ਮੰਤਰੀ ਧਾਲੀਵਾਲ ਦਾ ਵੱਡਾ ਐਲਾਨ, ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੁਆਵਜ਼ਾ ਦੇਵੇਗੀ ਸਰਕਾਰ

ਅਜਨਾਲਾ – ਰਾਵੀ ਦਰਿਆ ਦੇ ਕੰਢੇ ਪੈਂਦੀਆਂ ਜ਼ਮੀਨਾਂ ਪਾਣੀ ਦੇ ਵਹਾਅ ਕਾਰਨ ਰੁੜ ਰਹੀਆਂ ਹਨ, ਜਿਸ ਨੂੰ ਰੋਕਣ ਲਈ ਪੱਥਰ ਦੇ ਸਪੱਰ ਬਣਾਏ ਜਾਣਗੇ। ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਹ ਐਲਾਨ ਅਜਨਾਲਾ ਹਲਕੇ ਦੀਆਂ ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਮੌਕਾ ਵੇਖਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕੀਤਾ। ਬੀਤੇ ਦਿਨ ਡਿਪਟੀ ਕਮਿਸਨਰ ਅਮਿਤ ਤਲਵਾੜ , ਐਸ. ਡੀ .ਐੱਮ. ਅਰਵਿੰਦਰਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਇਹ ਵਾਕਿਆ ਵੇਖਣ ਪੁੱਜੇ ਸਨ, ਤਾਂ ਜੋ ਇਸ ਮਸਲੇ ਦਾ ਕੋਈ ਫੌਰੀ ਹੱਲ ਕੀਤਾ ਜਾ ਸਕੇ।
ਮੰਤਰੀ ਧਾਲੀਵਾਲ ਨੇ ਕਿਹਾ ਮੈਂ ਇਹ ਮਸਲਾ ਕੁੱਝ ਮਹੀਨੇ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਧਿਆਨ ‘ਚ ਲਿਆ ਕੇ ਬਿਆਸ, ਸਤਲੁਜ ਅਤੇ ਰਾਵੀ ਦਰਿਆ ਦੀ ਭੇਟ ਚੜੀਆਂ ਜ਼ਮੀਨਾਂ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਅਪੀਲ ਕੀਤੀ ਸੀ, ਜਿਸ ਦਾ ਉਨ੍ਹਾਂ ਹਾਂ ਪੱਖੀ ਹੁੰਗਾਰਾ ਦਿੰਦੇ ਅਧਿਕਾਰੀਆਂ ਨੂੰ ਇਸ ਮੁੱਦੇ ਦਾ ਕੋਈ ਚੰਗਾ ਹੱਲ ਦੇਣ ਦੀ ਹਦਾਇਤ ਕਰਦੇ ਕਿਹਾ ਹੈ ਕਿ ਇਨ੍ਹਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਰਾਜ ਦੀ ਰਿਣ ਯੋਜਨਾ ਵਿੱਚ ਕੀਤੀ ਗਈ ਕਟੌਤੀ ਨੂੰ ਸੂਬੇ ਨਾਲ ਵਿਤਕਰਾ ਕਰਾਰ ਦਿੰਦੇ ਹੋਏ ਕਿਹਾ ਕਿ ਪਹਿਲਾਂ ਆਰ .ਡੀ .ਐੱਫ਼. ‘ਚ ਕਟੌਤੀ ਅਤੇ ਹੁਣ ਕਰਜ਼ਾ ਯੋਜਨਾ ਵਿੱਚ ਕਟੌਤੀ ਕਰਕੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਮੌਕੇ ਸੀਨੀ.ਆਪ ਆਗੂ ਖੁਸ਼ਪਾਲ ਸਿੰਘ ਧਾਲੀਵਾਲ, ਓ.ਐੱਸ.ਡੀ. ਰਾਜੀਵ ਮਦਾਨ, ਓ.ਐੱਸ.ਡੀ.ਚਰਨਜੀਤ ਸਿੰਘ ਸਿੱਧੂ,ਸ਼ਹਿਰੀ ਆਪ ਪ੍ਰਧਾਨ ਦੀਪਕ ਚੈਨਪੁਰੀਆ, ਸੁਰਜੀਤ ਸਿੰਘ ਪੰਨੂ ਗੱਗੋਮਾਹਲ ਆਦਿ ਹਾਜ਼ਰ ਸਨ।