ਪਾਕਿ ‘ਚ ਜਨਮੇ ਪ੍ਰਸ਼ੰਸਕ ਚਾਚਾ ਸ਼ਿਕਾਗੋ ਨੇ ਧੋਨੀ ਦੇ ਸੰਨਿਆਸ ਤੋਂ ਫ਼ੌਰਨ ਬਾਅਦ ਕੀਤਾ ਖ਼ੁਦ ਦੇ ਸੰਨਿਆਸ ਦਾ ਐਲਾਨ!

Image Courtesy :jagbani(punjabkesar)

ਨਵੀਂ ਦਿੱਲੀ – ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਕਰਾਚੀ ਵਿੱਚ ਜਨਮੇ ਮਹੁੰਮਦ ਬਸ਼ੀਰ ਬੋਜਾਈ ਨੇ ਵੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੀਆਂ ਪ੍ਰਤੀਯੋਗਿਤਾਵਾਂ ਵਿੱਚ ਭਾਰਤ-ਪਾਕਿਸਤਾਨ ਵਿਚਾਲੇ ਹੋਣ ਵਾਲੇ ਮੁਕਾਬਲੇ ਵਿੱਚ ਨਾ ਜਾਣ ਦਾ ਫ਼ੈਸਲਾ ਕੀਤਾ ਹੈ। ਚਾਚਾ ਸ਼ਿਕਾਗੋ ਦੇ ਨਾਂ ਨਾਲ ਮਸ਼ਹੂਰ ਬਸ਼ੀਰ ਲਈ ਦੁਨੀਆ ਭਰ ਵਿੱਚ ਇਨ੍ਹਾਂ ਪੁਰਾਣੀਆਂ ਵਿਰੋਧੀ ਟੀਮਾਂ ਨੂੰ ਖੇਡਦੇ ਹੋਏ ਦੇਖਣ ਦਾ ਹੁਣ ਕੋਈ ਮਤਲਬ ਨਹੀਂ ਰਹਿ ਗਿਆ। ਬਸ਼ੀਰ ਨੂੰ ਧੋਨੀ ਦੀ ਹੌਸਲਾਅਫ਼ਜ਼ਾਈ ਦੌਰਾਨ ਪਾਕਿਸਤਾਨੀ ਸਮਰਥਕਾਂ ਦੀਆਂ ਇਤਰਾਜ਼ਯੋਗ ਟਿੱਪਣੀਆਂ ਦਾ ਵੀ ਸਾਹਮਣਾ ਕਰਨਾ ਪਿਆ। ਬਸ਼ੀਰ ਇਸ ਦੀ ਜਗ੍ਹਾ ਹੁਣ ਰਾਂਚੀ ਵਿੱਚ ਧੋਨੀ ਨਾਲ ਮਿਲਣ ਦੀ ਯੋਜਨਾ ਬਣਾ ਰਿਹਾ ਹੈ। ਬਸ਼ੀਰ ਸ਼ਿਕਾਗੋ ਵਿੱਚ ਰੈਸਟੋਰੈਂਟ ਚਲਾਉਂਦਾ ਹੈ ਅਤੇ ਉਸ ਨੇ ਉਥੋਂ ਕਿਹਾ, ”ਧੋਨੀ ਨੇ ਸੰਨਿਆਸ ਲੈ ਲਿਆ ਹੈ ਅਤੇ ਮੈਂ ਵੀ। ਉਸ ਦੇ ਨਾ ਖੇਡਣ ਦੇ ਕਾਰਣ ਮੈਨੂੰ ਨਹੀਂ ਲੱਗਦਾ ਕਿ ਹੁਣ ਮੈਂ ਕ੍ਰਿਕਟ ਦੇਖਣ ਲਈ ਦੁਬਾਰਾ ਸਫ਼ਰ ਕਰਾਂਗਾ। ਮੈਂ ਉਸ ਨੂੰ ਪਿਆਰ ਕਰਦਾ ਹਾਂ ਅਤੇ ਬਦਲੇ ਵਿੱਚ ਉਸ ਨੇ ਮੈਨੂੰ ਵਾਪਿਸ ਪਿਆਰ ਦਿੱਤਾ।”
ਉਸ ਨੇ ਕਿਹਾ, ”ਸਾਰੇ ਮਹਾਨ ਖਿਡਾਰੀਆਂ ਨੂੰ ਇੱਕ ਦਿਨ ਸੰਨਿਆਸ ਲੈਣਾ ਹੁੰਦਾ ਹੈ, ਪਰ ਧੋਨੀ ਦੇ ਸੰਨਿਆਸ ਨੇ ਮੈਨੂੰ ਦੁਖੀ ਕਰ ਦਿੱਤੈ। ਉਹ ਸ਼ਾਨਦਾਰ ਵਿਦਾਇਗੀ ਦਾ ਹੱਕਦਾਰ ਸੀ, ਪਰ ਉਹ ਇਸ ਤੋਂ ਕਿਤੇ ਵੱਧ ਕੇ ਹੈ।” ਬਸ਼ੀਰ ਅਤੇ ਧੋਨੀ ਵਿਚਾਲੇ ਰਿਸ਼ਤਾ ਦੋਹਾਂ ਦੇਸ਼ਾਂ ਵਿਚਾਲੇ 2011 ਵਿਸ਼ਵ ਕੱਪ ਸੈਮੀਫ਼ਾਈਨਲ ਤੋਂ ਬਾਅਦ ਹੋਰ ਮਜ਼ਬੂਤ ਹੋਇਆ। ਮੋਹਾਲੀ ਵਿੱਚ ਹੋਣ ਵਾਲੇ ਟੂਰਨਾਮੈਂਟ ਦੇ ਸੰਭਾਵਿਤ ਸਭ ਤੋਂ ਵੱਡੇ ਮੁਕਾਬਲੇ ਲਈ ਟਿਕਟ ਮਿਲਣਾ ਆਸਾਨ ਨਹੀਂ ਸੀ, ਪਰ ਧੋਨੀ ਨੇ 65 ਸਾਲ ਦੇ ਬਸ਼ੀਰ ਲਈ ਟਿਕਟ ਦਾ ਇੰਤਜ਼ਾਮ ਕੀਤਾ। ਤਿੰਨ ਵਾਰ ਦਿਲ ਦੇ ਦੌਰੇ ਦਾ ਸਾਹਮਣਾ ਕਰ ਚੁੱਕੇ ਅਤੇ ਧੋਨੀ ਨੂੰ ਦੇਖਣ ਲਈ ਦੁਨੀਆ ਭਰ ਦਾ ਸਫ਼ਰ ਕਰਨ ਵਾਲੇ ਬਸ਼ੀਰ ਲਈ ਹੁਣ ਕ੍ਰਿਕਟ ਪਹਿਲਾਂ ਵਰਗੀ ਨਹੀਂ ਰਹੀ। ਹੁਣ ਉਹ ਸਟੇਡੀਅਮ ਵਿੱਚ ਮੈਚ ਨਹੀਂ ਦੇਖੇਗਾ ਅਤੇ ਉਸ ਦਾ ਅਗਲਾ ਪੜਾਅ ਰਾਂਚੀ ਹੈ।
ਉਸ ਨੇ ਕਿਹਾ, ”ਚੀਜ਼ਾਂ ਆਮ (ਕੋਵਿਡ-19 ਮਹਾਂਮਾਰੀ ਤੋਂ ਬਾਅਦ) ਹੋਣ ‘ਤੇ ਮੈਂ ਰਾਂਚੀ ਵਿੱਚ ਉਸ ਦੇ ਘਰ ਜਾਵਾਂਗਾ। ਉਸ ਨੂੰ ਭਵਿੱਖ ਦੀਆਂ ਸ਼ੁਭਕਾਮਨਾਵਾਂ ਦੇਣ ਲਈ ਮੈਂ ਘੱਟ ਤੋਂ ਘੱਟ ਇੰਨਾ ਤਾਂ ਕਰ ਹੀ ਸਕਦਾ ਹਾਂ। ਮੈਂ ਰਾਮ ਬਾਬੂ (ਮੋਹਾਲੀ ਦਾ ਇੱਕ ਹੋਰ ਸੁਪਰ ਫ਼ੈਨ) ਨੂੰ ਵੀ ਆਉਣ ਨੂੰ ਕਹਾਂਗਾ।” ਬਸ਼ੀਰ ਦੀ ਪਤਨੀ ਹੈਦਰਾਬਾਦ ਦੀ ਰਹਿਣ ਵਾਲੀ ਹੈ ਅਤੇ ਉਹ ਜਨਵਰੀ ਵਿੱਚ ਹੀ ਭਾਰਤ ਆਇਆ ਸੀ। ਉਸ ਨੇ ਕਿਹਾ, ”ਮੈਂ ਧੋਨੀ ਨੂੰ ਦੇਖਣ ਲਈ IPL ਵਿੱਚ ਜਾਣਾ ਚਾਹੁੰਦਾ ਸੀ, ਪਰ ਯਾਤਰਾ ਪਾਬੰਦੀਆਂ ਹਨ ਅਤੇ ਮੇਰੇ ਦਿਲ ਦੀ ਹਾਲਤ ਨੂੰ ਦੇਖਦੇ ਹੋਏ ਅਜਿਹਾ ਕਰਨਾ ਸੁਰੱਖਿਅਤ ਨਹੀਂ ਹੋਵੇਗਾ।” ਬਸ਼ੀਰ ਨੇ ਕਿਹਾ ਕਿ ਧੋਨੀ ਦੇ ਨਾਲ ਉਸ ਦੇ ਰਿਸ਼ਤੇ ਨੂੰ ਜਿਹੜੀ ਚੀਜ਼ ਮਜ਼ਬੂਤ ਬਣਾਉਂਦੀ ਹੈ, ਉਹ ਇਹ ਹੈ ਕਿ ਟੂਰਨਾਮੈਂਟ ਦੌਰਾਨ ਉਹ ਕਦੇ ਵੀ ਧੋਨੀ ਨਾਲ ਜ਼ਿਆਦਾ ਗੱਲ ਨਹੀਂ ਕਰਦਾ, ਪਰ ਭਾਰਤੀ ਧਾਕੜ ਬੱਲੇਬਾਜ਼ ਉਸ ਦੇ ਕਹਿਣ ਤੋਂ ਪਹਿਲਾਂ ਹੀ ਉਸ ਦੀ ਮਦਦ ਲਈ ਤਿਆਰ ਰਹਿੰਦਾ ਹੈ।
ਉਸ ਨੇ ਕਿਹਾ, ”ਕੁਝ ਮੌਕਿਆਂ ‘ਤੇ ਮੈਨੂੰ ਉਸ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਆ, ਪਰ 2019 ICC ਕ੍ਰਿਕਟ ਵਿਸ਼ਵ ਕੱਪ ਵਿੱਚ ਅਸੀਂ ਵਧੇਰੇ ਗੱਲ ਨਹੀਂ ਕਰ ਸਕੇ। ਬਸ਼ੀਰ ਨੇ ਅੱਗੇ ਕਿਹਾ, ”2018 ਏਸ਼ੀਆ ਕੱਪ ਦੌਰਾਨ ਉਹ ਮੈਨੂੰ ਆਪਣੇ ਕਮਰੇ ਵਿੱਚ ਲੈ ਗਿਆ ਅਤੇ ਮੈਨੂੰ ਆਪਣੀ ਜਰਜ਼ੀ ਦਿੱਤੀ। ਇਹ ਵਿਸ਼ੇਸ਼ ਸੀ। ਉਸ ਨੇ ਦੋ ਵਾਰ ਮੈਨੂੰ ਆਪਣਾ ਬੱਲਾ ਵੀ ਦਿੱਤਾ ਸੀ।” ਧੋਨੀ ਨਾਲ ਜੁੜੇ ਸਭ ਤੋਂ ਯਾਦਗਾਰ ਪਲ ਦੇ ਬਾਰੇ ਵਿੱਚ ਪੁੱਛਣ ‘ਤੇ ਬਸ਼ੀਰ ਨੇ ਦੱਸਿਆ, ”2015 ਵਿਸ਼ਵ ਕੱਪ ਦੀ ਇਸ ਘਟਨਾ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ। ਮੈਂ ਸਿਡਨੀ ਵਿੱਚ ਮੈਚ ਦੇਖਣ ਲਈ ਪਹੁੰਚਿਆ ਸੀ ਅਤੇ ਧੁੱਪ ਵਿੱਚ ਬੈਠਾ ਹੋਇਆ ਸੀ, ਕਾਫ਼ੀ ਗਰਮੀ ਸੀ, ਅਤੇ ਅਚਾਨਕ ਸੁਰੇਸ਼ ਰੈਨਾ ਆਇਆ ਅਤੇ ਮੈਨੂੰ ਸਨਗਲਾਸਿਜ਼ ਦਿੱਤੇ। ਉਸ ਨੇ ਕਿਹਾ ਕਿ ਇਹ ਧੋਨੀ ਭਰਾ ਨੇ ਦਿੱਤੇ ਹਨ, ਮੈਂ ਨਹੀਂ। ਮੈਂ ਉਸ ਨੂੰ ਦੇਖ ਕੇ ਮੁਸਕਰਾ ਦਿੱਤਾ।” ਧੋਨੀ ਪ੍ਰਤੀ ਪਿਆਰ ਕਾਰਣ ਬਸ਼ੀਰ ਖੁੱਲ੍ਹੇ ਦਿਲ ਨਾਲ ਭਾਰਤ ਦੀ ਹੌਸਲਾਅਫ਼ਜ਼ਾਈ ਕਰਦਾ ਹੈ। ਉਸ ਨੇ ਦੱਸਿਆ, ”ਇੱਕ ਵਾਰ ਬਰਮਿੰਘਮ ਵਿੱਚ ਪਾਕਿਸਤਾਨੀ ਪ੍ਰਸ਼ੰਸਕਾਂ ਨੇ ਮੈਨੂੰ ਕਾਫ਼ੀ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਅਤੇ ਮੈਨੂੰ ਗ਼ਦਾਰ ਤਕ ਕਿਹਾ। ਮੈਂ ਇਨ੍ਹਾਂ ਚੀਜ਼ਾਂ ਦੀ ਅਣਦੇਖੀ ਕੀਤੀ। ਮੈਂ ਦੋਹਾਂ ਦੇਸ਼ਾਂ ਨਾਲ ਪਿਆਰ ਕਰਦਾ ਹਾਂ ਅਤੇ ਵੈਸੇ ਵੀ ਮਨੁੱਖਤਾ ਪਹਿਲਾਂ ਆਉਂਦੀ ਹੈ।”