ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗਿੱਦੜਬਾਹੇ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਪੰਜਾਬ ਵਿਧਾਨ ਸਭਾ ਵਿਚ ਗੈਂਗਸਟਰਾਂ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਵਿਚ ਬਹੁਤ ਹੀ ਸਹਿਮ ਦਾ ਮਾਹੌਲ ਹੈ। ਅੱਜ-ਕੱਲ੍ਹ ਪੰਜਾਬ ਦੀਆਂ ਦੁਕਾਨਾਂ ਅੱਧਾ ਘੰਟਾ ਪਹਿਲਾਂ ਬੰਦ ਹੋਣ ਲੱਗ ਪਈਆਂ ਹਨ। ਮੋਹਾਲੀ ਗੈਂਗਸਟਰਾਂ ਦਾ ਇਕ ਹੱਬ ਬਣ ਕੇ ਰਹਿ ਗਈ ਹੈ। ਚਾਰ ਦਿਨ ਪਹਿਲਾਂ ਹੀ ਉੱਥੇ ਜਿਸ ਤਰ੍ਹਾਂ ਗੋਲ਼ੀਬਾਰੀ ਹੋਈ, ਉਹ ਸਭ ਨੂੰ ਪਤਾ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਇਹ ਗੈਂਗਸਟਰ ਬਹੁਤ ਸਾਰੇ ਸ਼ਹਿਰਾਂ ਦੇ ਵਪਾਰੀਆਂ ਨੂੰ ਦਿਨ ਦਿਹਾੜੇ ਧਮਕੀਆਂ ਦੇ ਕੇ ਲੁੱਟ ਰਹੇ ਨੇ। ਇਹ ਹਰ ਸ਼ਹਿਰ ਦੀ ਕਹਾਣੀ ਹੈ। ਕੋਈ ਆ ਕੇ ਪੁਲਸ ਨੂੰ ਰਿਪੋਰਟ ਦਿੰਦਾ ਹੈ ਤਾਂ ਕਈ ਡਰਦੇ ਪੁਲਸ ਨੂੰ ਰਿਪੋਰਟ ਵੀ ਨਹੀਂ ਦਿੰਦੇ। ਮੇਰੇ 2-3 ਦੋਸਤ ਮੁਕਤਸਰ ਸ਼ਹਿਰ ਵਿਚ 12-15 ਲੱਖ ਰੁਪਏ ਇਨ੍ਹਾਂ ਗੈਂਸਟਰਾਂ ਨੂੰ ਦੇ ਚੁੱਕੇ ਹਨ। ਹਾਲਾਤ ਇਹ ਹਨ ਕਿ ਗੈਂਗਸਟਰਾਂ ਨੇ ਆਪਣੇ ਇਲਾਕੇ ਵੰਡ ਲਏ ਹਨ। ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਇਨ੍ਹਾਂ ਖ਼ਿਲਾਫ਼ ਠੋਸ ਕਾਰਵਾਈ ਕੀਤੀ ਜਾਵੇ।
ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦਾ ਵੀ ਚੁੱਕਿਆ ਮੁੱਦਾ
ਇਸ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ 6 ਅਪ੍ਰੈਲ 2024 ਨੂੰ ਲਾਰੈਂਸ ਬਿਸ਼ਨੋਈ ਨਾਂ ਦੇ ਇਕ ਗੈਂਗਸਟਰ ਦੀ ਜੇਲ੍ਹ ਦੇ ਵਿਚ ਇੰਟਰਵਿਊ ਹੋਈ ਸੀ, ਉਸ ਤੋਂ ਬਾਅਦ ਕਾਫ਼ੀ ਰੌਲ਼ਾ-ਰੱਪਾ ਪਿਆ ਸੀ। 9 ਨਵੰਬਰ 2023 ਨੂੰ ਮਾਣਯੋਗ ਹਾਈਕੋਰਟ ਨੇ ਸੂ-ਮੋਟੋ ਲਿਆ ਕਿ ਇਹ ਇੰਟਰਵੀਊ ਕਦੋਂ ਅਤੇ ਕਿੱਥੇ ਹੋਈ। ਉਸ ਵੇਲੇ ਅਫ਼ਸਰਾਂ ਨੇ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਹੁਣ ਉਸ ਬਾਰੇ 2 ਬੇਨਾਮੀ ਐੱਫ.ਆਈ.ਆਰ. ਦਰਜ ਹੋਈਆਂ ਹਨ। ਉਸ ਤੋਂ ਬਾਅਦ ਪ੍ਰਮੋਦ ਕੁਮਾਰ ਦੀ ਅਗਵਾਈ ਵਿਚ ਐੱਸ. ਆਈ. ਟੀ. ਬਣਾ ਦਿੱਤੀ ਗਈ। ਕੱਲ੍ਹ ਮਾਣਯੋਗ ਹਾਈਕੋਰਟ ਦੇ ਵਿਚ ਇਸ ਦੀ ਤਾਰੀਖ਼ ਸੀ। ਤਾਰੀਖ਼ ਦੇ ਵਿਚ ਕਹਿ ਦਿੱਤਾ ਗਿਆ ਕਿ ਸਾਨੂੰ ਜਾਂਚ ਲਈ 3 ਮਹੀਨੇ ਹੋਰ ਚਾਹੀਦੇ ਹਨ।















