ਯੂਕ੍ਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ ‘ਚ ਹਿਰਾਸਤ ‘ਚ ਲਿਆ ਗਿਆ ਪੋਲਿਸ਼ ਵਿਅਕਤੀ

ਕੀਵ – ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਕਤਲ ਦੀ ਰੂਸੀ ਸਾਜ਼ਿਸ਼ ਰਚਣ ਵਿਚ ਮਦਦ ਕਰਨ ਲਈ ਇਕ ਪੋਲਿਸ਼ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੋਲਿਸ਼ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਸ਼ੱਕੀ ਪਾਵੇਲ ਨੂੰ ਰੂਸੀ ਵਿਸ਼ੇਸ਼ ਸੇਵਾਵਾਂ ਵੱਲੋਂ ਜ਼ੇਲੈਂਸਕੀ ’ਤੇ ਘਾਤਕ ਹਮਲੇ ਦੀ ਯੋਜਨਾ ਬਣਾਉਣ ਵਿਚ ਮਦਦ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸਤਗਾਸਾ ਮੁਤਾਬਕ ਜੇਕਰ ਪਾਵੇਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ 8 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
ਇਸਤਗਾਸਾ ਨੇ ਕਿਹਾ ਕਿ ਇਹ ਵਿਅਕਤੀ ਯੂਕ੍ਰੇਨ ਦੀ ਸਰਹੱਦ ਤੋਂ ਲਗਭਗ 100 ਕਿਲੋਮੀਟਰ ਦੂਰ ਦੱਖਣ-ਪੂਰਬੀ ਪੋਲੈਂਡ ਦੇ ਰਜ਼ੇਜ਼ੋ-ਗਜ਼ਿਓਨਕਾ ਹਵਾਈ ਅੱਡੇ ’ਤੇ ਸੁਰੱਖਿਆ ਬਾਰੇ ਰੂਸੀ ਜਾਸੂਸਾਂ ਨੂੰ ਜਾਣਕਾਰੀ ਦੇਣ ਦੀ ਤਿਆਰੀ ਕਰ ਰਿਹਾ ਸੀ। ਜ਼ੇਲੈਂਸਕੀ ਵਿਦੇਸ਼ ਯਾਤਰਾ ਕਰਨ ਵੇਲੇ ਜ਼ਿਆਦਾਤਰ ਇਸ ਹਵਾਈ ਅੱਡੇ ਦੀ ਵਰਤੋਂ ਕਰਦੇ ਹਨ। ਇਹ ਯੂਕ੍ਰੇਨ ਦੀ ਸਰਹੱਦ ਦੇ ਨਜ਼ਦੀਕੀ ਹਵਾਈ ਅੱਡਿਆਂ ਵਿਚੋਂ ਇਕ ਹੈ।