ਰੇਡੀਓ ਦੀਆਂ ਯਾਦਾਂ – 22

ਡਾ. ਦੇਵਿੰਦਰ ਮਹਿੰਦਰੂ
ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ …
ਰੇਡੀਓ ਦੂਰਦਰਸ਼ਨ ਦੀ ਨੌਕਰੀ ਦਾ ਮੈਨੂੰ ਸਭ ਤੋਂ ਵੱਡਾ ਆਨੰਦ ਅਤੇ ਸੁਭਾਗ ਹਿੱਸੇ ਇਸ ਲਈ ਵੀ ਆਇਆ ਕਿ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਦੇ ਦਰਸ਼ਨ ਹੋਏ। ਉਨਾਂ ਨੂੰ ਨੇੜਿਓਂ ਮਿਲਣ ਅਤੇ ਵਾਚਣ ਦਾ ਮੌਕਾ ਮਿਲਿਆ। ਉਹ ਕਲਾਕਾਰ ਜਾਂ ਲੇਖਕ, ਜਿੰਨਾ ਦੀ ਇੱਕ ਝਲਕ ਵਾਸਤੇ ਲੋਕ ਕਿੰਨੇ ਕਿੰਨੇ ਘੰਟੇ ਉਡੀਕ ਕਰਦੇ ਰਹਿੰਦੇ ਸਨ, ਦੇ ਮੈਂ ਬਹੁਤ ਹੀ ਲਾਗੇ ਵਿਚਰਦੀ ਰਹੀ ਹਾਂ। ਕਦੇ ਕੋਈ ਕਲਾਕਾਰ ਰੇਡੀਓ ਸਟੇਸ਼ਨ ਆਪਣੇ ਗੀਤ ਰਿਕਾਰਡ ਕਰਵਾਉਣ ਆਉਂਦਾ ਤਾਂ ਅਸੀਂ ਆਪਣੇ ਆਪ ਨੂੰ ਹਵਾ ‘ਚ ਉੱਡਦਾ ਹੋਇਆ ਮਹਿਸੂਸ ਕਰਦੇ। ਭੁੱਲ ਜਾਂਦੇ ਸਾਂ ਕਿ ਚੌਵੀ ਘੰਟੇ ਦੀ ਡਿਊਟੀ ਕਰ ਰਹੇ ਹਾਂ। ਭੁੱਲ ਜਾਂਦੇ ਸਾਂ ਕਿ ਸਾਡੇ ਪੇਅ ਸਕੇਲ ਜ਼ਿਆਦਾ ਅੱਛੇ ਨਹੀਂ ਸਨ।
ਮੈਨੂੰ ਯਾਦ ਆਇਆ, ਦੂਰਦਰਸ਼ਨ ਸ਼੍ਰੀਨਗਰ ‘ਤੇ ਕੰਮ ਕਰਦੇ ਇੱਕ ਦਿਨ ਪਤਾ ਲੱਗਿਆ ਕਿ ਪੰਜਾਬ ਤੋਂ ਵੱਡੇ ਕਲਾਕਾਰ ਸਟੇਸ਼ਨ ‘ਤੇ ਆ ਰਹੇ ਹਨ। ਦੇਖਾਂਗੀ ਜਾਂ ਮਿਲਾਂਗੀ ਵਰਗੀ ਸੋਚ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪੰਜਾਬ ਦੀ ਕੋਇਲ ਸੁਰਿੰਦਰ ਕੌਰ ਜੀ ਸਨ ਅਤੇ ਨਾਲ ਆਸਾ ਸਿੰਘ ਮਸਤਾਨਾ ਵੀ। ਪਿੰਡ ਰਹਿੰਦਿਆਂ ਕਿਸੇ ਵਿਆਹ ਸ਼ਾਦੀ ਦੇ ਮੌਕੇ ‘ਤੇ ਲਾਊਡ ਸਪੀਕਰ ‘ਤੇ ਸਾਰਾ-ਸਾਰਾ ਦਿਨ ਅਤੇ ਦੇਰ ਰਾਤ ਤਕ ਉਨ੍ਹਾਂ ਦੇ ਗਾਏ ਡੂਐਟ ਗੀਤ ਸੁਣਦੇ ਰਹਿੰਦੇ ਸਾਂ। ਰਣਜੀਤ ਕੌਰ ਦੀ ਆਵਾਜ਼ ਰਸ ਘੋਲਦੀ ਸੀ ਕੰਨਾਂ ‘ਚ ਅਤੇ ਸਦੀਕ ਸਾਹਬ ਵੀ ਛਾ ਜਾਂਦੇ ਸਨ। ਉਸਤਾਦ ਯਮਲਾ ਜੱਟ ਦੀ ਤੂੰਬੀ ‘ਤੇ ਵਿਸ਼ੇਸ਼ ਅੰਦਾਜ਼ ‘ਚ ਗਾਏ ਗੀਤ ਸਰੋਤੇ ਨੂੰ ਕਿਸੇ ਹੋਰ ਹੀ ਦੁਨੀਆਂ ‘ਚ ਲੈ ਜਾਂਦੇ। ਓਦੋਂ ਨਹੀਂ ਸੀ ਪਤਾ ਇਨ੍ਹਾਂ ਮਹਾਨ ਕਲਾਕਾਰਾਂ ਨੂੰ ਨਾ ਸਿਰਫ਼ ਮਿਲਣ ਦਾ ਅਵਸਰ ਮਿਲੇਗਾ, ਅੱਗੇ ਚੱਲਕੇ ਉਨ੍ਹਾਂ ਨਾਲ ਇੰਟਰਵਿਊ ਕਰਨ ਦਾ ਮੌਕਾ ਵੀ ਮਿਲੇਗਾ।
ਗੁਰਮੀਤ ਬਾਵਾ ਨਾਲ ਮੈਂ ਇੱਕ ਲੰਬੀ ਮੁਲਾਕਾਤ ਰਿਕਾਰਡ ਕੀਤੀ ਸੀ ਜਲੰਧਰ ਰੇਡੀਓ ‘ਤੇ। ਐਨੀ ਹਲੀਮੀ ਕਿ ਜਿਸ ਦਾ ਕੋਈ ਜੁਆਬ ਹੀ ਨਹੀਂ। ਕਿਸ ਤਰ੍ਹਾਂ ਦੋਵੇਂ ਪਤੀ ਪਤਨੀ ਅਧਿਆਪਨ ਦਾ ਕਾਰਜ ਛੱਡ ਕੇ ਸੰਗੀਤ ਦੀ ਦੁਨੀਆਂ ‘ਚ ਆਏ ਅਤੇ ਛਾਏ। ਪਰਿਵਾਰ ਵਲੋਂ ਵਿਰੋਧ ਵੀ ਹੋਇਆ, ਪਰ ਦੋਵੇਂ ਇੱਕ ਦੂਜੇ ਨਾਲ ਖੜ੍ਹੇ ਰਹੇ ਬੜੀ ਮਜ਼ਬੂਤੀ ਨਾਲ। ਦੇਸ਼ ਵਿਦੇਸ਼ ‘ਚ ਗੁਰਮੀਤ ਬਾਵਾ ਦੀ ਬੱਲੇ ਬੱਲੇ ਹੋਈ, ਲੋਕ ਉਨ੍ਹਾਂ ਦੀ ਲੰਬੀ ਹੇਕ ਸਾਹ ਰੋਕ ਕੇ ਸੁਣਦੇ ਅਤੇ ਅਸ਼-ਅਸ਼ ਕਰਦੇ, ਉਨ੍ਹਾਂ ਦੇ ਪਤੀ ਉਨ੍ਹਾਂ ਤੋਂ ਵੀ ਜ਼ਿਆਦਾ ਖ਼ੁਸ਼ ਹੁੰਦੇ। ਇੰਟਰਵਿਊ ‘ਚ ਉਹ ਨਾਲ ਹੀ ਬੈਠੇ ਸਨ ਬੇਸ਼ੱਕ ਉਨ੍ਹਾਂ ਬਾਵਾ ਜੀ ਨੂੰ ਜ਼ਿਆਦਾ ਬੋਲਣ ਦਾ ਮੌਕਾ ਦਿੱਤਾ।
ਮੈਨੂੰ ਉਹ ਗੱਲ ਵੀ ਯਾਦ ਹੈ ਕਿ ਜਦੋਂ ਜਗਮੋਹਣ ਕੌਰ ਹਾਂ ਕਹਿਕੇ ਪ੍ਰੋਗਰਾਮ ‘ਚ ਨਹੀਂ ਸਨ ਆਏ ਕਿ ਮੈਂ ਤਾਂ ਬੀਮਾਰ ਹਾਂ। ਪਰ ਉਨ੍ਹਾਂ ਉਸੇ ਵੇਲੇ ਇੱਕ ਹੋਰ ਪ੍ਰਾਈਵੇਟ ਪ੍ਰੋਗਰਾਮ ਕੀਤਾ ਸੀ ਜਿਥੋਂ ਰੇਡੀਓ ਦੀ ਫ਼ੀਸ ਨਾਲੋਂ ਉਨਾਂ ਨੂੰ ਵੱਧ ਪੈਸੇ ਮਿਲੇ ਸਨ। ਮੀਟਿੰਗ ‘ਚ ਸਰਬਸੰਮਤੀ ਨਾਲ ਰੇਡੀਓ ਦੇ ਅਫ਼ਸਰਾਂ ਨੇ ਫ਼ੈਸਲਾ ਲਿਆ ਸੀ ਕਿ ਉਨ੍ਹਾਂ ਨੂੰ ਛੇ ਮਹੀਨੇ ਲਈ ਰੇਡੀਓ ਦੇ ਪ੍ਰੋਗਰਾਮ ‘ਚ ਨਹੀਂ ਬੁਲਾਇਆ ਜਾਵੇਗਾ। ਪਰ ਕਲਾਕਾਰ ਤਾਂ ਕਲਾਕਾਰ ਹੀ ਹੁੰਦੇ ਹਨ, ਜਗਮੋਹਣ ਕੌਰ ਆਏ, ਲਿਖ਼ਤੀ ਮੁਆਫ਼ੀ ਮੰਗੀ ਅਤੇ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਹੋ ਗਿਆ ਮਾਹੌਲ।
ਰਤਨਿਕਾ ਤਿਵਾੜੀ ਬਹੁਤ ਮਿੱਠਾ ਗਾਉਂਦੇ ਸਨ। ਸਵੇਰੇ ਸਵੇਰੇ ਲਾਈਵ ਹੁੰਦਾ ਸੀ ਉਨ੍ਹਾਂ ਦਾ ਪ੍ਰੋਗਰਾਮ। ਉਨ੍ਹਾਂ ਦੀ ਮੰਮੀ ਅਤੇ ਭਰਾ ਕਮਲ ਤਿਵਾੜੀ ਨਾਲ ਹੀ ਸਟੇਸ਼ਨ ਆਉਂਦੇ ਸਨ, ਹਮੇਸ਼ਾ। ਚੰਡੀਗੜ੍ਹ ਤੋਂ ਆਉਣਾ ਹੁੰਦਾ, ਸੋ ਨੌਂ ਵਜੇ ਦੇ ਪ੍ਰੋਗਰਾਮ ਲਈ ਘੰਟਾ ਪਹਿਲਾਂ ਹੀ ਪਹੁੰਚ ਜਾਂਦੇ। ਚਾਹ ਪੀਂਦੇ ਪੀਂਦੇ ਗੱਲਾਂਬਾਤਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਅਤੇ ਫ਼ੇਰ ਅੱਖਾਂ ਬੰਦ ਕਰ ਕੇ ਉਨ੍ਹਾਂ ਨੂੰ ਸੁਣਨਾ ਅਸੀਂ। ਜਦੋਂ ਪਤਾ ਲੱਗਿਆ ਸੀ ਕਿ ਉਹ ਚਲੇ ਗਏ ਇਸ ਸੰਸਾਰ ਨੂੰ ਛੱਡ ਕੇ, ਮੈਂ ਸ਼ਿਮਲੇ ‘ਚ ਸਾਂ। ਮਨ ਬੜਾ ਖ਼ਰਾਬ ਹੋਇਆ। ਕਮਲ ਨਾਲ ਗੱਲ ਕੀਤੀ ਫ਼ੋਨ ‘ਤੇ। ਅੱਜ ਵੀ ਸਰਕਾਰੀ ਕਾਲਜ ਕਾਲਕਾ ਕੋਲੋਂ ਲੰਘਦੇ, ਸ਼ਿਮਲਾ ਆਉਂਦੇ ਜਾਂਦੇ, ਮੈਨੂੰ ਰਤਨਿਕਾ ਯਾਦ ਆਉਂਦੀ ਹੈ। ਉਹ ਸਰਕਾਰੀ ਕਾਲਜ ਕਾਲਕਾ ‘ਚ ਸੰਗੀਤ ਦੀ ਪ੍ਰੋਫ਼ੈਸਰ ਸੀ।
ਲਾਲ ਚੰਦ ਯਮਲਾ ਜੱਟ ਆਉਂਦੇ ਸਨ ਰੇਡੀਓ ਜਲੰਧਰ, ਅਸੀਂ ਸਾਰੇ ਘੇਰਾ ਪਾ ਕੇ ਬੈਠ ਜਾਂਦੇ ਸਾਂ ਉਨ੍ਹਾਂ ਦੀਆਂ ਗੱਲਾਂ ਸੁਣਨ ਨੂੰ। ਅਤੇ ਫ਼ੇਰ ਚੁੱਪ ਚਾਪ ਉਨ੍ਹਾਂ ਨੂੰ ਗਾਉਂਦੇ ਸੁਣਦੇ। ਕਈ-ਕਈ ਦਿਨ ਉਨ੍ਹਾਂ ਦੀ ਉਹ ਅਲੌਕਿਕ ਆਵਾਜ਼ ਕੰਨਾਂ ‘ਚ ਗੂੰਜਦੀ ਰਹਿੰਦੀ।
ਸੁਰਿੰਦਰ ਕੌਰ ਨੂੰ ਸੁਣਨਾ, ਮਤਲਬ ਕਿਸੇ ਹੋਰ ਦੁਨੀਆਂ ‘ਚ ਪਹੁੰਚ ਜਾਣਾ ਹੁੰਦਾ … ਲੰਘ ਆਜਾ ਪੱਤਣ ਝਨਾਂ ਦਾ ਓ ਯਾਰ … ਲੰਘ ਆਜਾ ਪੱਤਣ ਝਨਾਂ ਦਾ … ਹੋਰ ਬੜੇ ਲੋਕ ਗੀਤ ਅਤੇ ਗੀਤ। ਪਰ ਜਿਹੜੀ ਗੱਲ ਉਨ੍ਹਾਂ ਨਾਲ ਜੁੜੀ ਕਦੇ ਵੀ ਨਹੀਂ ਭੁੱਲਦੀ, ਉਹ 1972-73 ਦੀ ਹੈ। ਉਹ ਗੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਇੱਕ ਕੌਨਸਰਟ ਨਾਲ ਜੁੜੀ ਹੋਈ ਹੈ। ਲਾਇਬ੍ਰੇਰੀ ਸਾਇੰਸ ਦਾ ਡਿਗਰੀ ਕੋਰਸ ਕਰ ਰਹੀ ਸਾਂ। ਅਸੀਂ ਸਾਰੇ ਉਨ੍ਹਾਂ ਨੂੰ ਸੁਣਨ ਲਈ ਗਏ। ਉਹ ਬੜੇ ਅਦਬ ਨਾਲ ਸਟੇਜ ‘ਤੇ ਆ ਕੇ ਬੈਠ ਗਏ। ਪਰਚੀਆਂ ਆਉਣੀਆਂ ਸ਼ੁਰੂ ਹੋ ਗਈਆਂ ਫ਼ਰਮਾਇਸ਼ਾਂ ਦੀਆਂ। ਉਨ੍ਹਾਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਪਹਿਲਾਂ ਸ਼ਬਦ ਸੁਣਾਉਣਗੇ। ਕੁਝ ਮੁੰਡੇ ਨਹੀਂ ਹਟੇ ਰੌਲਾ ਪਾਉਣੋਂ। ਸੁਰਿੰਦਰ ਕੌਰ ਜੀ ਨੇ ਸ਼ਬਦ ਸੁਣਾਇਆ। ਉਹ ਉੱਠੇ, ਬੇਅਦਬੀ ਕਰਨ ਵਾਲੇ ਬੱਚਿਆਂ ਨੂੰ ਗੁੱਸੇ ਹੋਏ ਅਤੇ ਪ੍ਰੋਗਰਾਮ ਛੱਡ ਕੇ ਚਲੇ ਗਏ।
****
ਆਕਾਸ਼ਵਾਣੀ ਧਰਮਸ਼ਾਲਾ ‘ਚ ਨੌਕਰੀ ਕਰਦਿਆਂ ਵੀ ਬਹੁਤ ਸਾਰੇ ਕਲਾਕਾਰਾਂ ਨੂੰ ਮਿਲਣ ਦਾ ਮੌਕਾ ਮਿਲਿਆ। ਕਰਨੈਲ ਰਾਣਾ, ਪੱਤਣਾਂ ਦੇ ਤਾਰੂਆਂ ਵਾਲਾ, ਜਿਸ ਦੀ ਆਵਾਜ਼ ਦੀ ਮਿਠਾਸ ਮਿਸ਼ਰੀ ਘੋਲਦੀ ਹੈ ਕੰਨਾਂ ‘ਚ। ਉਹ ਸਾਡਾ ਐਨਾਊਂਸਰ ਵੀ ਸੀ। ਅਸੀਂ ਉਸ ਦੀ ਐਨਾਊਂਸਮੈਂਟ ਵੀ ਸੁਣਦੇ ਸਾਂ ਅਤੇ ਉਹਦੇ ਗੀਤ ਵੀ। ਗੀਤ ਸੰਗੀਤ ਦੀ ਰਿਕਾਰਡਿੰਗ ਲਈ ਉਹ ਸ਼ਿਮਲੇ ਵੀ ਅਕਸਰ ਆਉਂਦਾ। ਕੌਨਸਰਟਸ ਦਾ ਹਿੱਸਾ ਵੀ ਬਣਦਾ ਸ਼ਿਮਲਾ ਆ ਕੇ।
ਖੈਰ, ਇੱਕ ਦਿਨ ਕਿਸੇ ਨੇ ਆ ਕੇ ਦੱਸਿਆ ਆਸਾ ਸਿੰਘ ਮਸਤਾਨਾ ਆਏ ਹੋਏ ਹਨ ਧਰਮਸ਼ਾਲਾ। ਉੱਥੇ ਉਨ੍ਹਾਂ ਦੇ ਨਜ਼ਦੀਕੀ ਰਿਸ਼ਤੇਦਾਰ ਰਹਿੰਦੇ ਸਨ ਸਿਵਿਲ ਲਾਈਨਜ਼ ਵਿੱਚ। ਆਕਾਸ਼ਵਾਣੀ ਕੇਂਦਰ ਨਾਲ ਹੀ ਲਗਦਾ ਹੈ ਸਿਵਿਲ ਲਾਈਨਜ਼ ਦੇ। ਗੁਆਂਢ ‘ਚ ਹੀ ਸਾਡੀ ਇੱਕ ਐਨਾਊਂਸਰ ਰਹਿੰਦੀ ਸੀ। ਮਸਤਾਨਾ ਸਾਹਿਬ ਮੀਡੀਆ ਤੋਂ ਬਚ ਕੇ ਉੱਥੇ ਆਰਾਮ ਕਰਨ ਲਈ ਆਏ ਸਨ। ਨਹੀਂ ਮੰਨ ਰਹੇ ਸਨ ਇੰਟਰਵਿਊ ਲਈ। ਆਪ ਬੁਲਾਉਣ ਗਈ ਮੈਂ ਅਤੇ ਉਹ ਆ ਗਏ। ਲੰਬੀ ਇੰਟਰਵਿਊ ਰਿਕਾਰਡ ਕੀਤੀ, ਉਸ ‘ਚ ਸ਼ੀਨਗਰ ਰੇਡੀਓ ਦਾ ਵੀ ਜ਼ਿਕਰ ਵੀ ਆਇਆ। ਸੁਰਿੰਦਰ ਕੌਰ ਜੀ ਦਾ ਵੀ ਖ਼ੂਬ ਜ਼ਿਕਰ ਸੀ। ਉਸ ਟੂਰ ਦੀ ਵੀ ਚਰਚਾ ਸੀ ਜਦੋਂ ਸਿਰਫ਼ ਦੂਰੋਂ ਦੇਖ ਸਕੀ ਸੀ, ਉਨ੍ਹਾਂ ਦੋਵਾਂ ਮਹਾਨ ਕਲਾਕਾਰਾਂ ਨੂੰ ਮੈਂ ਅਤੇ ਫ਼ੇਰ ਰਿਕਾਰਡ ਕੀਤਾ:
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ
ਮੇਰੇ ਯਾਰ ਸਭ ਹੁੰਮ ਹੁਮਾ ਕੇ ਚੱਲਣਗੇ
ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ
ਇਹ ਵੱਖਰੀ ਹੈ ਗੱਲ ਮੁਸਕਰਾ ਕੇ ਚੱਲਣਗੇ
ਜਿੰਨ੍ਹਾਂ ਦੇ ਮੈਂ ਪੈਰਾਂ ‘ਚ ਰੁਲਦਾ ਰਿਹਾ ਹਾਂ
ਉਹ ਹੱਥਾਂ ‘ਤੇ ਮੈਨੂੰ ਉਠਾ ਕੇ ਚੱਲਣਗੇ
ਪਾਠਕੋ, ਉਹ ਪਲ, ਘੜੀਆਂ ਅਤੇ ਘੰਟੇ, ਸਾਲ ਤੇ ਮਹੀਨੇ ਕਦੇ ਨਹੀਂ ਭੁੱਲਣ ਵਾਲੇ। ਜਿਸ ਦਿਨ ਮਸਤਾਨਾ ਜੀ ਦੇ ਦਿਹਾਂਤ ਦੀ ਖ਼ਬਰ ਸੁਣੀ, ਮੈਂ ਰੇਡੀਓ ਸਟੇਸ਼ਨ ‘ਚ ਹੀ ਸਾਂ, ਸ਼ਿਮਲੇ। ਮਨ ਉਦਾਸ ਹੋ ਗਿਆ ਅਤੇ ਯਾਦਾਂ ਸਾਕਾਰ ਹੋ ਗਈਆਂ। ਸਭਨਾਂ ਦਾ ਹੋਵੇ ਸਵਰਗਾਂ ‘ਚ ਵਾਸਾ!