ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੇ ਉਸ ਸਰਵੇਖਣ ਨੂੰ ਖਾਰਜ ਕੀਤਾ ਹੈ, ਜਿਸ ‘ਚ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ ਫੈਸਲੇ ਦਾ ਪੰਜ ਲੱਖ ਲੋਕਾਂ ‘ਚੋਂ 90 ਫੀਸਦੀ ਤੋਂ ਜ਼ਿਆਦਾ ਲੋਕਾਂ ਨੇ ਸਮਰਥਨ ਕੀਤਾ ਹੈ। ਆਪ ਨੇਤਾ ਆਸ਼ੀਸ਼ ਖੇਤਾਨ ਨੇ ਬੁੱਧਵਾਰ ਰਾਤ ਇਕ ਟਵੀਟ ‘ਚ ਕਿਹਾ ਕਿ ਕੇਵਲ 15 ਫੀਸਦੀ ਭਾਰਤੀਆਂ ਕੋਲ ਸਮਾਰਟ ਫੋਨ ਹਨ ਅਤੇ ਪੰਜ ਲੱਖ ਲੋਕ ਇਸ ਅੰਕੜੇ ਦਾ ਇਕ ਫੀਸਦੀ ਵੀ ਨਹੀਂ ਹੈ। ਇਹ ਬਹੁਤ ਹੀ ਸ਼ਰਮਨਾਕ ਹੈ ਕਿ ਦੇਸ਼ ਦੇ ਪ੍ਰਧਾਨ-ਮੰਤਰੀ ਇਸ ਨੂੰ ਲੋਕਪ੍ਰਿਯ ਰੁਖ ਦੇ ਤੌਰ ‘ਤੇ ਪੇਸ਼ ਕਰ ਰਹੇ ਹਨ।
ਟਵੀਟ ਕਰਕੇ ਆਪ ਨੇ ਕਿਹਾ— ਸ਼ਰਮਨਾਕ ਹੈ…
ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਫੈਸਲੇ ਦਾ ਸਮਾਰਟ ਫੋਨ ਦਾ ਇਸਤੇਮਾਲ ਕਰਨ ਵਾਲਿਆਂ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਇਨ੍ਹਾਂ ਸਾਰਿਆਂ ਕੋਲ ਡੈਬਿਟ ਕਾਰਡ ਜਾਂ ਕਰੈਡਿਟ ਕਾਰਡ ਜ਼ਰੂਰ ਹੋਣਗੇ ਪਰ ਉਨ੍ਹਾਂ ਗਰੀਬ ਕਿਸਾਨਾਂ, ਮਜ਼ਦੂਰਾਂ ਅਤੇ ਮਿਹਨਤਕਸ਼ ਲੋਕਾਂ ਦਾ ਕੀ ਹੋਵੇਗਾ ਜੋ ਇਸ ਤਰ੍ਹਾਂ ਦੀਆਂ ਸੁਵਿਧਾਵਾਂ ਤੋਂ ਵਾਂਝੇ ਹਨ। ਆਪ ਬੁਲਾਰੇ ਨੇ ਮੋਦੀ ਦੇ ਸਵਾਲ ਕੀਤਾ ਹੈ ਕਿ ਆਖਿਰ ਉਹ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੇ ਪ੍ਰਤੀਨਿਧੀ ਚੁਣੇ ਹੋਏ ਸਾਂਸਦਾਂ ਤੋਂ ਸਵਾਲ ਕਿਉਂ ਨਹੀਂ ਪੁੱਛਦੇ?
24 ਘੰਟਿਆਂ ‘ਚ 5 ਲੱਖ ਜਵਾਬ
ਜ਼ਿਕਰਯੋਗ ਹੈ ਕਿ ਨੋਟਬੰਦੀ ‘ਤੇ ਪ੍ਰਧਾਨ-ਮੰਤਰੀ ਵਲੋਂ ਐਪ ਦੇ ਮਾਧਿਅਮ ਨਾਲ ਰਾਇ ਮੰਗੀ ਸੀ। ਜਨ-ਧਨ ਦੀ ਗੱਲ ਨਾਂ ਦੇ ਇਸ ਸਰਵੇਖਣ ਦੇ ਸ਼ੁਰੂ ਹੋਣ ਦੇ 24 ਘੰਟਿਆਂ ਅੰਦਰ ਦੁਨੀਆਂ ਦੇ 2000 ਸਥਾਨਾਂ ‘ਤੇ ਪੰਜ ਲੱਖ ਲੋਕਾਂ ਨੇ ਆਪਣੀ ਰਾਇ ਪ੍ਰਗਟ ਕੀਤੀ। ਪ੍ਰਤੀ ਮਿੰਟ 400 ਤੋਂ ਵੱਧ ਜਵਾਬ ਦਿੱਤੇ ਗਏ। ਇਨ੍ਹਾਂ ‘ਚੋਂ 93 ਫੀਸਦ ਲੋਕ ਭਾਰਤ ਤੋਂ ਹਨ। ਸਰਵੇਖਣ ‘ਚ 24 ਫੀਸਦੀ ਜਵਾਬ ਹਿੰਦੀ ਭਾਸ਼ਾ ‘ਚ ਮਿਲੇ ਹਨ।
ਲੋਕਾਂ ਨੇ ਜੰਮ ਕੇ ਕੀਤੀ ਮੋਦੀ ਦੀ ਸਿਫਤ
ਇਹ ਸਰਵੇਖਣ ਮੰਗਲਵਾਰ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਦੁਪਹਿਰ ਸਾਢੇ ਤਿੰਨ ਵਜੇ ਤੱਕ ਪੰਜ ਲੱਖ ਤੋਂ ਵੱਧ ਲੋਕਾਂ ਨੇ ਇਸ ‘ਤੇ ਆਪਣੀ ਰਾਇ ਪ੍ਰਗਟ ਕੀਤੀ ਹੈ। ਪ੍ਰਧਾਨ-ਮੰਤਰੀ ਦੇ ਟਵਿਟਰ ‘ਤੇ ਜਾਰੀ ਸਰਵੇਖਣ ਰਿਪੋਰਟ ਅਨੁਸਾਰ ਹੁਣ ਤੱਕ ਪੰਜ ਲੱਖ ਲੋਕਾਂ ਨੇ ਆਪਣੀ ਰਾਇ ਪ੍ਰਗਟ ਕੀਤੀ ਹੈ। ਜਿਨ੍ਹਾਂ ‘ਚੋਂ 93 ਫੀਸਦੀ ਤੋਂ ਵੱਧ ਨੇ 500 ਅਤੇ 1000 ਰੁਪਏ ਦੇ ਨੋਟ ਚੱਲਣ ਤੋਂ ਬਾਹਰ ਕਰਨ ਦੇ ਫੈਸਲੇ ਦਾ ਸਮਰਥਨ ਕੀਤਾ ਹੈ ਅਤੇ ਕੇਵਲ ਦੋ ਫੀਸਦੀ ਨੇ ਇਸ ਚੰਗਾ ਕਦਮ ਨਹੀਂ ਦੱਸਿਆ ਹੈ।















