ਲਖਨਊ— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ਸਮਾਜਵਾਦੀ ਪਾਰਟੀ ਤੇ ਕਾਂਗਰਸ ਦੇ ਗਠਜੋੜ ‘ਤੇ ਬਣੀ ਸਹਿਮਤੀ ਤੋਂ ਬਾਅਦ ਸ਼ੀਲਾ ਦੀਕਸ਼ਿਤ ਨੇ ਆਪਣਾ ਨਾਂ ਮੁੱਖ ਮੰਤਰੀ ਉਮੀਦਵਾਰ ਵਜੋਂ ਵਾਪਸ ਲੈ ਲਿਆ ਹੈ। ਦੱਸਣਯੋਗ ਹੈ ਕਿ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਦੇ ਨਾਂ ਦਾ ਐਲਾਨ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਵਜੋਂ ਕੀਤਾ ਸੀ।
ਮੁੱਖ ਮੰਤਰੀ ਅਹੁਦੇ ਤੋਂ ਉਮੀਦਵਾਰੀ ਵਾਪਸ ਲੈਂਦਿਆਂ ਸ਼ੀਲਾ ਨੇ ਕਿਹਾ, ”ਮੈਂ ਮੁੱਖ ਮੰਤਰੀ ਅਹੁਦੇ ਤੋਂ ਆਪਣੀ ਉਮੀਦਵਾਰੀ ਵਾਪਸ ਲੈਂਦੀ ਹਾਂ। ਹੁਣ ਅਸੀਂ ਇਕੱਠੇ ਦੋ ਮੁੱਖ ਮੰਤਰੀ ਉਮੀਦਵਾਰਾਂ ਨਾਲ ਚੋਣਾਂ ‘ਚ ਨਹੀਂ ਉੱਤਰ ਸਕਦੇ।” ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ‘ਚ ਕਾਂਗਰਸ ਤੇ ਸਪਾ ਵਿਚਾਲੇ ਗਠਜੋੜ ਲਗਭਗ ਤੈਅ ਹੋ ਗਿਆ ਹੈ, ਸਿਰਫ ਰਸਮੀ ਤੌਰ ‘ਤੇ ਐਲਾਨ ਕਰਨਾ ਬਾਕੀ ਹੈ। ਇਸੇ ਨੂੰ ਮੁੱਖ ਰੱਖਦਿਆਂ ਸ਼ੀਲਾ ਨੇ ਇਹ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਮੀਡੀਆ ਦੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਾਡੇ ਕੋਲ ਬਹੁਤ ਘੱਟ ਸਮਾਂ ਹੈ। ਅਜਿਹੇ ‘ਚ ਇਕ-ਦੋ ਦਿਨਾਂ ‘ਚ ਗਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ। ਅਖਿਲੇਸ਼ ਦੇ ਬਿਆਨ ਤੋਂ ਬਾਅਦ ਉੱਤਰ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਤੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਨੇ ਪ੍ਰੈੱਸ ਕਾਨਫਰੰਸ ‘ਚ ਗਠਜੋੜ ਦੀ ਜਾਣਕਾਰੀ ਦਿੱਤੀ ਸੀ।















