ਦੁਬਈ – ਪਿਛਲੇ ਸਾਲ ਹੋਏ ICC ਵਿਸ਼ਵ ਕੱਪ ਨੂੰ ਖ਼ਤਮ ਹੋਏ ਭਾਵੇਂ ਇੱਕ ਸਾਲ ਹੋ ਗਿਆ ਹੈ, ਪਰ ਭਾਰਤੀ ਟੈੱਸਟ ਟੀਮ ਦੇ ਉੱਪ ਕਪਤਾਨ ਅਜਿੰਕਯ ਰਹਾਣੇ ਨੂੰ ਟੂਰਨਾਮੈਂਟ ‘ਚ ਟੀਮ ਵਿੱਚ ਨਹੀਂ ਸ਼ਾਮਿਲ ਕੀਤੇ ਜਾਣ ਦਾ ਹੁਣ ਵੀ ਮਲਾਲ ਹੈ। ਉਸ ਦਾ ਕਹਿਣਾ ਹੈ ਕਿ ਉਹ 2019 ਵਿਸ਼ਵ ਕੱਪ ਤੋਂ ਪਹਿਲਾਂ ਵਨ ਡੇ ‘ਚ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ ਅਤੇ ਉਸ ਨੂੰ ਟੀਮ ‘ਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਸੀ। ਰਹਾਣੇ ਪਿਛਲੇ ਇੱਕ ਸਾਲ ਤੋਂ ਜ਼ਿਆਦਾ ਸਮੇਂ ਸੀਮਿਤ ਓਵਰ ਦੇ ਖੇਡ ਨਾਲ ਭਾਰਤੀ ਟੀਮ ਤੋਂ ਬਾਹਰ ਚੱਲ ਰਿਹਾ ਹੈ, ਅਤੇ ਉਸ ਦਾ ਕਹਿਣਾ ਹੈ, ”ਜੇਕਰ ਉਸ ਨੂੰ ਇੰਗਲੈਂਡ ‘ਚ ਹੋਏ ਵਿਸ਼ਵ ਕੱਪ ‘ਚ ਟੀਮ ‘ਚ ਸ਼ਾਮਿਲ ਕੀਤਾ ਜਾਂਦਾ ਤਾਂ ਉਹ ਓਪਨਿੰਗ ਜਾਂ ਨੰਬਰ ਚਾਰ ‘ਤੇ ਖੇਡਣ ਲਈ ਵੀ ਤਿਆਰ ਸੀ। ਰਹਾਣੇ ਨੇ ਕਿਹਾ ਕਿ ਸਾਰੇ ਕ੍ਰਿਕਟਰਾਂ ਦਾ ਸੁਪਨਾ ਹੁੰਦਾ ਹੈ ਕਿ ਉਹ ਵਿਸ਼ਵ ਕੱਪ ‘ਚ ਖੇਡੇ ਅਤੇ ਇਹੀ ਗੱਲ ਮੇਰੇ ਲਈ ਵੀ ਲਾਗੂ ਹੁੰਦੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਮੈਂ ਵਨ ਡੇ ਟੀਮ ‘ਚ ਸ਼ਾਮਿਲ ਸੀ ਅਤੇ ਮੈਂ ਵਧੀਆ ਪ੍ਰਦਰਸ਼ਨ ਕਰ ਰਿਹਾ ਸੀ।”
”ਵਿਸ਼ਵ ਕੱਪ ਤੋਂ ਪਹਿਲਾਂ ਮੈਂ ਓਪਨਰ ਅਤੇ ਨੰਬਰ ਚਾਰ ‘ਤੇ ਖੇਡ ਰਿਹਾ ਸੀ, ਅਤੇ ਮੈਂ ਕਿਸੇ ਵੀ ਨੰਬਰ ‘ਤੇ ਖੇਡਣ ਲਈ ਤਿਆਰ ਸੀ।” ਇੱਥੇ ਪੁੱਛੇ ਜਾਣ ‘ਤੇ ਕੀ ਉਹ ਅਜੇ ਵੀ ਸੀਮਿਤ ਓਵਰ ਕ੍ਰਿਕਟ ‘ਚ ਖੇਡਣਾ ਚਾਹੁੰਦੈ, ਉਸ ਨੇ ਕਿਹਾ, ”ਮੈਂ ਸੀਮਿਤ ਓਵਰ ਕ੍ਰਿਕਟ ‘ਚ ਖੇਡਣ ਲਈ ਤਿਆਰ ਹਾਂ, ਮੈਂ ਉਨ੍ਹਾਂ ਚੀਜ਼ਾਂ ‘ਤੇ ਧਿਆਨ ਕੇਂਦਰਤ ਨਹੀਂ ਕਰਦਾ ਜਿਸ ‘ਤੇ ਮੇਰਾ ਨਿਯੰਤਰਣ ਨਾ ਹੋਵੇ, ਪਰ ਮੈਂ ਸਕਾਰਾਤਮਕ ਹਾਂ ਅਤੇ ਮੈਨੂੰ ਉਮੀਦ ਹੈ ਕਿ ਵਨ ਡੇ ਟੀਮ ‘ਚ ਵਾਪਸੀ ਕਰਾਂਗਾ। IPL ‘ਚ ਰਹਾਣੇ ਹੁਣ ਤਕ ਰਾਜਸਥਾਨ ਦੇ ਲਈ ਖੇਡਦਾ ਸੀ, ਪਰ ਇਸ ਸੈਸ਼ਨ ਉਹ ਦਿੱਲੀ ਕੈਪੀਟਲਜ਼ ਲਈ ਖੇਡੇਗਾ।












