ਨਾਲ ਹੀ ਰੈਨਾ ਨੇ ਵੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਆਪਣੀ ਰਿਟਾਇਰਮੈਂਟ ਦੀ ਜਾਣਕਾਰੀ ਦਿੱਤੀ।
ਰੈਨਾ ਭਾਰਤ ਵਲੋਂ ਤਿੰਨੇ ਫ਼ੌਰਮੈਟਾਂ ‘ਚ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਟੈੱਸਟ ਡੈਬਿਊ ‘ਤੇ ਸੈਂਕੜਾ ਲਗਾਉਣ ਵਾਲੇ ਰੈਨਾ ਨੇ ਵਨ ਡੇ ਤੇ T-20 ‘ਚ ਵੀ ਸੈਂਕੜੇ ਵਾਲੀ ਪਾਰੀ ਖੇਡੀ ਸੀ। T-20 ਕ੍ਰਿਕਟ ‘ਚ ਭਾਰਤ ਵਲੋਂ ਸਭ ਤੋਂ ਜ਼ਿਆਦਾ ਸੈਂਕੜੇ ਰੈਨਾ ਦੇ ਬੱਲੇ ਤੋਂ ਹੀ ਲੱਗੇ ਸਨ।
ਰੈਨਾ ਦੇ ਨਾਂ ਅਨੋਖੇ ਰਿਕਾਰਡ
ਟੈੱਸਟ ਡੈਬਿਊ ‘ਤੇ ਰੈਨਾ ਨੇ ਸੈਂਕੜਾ ਲਗਾਇਆ ਅਤੇ ਉਸ ਨੂੰ ਯਾਦਗਾਰ ਬਣਾਇਆ ਜਦਕਿ ਆਪਣੀ ਆਖਰੀ ਪਾਰੀ ਦੇ ਮੁਕਾਬਲੇ ‘ਚ ਜ਼ੀਰੋ ‘ਤੇ ਆਊਟ ਹੋ ਕੇ ਨਿਰਾਸ਼ਾਜਨਕ ਅੰਤ ਕੀਤਾ। ਸਾਲ 2010 ‘ਚ ਸ਼੍ਰੀ ਲੰਕਾ ਵਿਰੁੱਧ ਆਪਣੇ ਪਹਿਲੇ ਟੈੱਸਟ ਮੈਚ ਦੀ ਪਹਿਲੀ ਪਾਰੀ ‘ਚ ਰੈਨਾ ਨੇ 120 ਦੌੜਾਂ ਦੀ ਪਾਰੀ ਖੇਡੀ ਸੀ ਜਦਕਿ 2015 ‘ਚ ਆਸਟਰੇਲੀਆ ਵਿਰੁੱਧ ਖੇਡੇ ਗਏ ਆਖ਼ਰੀ ਟੈੱਸਟ ਦੀ ਦੋਵਾਂ ਪਾਰੀਆਂ ‘ਚ ਜ਼ੀਰੋ ‘ਤੇ ਆਊਟ ਹੋਇਆ। ਸੰਨਿਆਸ ਤੋਂ ਬਾਅਦ ਦੁਨੀਆ ਦਾ ਪਹਿਲਾ ਅਜਿਹਾ ਬੱਲੇਬਾਜ਼ ਬਣ ਗਿਆ ਜਿਸ ਨੇ ਪਹਿਲੇ ਟੈੱਸਟ ਦੀ ਪਹਿਲੀ ਪਾਰੀ ‘ਚ ਸੈਂਕੜਾ ਲਗਾਇਆ ਅਤੇ ਆਖ਼ਰੀ ਟੈਸਟ ਦੀਆਂ ਦੋਵਾਂ ਪਾਰੀਆਂ ‘ਚ ਬਿਨਾਂ ਖਾਤਾ ਖੋਲ੍ਹੇ ਆਊਟ ਹੋਇਆ।
ਦੱਸ ਦੇਈਏ ਕਿ 33 ਸਾਲ ਦਾ ਰੈਨਾ ਦੁਨੀਆਂ ਦੇ ਉਨ੍ਹਾਂ ਦਿੱਗਜ ਖਿਡਾਰੀਆਂ ‘ਚ ਸ਼ਾਮਿਲ ਹੈ ਜਿਨ੍ਹਾਂ ਨੇ ਖੇਡ ਦੇ ਤਿੰਨੇ ਸਵਰੂਪਾਂ ‘ਚ ਸੈਂਕੜੇ ਲਗਾਏ ਹਨ। ਉਸ ਨੇ 18 ਟੈੱਸਟ, 226 ਵਨ ਡੇ ਅਤੇ 78 T-20 ਅੰਤਰਰਾਸ਼ਟਰੀ ਮੈਚਾਂ ‘ਚ ਭਾਰਤ ਦੀ ਨੁਮਾਇੰਦਗੀ ਵੀ ਕੀਤੀ। ਉਸ ਨੇ ਟੈੱਸਟ ‘ਚ 768, ਵਨ ਡੇ ‘ਚ 5,615 ਅਤੇ T-20 ‘ਚ 1, 605 ਦੌੜਾਂ ਬਣਾਈਆਂ। ਉਨ੍ਹਾਂ ਨੇ ਵਨ ਡੇ ‘ਚ 36, ਟੈੱਸਟ ਅਤੇ T-20 ‘ਚ 13-13 ਵਿਕਟਾਂ ਹਾਸਿਲ ਕੀਤੀਆਂ।
ਸੁਰੇਸ਼ ਰੈਨਾ ਨੇ 2011 ਵਿਸ਼ਵ ਕੱਪ ‘ਚ ਭਾਰਤ ਦੀ ਖ਼ਿਤਾਬ ਜਿੱਤ ਦੇ ਦੌਰਾਨ ਆਸਟਰੇਲੀਆ ਵਿਰੁੱਧ ਅਜੇਤੂ 34 ਦੌੜਾਂ ਦੀ ਮਹੱਤਵਪੂਰਣ ਪਾਰੀ ਖੇਡੀ ਸੀ। ਸੈਮੀਫ਼ਾਈਨਲ ‘ਚ ਉਸ ਨੇ ਅਜੇਤੂ 36 ਦੌੜਾਂ ਬਣਾਈਆਂ ਸਨ, ਪਰ ਉਸ ਮੈਚ ‘ਚ ਸਾਰਿਆਂ ਨੂੰ ਸਚਿਨ ਤੇਂਦੁਲਕਰ ਦੀਆਂ 85 ਦੌੜਾਂ ਹੀ ਯਾਦ ਹਨ।
ਵਿਸ਼ਵ ਕੱਪ 2015 ਤੋਂ ਬਾਅਦ ਹਾਲਾਂਕਿ ਉਸ ਦੇ ਲੈਅ ‘ਚ ਗਿਰਾਵਟ ਆਈ ਅਤੇ 2017 ‘ਚ ਉਹ ਯੋ-ਯੋ ਟੈੱਸਟ ਵੀ ਪਾਸ ਨਹੀਂ ਕਰ ਸਕਿਆ। ਇੰਗਲੈਂਡ ਵਿਰੁੱਧ 2018 ‘ਚ ਉਸ ਨੇ ਸੀਮਿਤ ਓਵਰਾਂ ਦੀ ਸੀਰੀਜ਼ ਅਤੇ ਲੋਰਡਜ਼ ‘ਚ 46 ਦੌੜਾਂ ਬਣਾਈਆਂ ਸਨ। ਉਸ ਮੈਚ ‘ਚ ਉਸ ਦੀਆਂ 63 ਗੇਂਦਾਂ ‘ਚ 46 ਦੌੜਾਂ ਅਤੇ ਧੋਨੀ ਦੀਆਂ 59 ਗੇਂਦਾਂ ‘ਚ 37 ਦੌੜਾਂ ਚਰਚਾ ਦਾ ਵਿਸ਼ਾ ਰਹੀਆਂ।
ਸੁਰੇਸ਼ ਰੈਨਾ ਦੇ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿਣ ਤੋਂ ਬਾਅਦ ਉਸ ਦੀ ਪਤਨੀ ਪ੍ਰਿਯੰਕਾ ਰੈਨਾ ਨੇ ਆਪਣੇ ਟਵਿਟਰ ਐਕਾਊਂਟ ‘ਤੇ ਰੈਨਾ ਦੀਆਂ ਕੁੱਝ ਤਸਵੀਰਾਂ ਸ਼ੇਅਰ ਕਰਦੇ ਹੋਏ ਇੱਕ ਭਾਵੁਕ ਸੰਦੇਸ਼ ਲਿਖਿਆ।