ਰਵਾਇਤ ਤੋਂ ਹਟਵੇਂ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਸੁਸ਼ਮਿਤਾ ਸੇਨ

ਬੌਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਦੱਸਿਆ ਕਿ ਉਹ ਆਪਣੀ ਦੂਜੀ ਪਾਰੀ ਵਿੱਚ ਪਹਿਲਾਂ ਨਾਲੋਂ ਹਟਵੇਂ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸਟ੍ਰੀਮਿੰਗ ਸ਼ੋਅ ‘ਆਰੀਆ’ ਦੇ ਤੀਜੇ ਸੀਜ਼ਨ ਵਿੱਚ ਆਰੀਆ ਸਰੀਨ ਦੇ ਰੂਪ ਵਿੱਚ ਵਾਪਸੀ ਕਰਨ ਵਾਲੀ ਸੁਸ਼ਮਿਤਾ ਸੇਨ ਨੇ ਕਿਹਾ ਕਿ ਉਸ ਨੇ ਦੋ ਵੈੱਬ ਸੀਰੀਜ਼ ‘ਆਰੀਆ’ ਅਤੇ ‘ਤਾਲੀ’ ਵਿਚ ਕੰਮ ਕੀਤਾ ਹੈ ਜੋ ਉਸ ਦੇ ਕੰਮ ਦੀ ਸਿਰਫ ਸ਼ੁਰੂਆਤ ਹੈ ਤੇ ਉਹ ਹੁਣ ਰਵਾਇਤ ਤੋਂ ਹਟ ਕੇ ਵੱਖਰੇ ਰੋਲ ਕਰਨਾ ਚਾਹੁੰਦੀ ਹੈ। ਵੈੱਬ ਸੀਰੀਜ਼ ਦੇ ਟਰੇਲਰ ਦੇ ਰਿਲੀਜ਼ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਸ ਕੋਲ ਫਿਲਮਾਂ, ਸ਼ੈਲੀ ਅਤੇ ਭੂਮਿਕਾਵਾਂ ਦੀ ਲੰਮੀ ਸੂਚੀ ਹੈ ਤੇ ਉਹ ਅਜਿਹੀਆਂ ਫਿਲਮਾਂ ਕਰਨਾ ਚਾਹੁੰਦੀ ਹੈ। ਸੁਸ਼ਮਿਤਾ ਨੇ ਦੱਸਿਆ, ‘ਅਭੀ ਤੋ ਬਸ ਸ਼ੁਰੂਆਤ ਹੂਈ ਹੈ।’ ਉਸ ਨੇ ਕਿਹਾ ਕਿ ਦੂਜੀ ਪਾਰੀ ਹਰ ਕਲਾਕਾਰ ਲਈ ਹੈਰਾਨੀਜਨਕ ਹੁੰਦੀ ਹੈ। ਜ਼ਿਕਰਯੋਗ ਹੈ ਕਿ ‘ਆਰੀਆ 3’ ਤਿੰਨ ਨਵੰਬਰ ਤੋਂ ਡਿਜ਼ਨੀ+ਹੌਟਸਟਾਰ ‘ਤੇ ਦਿਖਾਈ ਜਾਵੇਗੀ।