ਚੰਡੀਗੜ੍ਹ/ਜਲੰਧਰ -ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦੀ ਰੈਲੀ ’ਚ ਮੁੱਖ ਸਕੱਤਰ ਅਤੇ ਡੀ. ਜੀ. ਪੀ. ਦੀ ਮੌਜੂਦਗੀ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਵੇਖ ਕੇ ਬੜੀ ਹੈਰਾਨੀ ਹੋਈ ਕਿ ਭਾਰਤ ਦਾ ‘ਸਟੀਲ ਫਰੇਮ’ ਆਖੀ ਜਾਂਦੀ ਨੌਕਰਸ਼ਾਹੀ ਹੁਣ ਰਾਜਨੀਤਕ ਇੱਛਾਵਾਂ ਅੱਗੇ ਝੁਕ ਰਹੀ ਹੈ। ਕੀ ਇਹ ਆਲ ਇੰਡੀਆ ਸਰਵਿਸ ਰੂਲਜ਼ ਦੀ ਘੋਰ ਉਲੰਘਣਾ ਨਹੀਂ ਹੈ?
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹਨ ਪਰ ਇਸ ਗੱਲ ਤੋਂ ਹੈਰਾਨ ਹਨ ਕਿ ਜਦ ਵੀ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਜਾਣਾ ਪੈਂਦਾ ਹੈ ਤਾਂ ਇਸ ਨੂੰ ਉਨ੍ਹਾਂ ਦੀ ਬੀਮਾਰੀ ਨਾਲ ਜੋੜ ਕੇ ਵੇਖਣ ਦੀ ਬਜਾਏ ਇਸ ਦੇ ਹੋਰ ਅਰਥ ਨਿਕਲਣ ਲੱਗਦੇ ਹਨ। ਅੰਗਰੇਜ਼ੀ ਕਹਾਵਤ ਦਾ ਹਵਾਲਾ ਦਿੰਦੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਵਿਅਕਤੀ ਉੱਚੇ ਅਤੇ ਜ਼ਿੰਮੇਵਾਰ ਅਹੁਦੇ ਜਾਂ ਮਰਿਆਦਾ ਵਾਲੀ ਪੁਜ਼ੀਸ਼ਨ ’ਤੇ ਹੋਵੇ, ਉਸ ਦਾ ਵਰਤਾਓ ਸ਼ੱਕ ਤੋਂ ਪਰ੍ਹੇ ਹੋਣਾ ਚਾਹੀਦਾ ਹੈ।















