ਰਣਬੀਰ ਕਪੂਰ ਦੀ ਐਨੀਮਲ ਦੀ ਰਿਲੀਜ਼ ਮੁਲਤਵੀ

ਬ੍ਰਹਮਾਸਤਰ ਅਤੇ ਤੂ ਝੂਠੀ ਮੈਂ ਮੱਕਾਰ ਤੋਂ ਕੁੱਝ ਸੰਭਲੇ ਰਣਬੀਰ ਕਪੂਰ ਦੀ ਅਗਲੀ ਫ਼ਿਲਮ ਐਨੀਮਲ ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ। ਇਹ ਫ਼ਿਲਮ 11 ਅਗਸਤ ਨੂੰ ਰਿਲੀਜ਼ ਹੋਣੀ ਸੀ, ਪਰ ਨਿਰਮਾਤਾਵਾਂ ਨੇ ਹੁਣ ਇਸ ਦੀ ਰਿਲੀਜ਼ ਨੂੰ ਅੱਗੇ ਵਧਾ ਦਿੱਤਾ ਹੈ। ਹੁਣ ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਚਰਚਾਵਾਂ ਹੋ ਰਹੀਆਂ ਹਨ।
ਕੁੱਝ ਕਹਿ ਰਹੇ ਹਨ ਕਿ ਇਹ ਫ਼ਿਲਮ 15 ਅਗਸਤ ਦੇ ਵੀਕੈਂਡ ‘ਚ ਹੋਰ ਫ਼ਿਲਮਾਂ ਨਾਲ ਟਕਰਾਅ ਦੇ ਡਰ ਕਾਰਨ ਅੱਗੇ ਵਧਾ ਦਿੱਤੀ ਗਈ ਹੈ ਜਦਕਿ ਕੁੱਝ ਕਹਿ ਰਹੇ ਹਨ ਕਿ ਕੰਮ ਅਜੇ ਪੂਰਾ ਨਹੀਂ ਹੋਇਆ, ਪਰ ਇਹ ਤੈਅ ਹੋ ਗਿਆ ਹੈ ਕਿ ਰਣਬੀਰ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਅਗਲੀ ਫ਼ਿਲਮ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਮੀਡੀਆ ਰਿਪੋਰਟਾਂ ‘ਚ ਕਿਹਾ ਜਾ ਰਿਹਾ ਹੈ ਕਿ ਐਨੀਮਲ ਦੀ ਰਿਲੀਜ਼ ਡੇਟ ਹੁਣ ਕਰੀਬ ਤਿੰਨ ਮਹੀਨੇ ਅੱਗੇ ਵਧਾ ਦਿੱਤੀ ਗਈ ਹੈ ਹਾਲਾਂਕਿ ਨਿਰਮਾਤਾਵਾਂ ਨੇ ਇਸ ਬਾਰੇ ਕੋਈ ਅਧਿਕਾਰਿਕ ਐਲਾਨ ਨਹੀਂ ਕੀਤਾ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਪੂਰੀ ਹੋਣ ਦੇ ਬਾਵਜੂਦ ਨਿਰਦੇਸ਼ਕ ਸੰਦੀਪ ਵਾਂਗਾ ਇਸ ਦੇ ਗ੍ਰਾਫ਼ਿਕਸ ਅਤੇ VFX ਨੂੰ ਲੈ ਕੇ ਕੋਈ ਜੋਖ਼ਮ ਨਹੀਂ ਲੈਣਾ ਚਾਹੁੰਦੇ।
ਦਰਅਸਲ ਆਦਿਪੁਰਸ਼ ਦੇ ਵੀਡੀਓ ਈਫ਼ੈਕਟਸ (VFX) ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕਿਰਿਆ ਤੋਂ ਬਾਅਦ ਸਾਰੇ ਨਿਰਮਾਤਾ-ਨਿਰਦੇਸ਼ਕ ਸਾਵਧਾਨ ਹੋ ਗਏ ਹਨ। ਉਹ ਆਪਣੀਆਂ ਫ਼ਿਲਮਾਂ ਦੇ VFX ਨੂੰ ਹੌਲੀਵੁਡ ਦੇ ਪੱਧਰ ੱਕ ਵਧਾਉਣਾ ਚਾਹੁੰਦੇ ਹਨ। ਉਹ ਸਮਝ ਗਏ ਹਨ ਕਿ ਜੇਕਰ VFX ਖ਼ਰਾਬ ਹੋ ਜਾਂਦੇ ਹਨ ਤਾਂ ਫ਼ਿਲਮ ਉਸ ਪੜਾਅ ‘ਤੇ ਰੱਦ ਹੋ ਜਾਵੇਗੀ।
ਐਨੀਮਲ ਦੀ ਰਿਲੀਜ਼ ਡੇਟ ਅੱਗੇ ਵਧਣ ਨਾਲ ਹੀ 11 ਅਗਸਤ ਨੂੰ ਰਿਲੀਜ਼ ਹੋਣ ਵਾਲੀਆਂ ਦੋ ਹੋਰ ਵੱਡੀਆਂ ਫ਼ਿਲਮਾਂ ਲਈ ਸਪੱਸ਼ਟ ਕਟੌਤੀ ਹੋ ਜਾਵੇਗੀ। ਅਕਸ਼ੇ ਕੁਮਾਰ ਦੀ ਓ ਮਾਈ ਗੌਡ 2 ਅਤੇ ਸਨੀ ਦਿਓਲ ਦੀ ਗ਼ਦਰ 2 ਵੀ ਉਸੇ ਦਿਨ ਰਿਲੀਜ਼ ਹੋ ਰਹੀਆਂ ਸਨ। ਦੋਵੇਂ ਸੀਕੁਅਲ ਫ਼ਿਲਮਾਂ ਹਨ। ਦੋਵਾਂ ਦੀਆਂ ਪਿਛਲੀਆਂ ਫ਼ਿਲਮਾਂ ਸੁਪਰਹਿੱਟ ਰਹੀਆਂ ਸਨ।
ਅਜਿਹੇ ‘ਚ ਜੇਕਰ 11 ਅਗਸਤ ਨੂੰ ਐਨੀਮਲ ਆ ਜਾਂਦੀ ਤਾਂ ਯਕੀਨੀ ਤੌਰ ‘ਤੇ ਸਖ਼ਤ ਮੁਕਾਬਲਾ ਹੋਣਾ ਸੀ। ਦੱਸਿਆ ਜਾ ਰਿਹਾ ਹੈ ਕਿ ਐਨੀਮਲ ਹੁਣ 1 ਦਸੰਬਰ ਨੂੰ ਰਿਲੀਜ਼ ਹੋਵੇਗੀ। ਅਜਿਹੇ ‘ਚ ਫ਼ਿਲਮ ਨੂੰ ਬੌਕਸ ਔਫ਼ਿਸ ‘ਤੇ ਫ਼ੁਕਰੇ 3 ਅਤੇ ਸੈਮ ਬਹਾਦਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਚੰਗੀ ਗੱਲ ਇਹ ਹੈ ਕਿ ਓਦੋਂ ਤੱਕ ਭਾਰਤ ‘ਚ ਹੋਣ ਵਾਲਾ ਕ੍ਰਿਕਟ ਵਿਸ਼ਵ ਕੱਪ ਖ਼ਤਮ ਹੋ ਚੁੱਕਾ ਹੋਵੇਗਾ। ਇਸ ਦੇ ਨਾਲ ਹੀ ਕੰਗਨਾ ਰਣੌਤ ਦੀ ਫ਼ਿਲਮ ਐਮਰਜੈਂਸੀ ਵੀ 24 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਹੈ।