ਮੌਨੀ ਰਾਏ ਅਤੇ ਹਿਨਾ ਖ਼ਾਨ ‘ਚ ਜੰਗ

ਛੋਟੇ ਪਰਦੇ ‘ਤੇ ਮੌਨੀ ਰਾਏ ਅਭਿਨੇਤਰੀ ਹਿਨਾ ਖ਼ਾਨ ਨੂੰ ਆਪਣੀ ਵਿਰੋਧੀ ਮੰਨਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮੌਨੀ ਨੇ ਹਾਲ ਹੀ ‘ਚ ਹਿਨਾ ਖ਼ਾਨ ਨੂੰ ਮੁੱਖ ਰੱਖ ਕੇ ਇੱਕ ਨਿਰਮਾਤਾ ਤੋਂ ਅਜਿਹੀ ਫ਼ੀਸ ਦੀ ਮੰਗ ਰੱਖੀ ਕਿ ਉਹ ਉਸੇ ਵਕਤ ਵਾਪਿਸ ਮੁੜ ਗਿਆ। ਸੂਤਰਾਂ ਅਨੁਸਾਰ ਮੌਨੀ ਰਾਏ ਨੂੰ ਇਹ ਨਿਰਮਾਤਾ ਇੱਕ ਵੈੱਬ ਸੀਰੀਜ਼ ਲਈ ਸਾਈਨ ਕਰਨ ਗਿਆ ਸੀ, ਅਤੇ ਮੌਨੀ ਨੇ ਤਿੰਨ ਲੱਖ ਰੁਪਏ ਉਸ ਕੋਲੋਂ ਪ੍ਰਤੀ ਐਪੀਸੋਡ ਮੰਗ ਲਏ। ਨਿਰਮਾਤਾ ਇਸ ਮੰਗ ਨੂੰ ਸੁਣ ਕੇ ਬਹੁਤ ਹੈਰਾਨ ਹੋਇਆ ਅਤੇ ਅੱਗੋਂ ਮੌਨੀ ਵਲੋਂ ਦਲੀਲ ਇਹ ਦਿੱਤੀ ਗਈ ਕਿ ਜੇ ਹਿਨਾ ਖ਼ਾਨ ਨੂੰ ਪ੍ਰਤੀ ਐਪੀਸੋਡ ਢਾਈ ਲੱਖ ਰੁਪਏ ਮਿਲ ਸਕਦੇ ਹਨ ਤਾਂ ਉਹ ਤਿੰਨ ਲੱਖ ਰੁਪਏ ਹੀ ਲਵੇਗੀ। ਸੂਤਰਾਂ ਮੁਤਾਬਿਕ, ਹੋ ਸਕਦਾ ਹੈ ਕਿ ਹਿਨਾ ਖ਼ਾਨ ਅਤੇ ਮੌਨੀ ਰਾਏ ਵਿਚਕਾਰ ਕੋਈ ਜੰਗ ਚੱਲ ਰਹੀ
ਹੋਵੇ। ਹਾਲ ਹੀ ‘ਚ ਜਾਣਕਾਰੀ ਸਾਹਮਣੇ ਆਈ ਸੀ ਕਿ ਹਿਨਾ ਖ਼ਾਨ ਵੀ ਟੀ.ਵੀ. ਸੀਰੀਅਲ ਤੋਂ ਬਾਅਦ ਹੁਣ ਬੌਲੀਵੁਡ ਵੱਲ ਆਪਣਾ ਧਿਆਨ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਫ਼ਿਲਮ ਗੋਲਡ ਦੇ ਸਫ਼ਲ ਹੁੰਦੇ ਹੀ ਮੌਨੀ ਰਾਏ ਨੇ ਆਪਣੀ ਫ਼ੀਸ ਵੀ ਜ਼ਿਆਦਾ ਕਰ ਦਿੱਤੀ ਹੈ। ਉਸ ਨੂੰ ਵੱਡੇ ਪਰਦੇ ‘ਤੇ ਕੰਮ ਦਾ ਮੌਕਾ ਹੁਣ ਜ਼ਿਆਦਾ ਮਿਲ ਰਿਹਾ ਹੈ। ਕਰਨ ਜੌਹਰ ਦੀ ਫ਼ਿਲਮ ਬ੍ਰਹਮਾਸਤਰ ‘ਚ ਵੀ ਉਹ ਅਹਿਮ ਭੂਮਿਕਾ ਨਿਭਾ ਰਹੀ ਹੈ। ਇਸ ਫ਼ਿਲਮ ‘ਚ ਅਮਿਤਾਭ, ਰਣਬੀਰ ਕਪੂਰ ਅਤੇ ਆਲੀਆ ਭੱਟ ਵਰਗੇ ਸਿਤਾਰੇ ਕੰਮ ਕਰ ਰਹੇ ਹਨ। ਇਸ ਤੋਂ ਇਲਾਵਾ ਮੌਨੀ ਨੇ ਫ਼ਿਲਮ ਸੰਜੀਦਾ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਅਦਾਕਾਰ ਰਾਜਕੁਮਾਰ ਰਾਓ ਨਾਲ ਮੇਡ ਇਨ ਚਾਈਨਾ ਵੀ ਸਾਈਨ ਕੀਤੀ ਹੈ ਅਤੇ 2-3 ਹੋਰ ਨਿਰਮਾਤਾਵਾਂ ਦੀਆਂ ਫ਼ਿਲਮਾਂ ‘ਚ ਵੀ ਮੌਨੀ ਦੇ ਕਿਰਦਾਰ ਨੂੰ ਲੈ ਕੇ ਗੱਲ ਚੱਲ ਰਹੀ ਹੈ। ਜੋ ਵੀ ਹੈ, ਟੀਵੀ ਸੀਰੀਅਲ ਤੋਂ ਫ਼ਿਲਮਾਂ ਵਿੱਚ ਆਈ ਮੌਨੀ ਆਪਣੇ ਕਰੀਅਰ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਦੇ ਯਤਨ ‘ਚ ਹੈ।