ਵਿਆਨਾ: ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਵਿਸ਼ਵ ਦੇ 15ਵਾਂ ਦਰਜਾ ਪ੍ਰਾਪਤ ਖਿਡਾਰੀ ਜੋ ਵਿਲਫ਼ਰੇਡ ਸੋਂਗਾ ਨੂੰ ਫ਼ਾਈਨਲ ਮੁਕਾਬਲੇ ‘ਚ ਹਰਾ ਕੇ ਏਰੇਸਤੇ ਬੈਂਕ ਓਪਨ-500 ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਜਿੱਤ ਨਾਲ ਹੀ ਮਰੇ ਪੁਰਸ਼ਾਂ ਦੀ ਵਿਸ਼ਵ ਟੈਨਿਸ ਰੈਂਕਿੰਗ ‘ਚ ਚੋਟੀ ਸਥਾਨ ਨੂੰ ਹਾਸਲ ਕਰਨ ਦੇ ਹੋਰ ਨੇੜੇ ਪਹੁੰਚ ਗਿਆ ਹੈ। ਵਰਤਮਾਨ ‘ਚ ਸਰਬਿਆ ਦਾ ਨੋਵਾਕ ਜੋਕੋਵਿੱਚ ਵਿਸ਼ਵ ਦਾ ਚੋਟੀ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਹੈ। ਵਿਸ਼ਵ ਦਾ ਦੂਜਾ ਦਰਜਾ ਪ੍ਰਾਪਤ ਟੈਨਿਸ ਖਿਡਾਰੀ ਮਰੇ ਨੇ ਫ਼ਰਾਂਸ ਦੇ ਸੋਂਗਾ ਨੂੰ 6-3, 7-6 (8-6) ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਪਹਿਲੇ ਸੈੱਟ ਨੂੰ ਜਿੱਤਣ ਤੋਂ ਬਾਅਦ ਮਰੇ ਨੂੰ ਦੂਜੇ ਸੈੱਟ ਨੂੰ ਆਪਣੇ ਨਾਂ ਕਰਨ ‘ਚ ਥੋੜ੍ਹੀ ਮਿਹਨਤ ਕਰਨੀ ਪਈ ਅਤੇ ਟਾਈ ਬ੍ਰੇਕ ਨੂੰ ਤੋੜਦੇ ਹੋਏ ਉਸ ਨੇ ਖਿਤਾਬੀ ਮੁਕਾਬਲਾ ਜਿੱਤ ਲਿਆ। ਮਰੇ ਜੇਕਰ ਅਗਲੇ ਹਫ਼ਤੇ ਆਯੋਜਿਤ ਹੋਣ ਵਾਲੇ ਪੈਰਿਸ ਮਾਸਟਰ ਦਾ ਖਿਤਾਬ ਜਿੱਤ ਲੈਂਦਾ ਹੈ ਤਾਂ ਉਹ ਜੋਕੋਵਿੱਚ ਨੂੰ ਹਰਾਉਂਦੇ ਹੋਏ ਵਿਸ਼ਵ ਰੈਂਕਿੰਗ ‘ਚ ਚੋਟੀ ਸਥਾਨ ਹਾਸਲ ਕਰ ਲਵੇਗਾ। ਏਰੇਸਤੇ ਬੈਂਕ ਓਪਨ-500 ਦਾ ਖਿਤਾਬ ਜਿੱਤਣ ਤੋਂ ਬਾਅਦ ਮਰੇ ਨੇ ਕਿਹਾ, ”ਮੈਂ ਆਪਣੇ ਟੀਚੇ ਦੇ ਬਹੁਤ ਕਰੀਬ ਪਹੁੰਚ ਗਿਆ ਹਾਂ, ਪਰ ਅਜੇ ਵੀ ਇਥੋਂ ਇਕ ਲੰਬਾ ਸਫ਼ਰ ਤੈਅ ਕਰਨਾ ਬਾਕੀ ਹੈ।”












