ਮਾਸਟਰ ਬਲਾਸਟਰ ਇਕ ਮਹਾਨ ਬੱਲੇਬਾਜ਼ ਹਨ ਪਰ ਰਿਟਾਇਰਡ ਹੋਣ ਤੋਂ ਬਾਅਦ ਵੀ ਇਕ ਅਨਚਾਹਿਆ ਰਿਕਾਰਡ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਿਹਾ।
ਵੈਸੇ ਤਾਂ ਸਚਿਨ ਦੇ ਨਾਂ ਕਈ ਰਿਕਾਰਡ ਦਰਜ ਨੇ, ਜਿਨ੍ਹਾਂ ਨੂੰ ਤੋੜਨ ਦਾ ਸੁਪਨਾ ਹਰ ਬੱਲੇਬਾਜ਼ ਰੱਖਦਾ ਹੈ। ਟੈਸਟ ਅਤੇ ਵਨ ਡੇਅ ‘ਚ ਸਚਿਨ ਦੇ ਨਾਂ 100 ਸੈਂਕੜੇ ਦਰਜ ਹਨ, ਜਿਸ ‘ਚ 51 ਸੈਂਕੜੇ ਟੈਸਟ ਮੈਚਾਂ ‘ਚ ਅਤੇ 49 ਸੈਂਕੜੇ ਵਨ ਡੇਅ ‘ਚ ਹਨ। 17 ਸਾਲ ਦੀ ਉਮਰ ‘ਚ ਅੰਤਰਰਾਸ਼ਟਰੀ ਕ੍ਰਿਕਟ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਚਿਨ ਦੇ ਨਾਂ ਟੈਸਟ ਅਤੇ ਵਨ ਡੇਅ ‘ਚ ਕੁੱਲ 34347 ਦੌੜਾਂ ਦਰਜ ਹਨ।
ਦੂਜੇ ਪਾਸੇ ਸਚਿਨ ਤੇਂਦੁਲਕਰ ਦੇ ਨਾਂ ਬਤੌਰ ਕਪਤਾਨ ਬਹੁਤ ਖਰਾਬ ਰਿਕਾਰਡ ਦਰਜ ਹੈ, ਜੋ ਉਨ੍ਹਾਂ ਨੂੰ ਟੈਸਟ ‘ਚ 49ਵੇਂ ਅਤੇ ਵਨ ਡੇਅ ‘ਚ 29ਵੇਂ ਨੰਬਰ ‘ਤੇ ਧਕੇਲਦਾ ਹੈ। 2013 ‘ਚ ਰਿਟਾਇਰਡਮੈਂਟ ਲੈਣ ਵਾਲੇ ਸਚਿਨ ਨੇ ਹਾਲ ਹੀ ‘ਚ ਕ੍ਰਿਕਟ ਆਲ ਸਟਾਰ ਸੀਰੀਜ਼ ‘ਚ ਵੀ ਕਪਤਾਨੀ ਕੀਤੀ ਅਤੇ ਇਥੇ ਵੀ ਉਨ੍ਹਾਂ ਦਾ ਰਿਕਾਰਡ ਕਾਇਮ ਰਿਹਾ। ਉਨ੍ਹਾਂ ਦੀ ਕਪਤਾਨੀ ‘ਚ ਸਚਿਨ ਬਲਾਸਟਰਜ਼ ਦੀ ਟੀਮ ਸੀਰੀਜ਼ ਦੇ ਤਿੰਨੋਂ ਮੈਚ ਹਾਰ ਗਈ ਅਤੇ ਸੀਰੀਜ਼ ਹਾਰ ਗਈ। ਰਿਟਾਇਰਡ ਹੋਣ ਤੋਂ ਬਾਅਦ ਵੀ ਇਹ ਰਿਕਾਰਡ ਸਚਿਨ ਦਾ ਪਿੱਛਾ ਨਹੀਂ ਛੱਡ ਰਿਹਾ।
ਸਚਿਨ ਦੇ ਟੈਸਟ ਅਤੇ ਵਨ ਡੇਅ ‘ਚ ਕਪਤਾਨੀ ਦੇ ਰਿਕਾਰਡ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ 1996 ਤੋਂ 2000 ‘ਚ 25 ਟੈਸਟ ਅਤੇ 73 ਵਨ ਡੇਅ ਮੈਚਾਂ ‘ਚ ਕਪਤਾਨੀ ਕੀਤੀ। ਸਚਿਨ ਤੇਂਦੁਲਕਰ ਦਾ 25 ਟੈਸਟ (4 ਜਿੱਤ) ‘ਚ ਜਿੱਤ ਦਾ ਰਿਕਾਰਡ 16 ਫ਼ੀਸਦੀ ਹੈ ਅਤੇ 73 ਵਨ ਡੇਅ ਮੈਚਾਂ (23 ਜਿੱਤ) ‘ਚ ਜਿੱਤ ਦਾ ਰਿਕਾਰਡ ਕਰੀਬ 35 ਫ਼ੀਸਦੀ ਹੈ।













