ਮੈਂ ਫ਼ਿਰ ਕੈਨੇਡਾ ਆਇਆ-8

walia-bigਇਸ ਫ਼ੇਰੀ ਦੌਰਾਨ ਮੈਂ ਕੈਲਗਰੀ ਸਿਰਫ਼ ਦੋ ਦਿਨਾਂ ਲਈ ਜਾਣ ਦਾ ਫ਼ੈਸਲਾ ਕੀਤਾ ਸੀ। ਸੈਕਸਾਟੂਨ ਤੋਂ ਕੈਲਗਰੀ ਜਾਣ ਲਈ ਕਾਰ ਰਾਹੀਂ ਛੇ ਕੁ ਘੰਟੇ ਦਾ ਸਮਾਂ ਲੱਗਦਾ ਹੈ। ਸਵੇਰੇ ਦਸ ਵਜੇ ਕੈਲਗਰੀ ਲਈ ਰਵਾਨਾ ਹੋਏ। ਇਹ ਕੈਲਗਰੀ ਦੀ ਮੇਰੀ ਪੰਜਵੀਂ ਯਾਤਰਾ ਸੀ। ਪਹਿਲੀ ਵਾਰ ਮੈਂ 2009 ਵਿੱਚ ਕੈਲਗਰੀ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਮੇਰਾ ਪੰਜਾਬੀ ਯੂਨੀਵਰਸਿਟੀ ਵੇਲੇ ਦਾ ਸਾਥੀ ਦਵਿੰਦਰ ਸ਼ੌਰੀ ਨਾਰਥ ਈਸਟ ਕੈਲਗਰੀ ਤੋਂ ਮੈਂਬਰ ਪਾਰਲੀਮੈਂਟ ਸੀ ਅਤੇ ਮੈਂ ਉਹਨਾਂ ਦਾ ਮਹਿਮਾਨ ਸਾਂ। ਉਸ ਤੋਂ ਬਾਅਦ 2011 ਵਿੱਚ ਅਤੇ 2013 ਵਿੱਚ ਮੈਂ ਦਵਿੰਦਰ ਸ਼ੌਰੀ ਦੀ ਮਹਿਮਾਨ ਨਿਵਾਜੀ ਮਾਣ ਚੁੱਕਾ ਸੀ। 2015 ਵਿੱਚ ਮੈਂ ਆਪਣੇ ਬੇਟੇ ਰਮਨ ਰਿਸ਼ੀ ਦੇ ਭਰਾਵਾਂ ਵਰਗੇ ਦੋਸਤ ਕੰਵਰ ਗਰੇਵਾਲ ਦੇ ਵਿਆਹ ਵਿੱਚ ਸ਼ਾਮਲ ਹੋਣ ਗਿਆ ਸੀ। ਉਂਝ ਮੈਨੂੰ ਕੈਲਗਰੀ ਹਮੇਸ਼ਾ ਹੀ ਖਿੱਚ ਪਾਉਂਦਾ ਰਿਹਾ ਹੈ। ਮੈਨੂੰ ਇਹ ਕੈਨੇਡਾ ਦੇ ਸ਼ਹਿਰਾਂ ਵਿੱਚੋਂ ਇੱਕ ਵਧੀਆ ਸ਼ਹਿਰ ਲੱਗਦਾ ਹੈ। ਇਹ ਕੈਨੇਡਾ ਦੇ ਅਲਬਰਟਾ ਪ੍ਰਾਂਤ ਦਾ ਸਭ ਤੋਂ ਵੱਡਾ ਸ਼ਹਿਰ ਹੈ। ਅਲਬਰਟਾ ਦੀ ਰਾਜਧਾਨੀ ਐਡਮਿੰਟਨ ਤੋਂ 293 ਕਿਲੋਮੀਟਰ ਦੂਰ ਸਥਿਤ ਇਹ ਸ਼ਹਿਰ ਹੁਣ ਕੈਨੇਡਾ ਦਾ ਚੌਥਾ ਸਭ ਤੋਂ ਵੱਡਾ ਸ਼ਹਿਰ ਹੈ।ਉਂਝ ਕੈਲਗਰੀ ਦੀ ਆਰਥਿਕਤਾ ਪੈਟਰੋਲੀਅਮ ਉਦਯੋਗ ‘ਤੇ ਨਿਰਭਰ ਕਰਦੀ ਹੈ ਪਰ ਖੇਤੀ, ਟੂਰਿਜ਼ਮ ਅਤੇ ਤਕਨੀਕ ਉਦਯੋਗ ਦੀ ਭੂਮਿਕਾ ਨੂੰ ਵੀ ਘੱਟ ਕਰਕੇ ਨਹੀਂ ਵੇਖਿਆ ਜਾ ਸਕਦਾ। 1988 ਵਿੱਚ ਇਸ ਇਹ ਸ਼ਹਿਰ ਸਰਦ ਰੁੱਤ ਉਲੰਪਿਕ ਖੇਡਾਂ ਕਰਵਾਉਣ ਵਾਲਾ ਕੈਨੇਡਾ ਦਾ ਪਹਿਲਾ ਸ਼ਹਿਰ ਬਣ ਗਿਆ ਸੀ। ਭਾਵੇਂ ਇਸ ਸ਼ਹਿਰ ਦੇ ਪ੍ਰਵਾਸੀਆਂ ਵਿੱਚ ਚੀਨੀ ਲੋਕਾਂ ਦੀ ਗਿਣਤੀ ਸਭ ਤੋਂ ਵੱਧ ਹੈ ਪਰ ਫ਼ਿਰ ਵੀ ਪੰਜਾਬੀਆਂ ਨੇ ਆਪਣੀ ਚੰਗੀ ਪੈਂਠ ਬਣਾਈ ਹੋਈ ਹੈ। ਖਾਸ ਤੌਰ ‘ਤੇ ਸਿਆਸਤ ਵਿੱਚ ਪੰਜਾਬੀਆਂ ਦਾ ਪ੍ਰਭਾਵ ਸਮੁੱਚੇ ਕੈਨੇਡਾ ਵਾਂਗ ਹੀ ਕੈਲਗਰੀ ਵਿੱਚ ਵੀ ਦੇਖਿਆ ਜਾ ਸਕਦਾ ਹੈ। ਕੈਲਗਰੀ ਸਕਾਰਵਿਊ ਤੋਂ ਦਰਸ਼ਨ ਸਿੰਘ ਕੰਗ ਐਮ. ਪੀ. ਹਨ। ਕੈਲਗਰੀ ਫ਼ੋਰਸੈਟ ਲਾਨ ਤੋਂ ਦੀਪਕ ਉਬਰਾਹੀ ਪਾਰਲੀਮੈਂਟ ਦੇ ਮੈਂਬਰ ਚੁਣੇ ਗਏ ਹਨ। ਤਨਜਾਨੀਆ ਵਿੱਚ ਪੈਦਾ ਹੋਏ ਦੀਪਕ ਹਿੰਦੂ ਮੂਲ ਦੇ ਕੈਨੇਡੀਅਨ ਕਾਰੋਬਾਰੀ ਹਨ। ਇਉਂ ਕੈਲਗਰੀ ਸ਼ਹਿਰ ਦੇ ਹਰ ਖੇਤਰ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੈ। ਰੇਡੀਓ ਹੈ, ਅਖਬਾਰ ਹਨ ਅਤੇ ਪੰਜਾਬੀ ਸਾਹਿਤ ਸਭਾਵਾਂ ਕਾਰਜਸ਼ੀਲ ਹਨ।
ਸਵੇਰੇ 10 ਕੁ ਵਜੇ ਦੇ ਚੱਲੇ ਹੋਏ ਅਸੀਂ ਰੁਕਦੇ ਰੁਕਾਂਦੇ ਪੰਜ ਕੁ ਵਜੇ ਕੈਲਗਰੀ ਪਹੁੰਚੇ। ਬੇਟੇ ਰਮਨਰਿਸ਼ੀ ਦੇ ਰੋਕਣ ਦੇ ਬਾਵਜੂਦ ਮੈਂ 100-150 ਕਿਲੋਮੀਟਰ ਕਾਰ ਖੁਦ ਚਲਾਈ। ਜਦੋਂ ਕੋਈ ਮੇਰੇ ਵਰਗਾ ਇੰਡੀਆ ਤੋਂ ਗਿਆ ਸ਼ਖਸ ਕਾਰ ਚਲਾਉਂਦਾ ਹੈ ਤਾਂ ਜ਼ਿਆਦਾ ਤੇਜ਼ ਨਹੀਂ ਚਲਾ ਸਕਦਾ। ਖੱਬੇ ਅਤੇ ਸੱਜੇ ਦਾ ਫ਼ਰਕ ਹਮੇਸ਼ਾ ਦਿਮਾਗ ‘ਤੇ ਛਾਇਆ ਰਹਿੰਦਾ ਹੈ ਅਤੇ ਕਈ ਵਾਰ ਨਵੇਂ ਨਵੇਂ ਗਏ ਪਰਵਾਸੀ ਇਸ ਕਾਰਨ ਐਕਸੀਡੈਂਟ ਵੀ ਕਰਵਾ ਬੈਠਦੇ ਹਨ। ਖੈਰ, ਅਸੀਂ ਠੀਕ ਠਾਕ ਪਹੁੰਚ ਗਏ ਸਾਂ। ਮੈਨੂੰ ਦਵਿੰਦਰ ਸ਼ੌਰੀ ਉਡੀਕ ਰਿਹਾ ਸੀ ਅਤੇ ਉਧਰ ਬੇਟੇ ਨੇ ਆਪਣੇ ਮਿੱਤਰ ਕੰਵਰ ਗਰੇਵਾਲ ਨੂੰ ਸਾਡੇ ਪਹੁੰਚਣ ਦੀ ਖਬਰ ਕਰ ਦਿੱਤੀ ਸੀ। ਮੈਂ ਦੋਵਾਂ ਥਾਵਾਂ ‘ਤੇ ਜਾਣ ਦੀ ਬਜਾਏ ਹਰਵਿੰਦਰ ਢਿੱਲੋਂ ਦੀ ਪਤਨੀ ਵੱਲੋਂ ਚਲਾਏ ਜਾ ਰਹੇ ਹੋਟਲ ਸਨਾਈਲਾਰਕ ਜਾਣ ਨੂੰ ਤਰਜੀਹ ਦਿੰਤੀ। ਹਰਵਿੰਦਰ ਢਿੱਲੋਂ ਮੇਰੇ ਪੁਰਾਣੇ ਦੋਸਤਾਂ ਵਿੱਚੋਂ ਹੈ। ਇੰਡੀਆ ਵਿੱਚ ਉਹ ਆਰਮੀ ਵਿੱਚ ਮੇਜਰ ਸੀ ਅਤੇ ਫ਼ਿਰ ਹੈਲੀਕਾਪਟਰ ਦਾ ਪਾਇਲਟ ਰਿਹਾ ਸੀ। ਕੈਨੇਡਾ ਆ ਕੇ ਮੈਨੂੰ ਪਤਾ ਲੱਗਾ ਕਿ ਮਿਸਿਜ਼ ਢਿੱਲੋਂ ਦੇ ਮਾਤਾ ਜੀ ਗੁਜ਼ਰ ਗਏ ਹਨ। ਮੈਂ ਪਹਿਲਾਂ ਉਨ੍ਹਾ ਦੇ ਅਫ਼ਸੋਸ ‘ਤੇ ਜਾਣਾ ਚਾਹੁੰਦਾ ਸੀ। ਮੈਂ ਖੁਦ ਇਯ ਅਨੁਭਵ ਵਿੱਚੋਂ ਨਿਕਲ ਚੁੱਕਾ ਹਾਂ। ਮਾਪੇ ਜਿਸ ਉਮਰ ਵਿੱਚ ਜਾਣ ਪਰ ਉਹਨਾਂ ਦੇ ਜਾਣ ਦਾ ਗਮ ਉਨਾ ਹੀ ਹੁੰਦਾ ਹੈ। ਸੋ, ਅਸੀਂ ਪਹਿਲਾਂ ਸਕਾਈਲਾਰਕ ਗਏ ਅਤੇ ਉਥੇ ਵਿਛੜੀ ਆਤਮਾ ਨੂੰ ਯਾਦ ਕਰਕੇ ਅਸੀਂ ਕੰਵਰ ਗਰੇਵਾਲ ਵੱਲ ਰਵਾਨਾ ਹੋਏ।
ਕੰਵਰ ਗਰੇਵਾਲ ਨੇ ਕੈਲਗਰੀ ਦੇ ਲਾਗਲੇ ਇਲਾਕੇ ਚੈਸਟਰ ਮਨਿਸਟਰ ਵਿਖੇ ਇੱਕ ਰੈਸਟੋਰੈਂਟ ਖੋਲ੍ਹਿਆ ਸੀ। ਅੱਜ ਸ਼ਾਮ ਮਹਿਫ਼ਲ ਉਥੇ ਸਜਾਉਣ ਦਾ ਫ਼ੈਸਲਾ ਪਹਿਲਾਂ ਹੀ ਹੋ ਚੁੱਕਾ ਸੀ। ਮੈਂ ਇਸਨੁੰ ਗੋਰਿਆਂ ਦੇ ਹਾਤੇ ਨਾਲ ਤਸਬੀਹ ਦਿੰਦਾ ਹਾਂ। ਗੋਰੇ ਗੋਰੀਆਂ ਨੂੰ ਨੱਚਦੇ ਗਾਉਂਦੇ ਅਤੇ ਵੀਕਐਂਡ ਮਨਾਉਂਦੇ ਵੇਖਦੇ ਹੋਏ ਮਹਿਫ਼ਲ ਵਿੱਚ ਸ਼ਰੀਕ ਸਾਰੇ ਦੋਸਤ ਬਹੁਤ ਖੁਸ਼ ਸਨ। ਇੱਥੇ ਬੈਠੇ ਹੋਏ ਹੀ ਦਵਿੰਦਰ ਸ਼ੌਰੀ ਦਾ ਫ਼ੋਨ ਆ ਗਿਆ। ਉਸਨੇ ਹਰਬੰਸ ਬੁੱਟਰ ਅਤੇ ਡਾ. ਹਰਭਜਨ ਢਿੱਲੋਂ ਨੂੰ ਵੀ ਲਾਈਨ ‘ਤੇ ਲਿਆ ਹੋਇਆ ਸੀ। ਅਸੀਂ ਤਿੰਨਾਂ ਨੇ ਅਗਲੇ ਦਿਨ ਦੇ ਪ੍ਰੋਗਰਾਮ ਬਾਰੇ ਮਸ਼ਵਰਾ ਕੀਤਾ ਅਤੇ ਪ੍ਰੋਗਰਾਮ ਤਹਿ ਕਰ ਲਿਆ। ਹਰਬੰਸ ਬੁੱਟਰ ਕੈਲਗਰੀ ਦੇ ਸਪਤਾਹਿਕ ਅਖਬਾਰ ‘ਪੰਜਾਬੀ ਅਖਬਾਰ’ ਦਾ ਸੰਪਾਦਕ ਹੈ ਅਤੇ ਡਾ. ਹਰਭਜਨ ਸਿੰਘ ਢਿੱਲੋਂ ਰੇਡੀਓ ਰੈਡ ਐਫ਼. ਐਮ. ਦੇ ਪ੍ਰੋਗਰਾਮ ਦਾ ਹੋਸਟ ਹੈ। ਦਵਿੰਦਰ ਸ਼ੌਰੀ ਦੋ ਵਾਰ ਐਮ. ਪੀ. ਰਹਿ ਚੁੱਕਿਆ ਹੈ ਅਤੇ ਇਸ ਵਾਰ ਚੋਣ ਨਹੀਂ ਜਿੱਤ ਸਕਿਆ ਪਰ ਇਸਦੇ ਬਾਵਜੂਦ ਪੰਜਾਬੀ ਭਾਈਚਾਰੇ ਅਤੇ ਹੋਰ ਸਿਆਸੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲੈਂਦਾ ਹੈ।
ਅਗਲੇ ਦਿਨ ਇੰਕਾ ਸੀਨੀਅਰ ਸੋਸਾਇਟੀ ਵਿੱਚ ਦੁਪਹਿਰ ਸਮੇਂ ਰੱਖੇ ਪ੍ਰੋਗਰਾਮ ਵਿੱਚ ਇੱਕੱਠੇ ਹੋਣ ਦਾ ਪ੍ਰੋਗਰਾਮ ਤਹਿ ਕਰਕੇ ਅਸੀਂ ਆਪਣੀ ਕਾਨਫ਼ਰੰਸ ਕਾਲ ਖਤਮ ਕੀਤੀ।
ਕੰਵਰ ਗਰੇਵਾਲ ਦੇ ਘਰ ਮੈਂ ਸਵੇਰੇ ਜਲਦੀ ਉਠ ਕੇ ਪੂਰੇ ਦਿਨ ਵਿੱਚ ਕਰਨ ਵਾਲੇ ਕੰਮਾਂ ਨੂੰ ਤਰਤੀਬ ਦਿੱਤੀ। ਅੱਜ ਦੇ ਦਿਨ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਿਦਿਆਰਥੀਆਂ ਨੂੰ ਮਿਲਣ ਦਾ ਵੀ ਪ੍ਰੋਗਰਾਮ ਬਣਾਇਆ ਹੋਇਆ ਸੀ। ਇਸੇ ਸਬੰਧ ਵਿੱਚ ਮੈਂ ਕੁਝ ਫ਼ੋਨ ਕੀਤੇ ਅਤੇ ਮੀਟਿੰਗ ਵਿੱਚ ਆਉਣ ਦਾ ਸੱਦਾ ਦਿੱਤਾ। ਇਸ ਕੰਮ ਲਈ ਮੈਂ ਰਮਨਜੀਤ ਸਿੱਧੂ ਨੂੰ ਕਿਹਾ ਕਿ ਉਹ ਅਲੂਮਨੀ ਦੇ ਕਾਰਡੀਨੇਟਰ ਦੇ ਤੌਰ ‘ਤੇ ਕੰਮ ਕਰੇ। ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ. ਸੰਤੋਖ ਸਿੰਘ ਧੀਰ ਦਾ ਦੋਹਤਾ ਰਮਨਜੀਤ ਅੱਜਕੱਲ੍ਹ ਰੇਡੀਓ ਰੈਡ ਐਫ਼. ਐਮ. ਵਿੱਚ ਰਿਪੋਰਟਰ ਹੈ। ਰਮਨ ਪਟਿਆਲੇ ਮੇਰਾ ਪੱਤਰਕਾਰੀ ਵਿੱਚ ਵਿਦਿਆਰਥੀ ਸੀ। ਇਸ ਤੋਂ ਇਲਾਵਾ ਮੈਂ ਦੀਪਇੰਦਰ ਸਿੰਘ ਮਝੈਲ ਨੂੰ ਵੀ ਬੁਲਾਇਆ ਸੀ। ਦੀਪਹਿੰਦਰ ਵੀ ਪੱਤਰਕਾਰੀ ਵਿੱਚ ਮੇਰਾ ਵਿਦਿਆਰਥੀ ਸੀ। ਮੇਰੀ ਇੱਛਾ ਸੀ ਕਿ ਪੁਰਾਣੇ ਵਿਦਿਆਰਥੀਆਂ ਦੀ ਇੱਕ ਡਾਇਰੈਕਟਰੀ ਬਣਾਈ ਜਾਵੇ ਅਤੇ ਉਸਨੂੰ ਯੂਨੀਵਰਸਿਟੀ ਸਾਈਟ ‘ਤੇ ਪਾ ਦਿੱਤਾ ਜਾਵੇ। ਇਉਂ ਹੌਲੀ ਹੌਲੀ ਵਿਸ਼ਵ ਵਿੱਚ ਫ਼ੈਲੇ ਸਾਰੇ ਵਿਦਿਆਰਥੀਆਂ ਦੇ ਸਿਰਨਾਵੇਂ ਅਤੇ ਫ਼ੋਨ ਨੰਬਰ ਇੱਕ ਥਾਂ ਇੱਕੱਠੇ ਹੋ ਜਾਣਗੇ।
ਠੀਕ 1 ਵਜੇ ਅਸੀਂ ਇੰਕਾ ਸੁਸਾਇਟੀ ਪਹੁੰਚ ਗਏ। ਹਾਲ ਵਿੱਚ ਪੂਰੀ ਗਹਿਮਾ ਗਹਿਮੀ ਸੀ। ਸੀਨੀਅਰ ਸਿਟੀਜ਼ਨ ਤੋਂ ਇਲਾਵਾ ਕੁਝ ਵਿਦਿਆਰਥੀ ਵੀ ਉਥੇ ਪਹੁੰਚੇ ਹੋਏ ਸਨ। ਸਟੇਜ ਸਕੰਤਰ ਦੀ ਭੂਮਿਕਾ ਡਾ. ਹਰਭਜਨ ਸਿੰਘ ਢਿੱਲੋਂ ਦੇ ਹੱਥ ਸੀ। ਮੈਥੋਂ ਇਲਾਵਾ ਸਟੇਜ ਉਤੇ ਦਵਿੰਦਰ ਸ਼ੌਰੀ ਅਤੇ ਬਿੱਕਰ ਸਿੰਘ ਸੰਧੂ ਬੈਠੇ ਸਨ। ਸਭ ਤੋਂ ਪਹਿਲਾਂ ਦਵਿੰਦਰ ਸ਼ੌਰੀ ਅਤੇ ਬਿੱਕਰ ਸਿੰਘ ਸੰਧੂ ਬੈਠੇ ਸਨ। ਸ਼ੌਰੀ ਨੇ ਅਲਬਰਟਾ ਪ੍ਰਾਂਤ ਦੇ ਸਾਬਕਾ ਪ੍ਰੀਮੀਅਰ ਜਿਮ ਪ੍ਰਿੰਨਟਿਸ ਨੂੰ ਸ਼ਰਧਾਂਜਲੀ ਭੇਂਟ ਕੀਤੀ ਜੋ ਵਸ ਦਿਨ ਇੱਕ ਜਹਾਜ਼ ਦੁਰਘਟਨਾ ਵਿੱਚ ਇਸ ਦੁਨੀਆਂ ਤੋਂ ਚਲੇ ਗਏ ਸਨ। ਇਸ ਤੋਂ ਇਲਾਵਾ ਦਵਿੰਦਰ ਸ਼ੌਰੀ ਨੇ ਸਾਡੇ ਯੂਨੀਵਰਸਿਟੀ ਦੇ ਦਿਨਾਂ ਦੇ ਹਵਾਲੇ ਨਾਲ ਮੇਰੇ ਬਾਰੇ ਕੁਝ ਸ਼ਬਦ ਕਹੇ। ਸ਼ੌਰੀ ਤੋਂਬਾਅਦ ਡਾ. ਢਿੱਲੋਂ ਨੇ ਮੈਨੂੰ ਬੋਲਣ ਲਈ ਸੱਦਾ ਦਿੰਤਾ। ਜਦੋਂ ਬੋਲਣ ਲੱਗਾ ਤਾਂ ਸਰੋਤਿਆਂ ‘ਚੋਂ ਬੈਠੇ ਇੱਕ ਬਜ਼ੁਰਗ ਨੇ ਕਿਹਾ ਕਿ ਸਾਨੂੰ ਪੰਜਾਬ ਦੇ ਹਾਲਾਤ ਬਾਰੇ ਦੱਸੋ। ਮੈਂ ਕਿਹਾ ਕਿ ਮੈਂ ਪੰਜਾਬ ਦੇ ਸਿਆਸੀ ਹਾਲਾਤ ਦੀ ਵੀ ਗੰਲ ਕਰਾਂਗਾ ਅਤੇ ਸਮਾਜਿਕ ਹਾਲਾਤ ਦੀ ਵੀ।ਪਰ ਮੈਨੂੰ ਸੱਚ ਅਤੇ ਨਿਰਪੱਖ ਟਿੱਪਣੀਆਂ ਕਰਨ ਦੀ ਆਗਿਆ ਦਿਓ। ਇਸ ਗੱਲ ਨੂੰ ਕਹਿਣ ਪਿੱਛੇ ਇੱਕ ਕਾਰਨ ਇਹ ਸੀ ਕਿ ਜਦੋਂ ਮੈਂ ਸਟੇਜ ‘ਤੇ ਚੜ੍ਹਨ ਲੱਗਾ ਸੀ ਤਾਂ ਇੱਕ ਮਿੱਤਰ ਨੇ ਕਿਹਾ ਸੀ ਕਿ ਜਗ੍ਹਾ ਵੇਖ ਕੇ ਗੱਲ ਕਰਨੀ, ਇੱਥੇ ਜ਼ਿਆਦਾ ਲੋਕ ਆਮ ਆਦਮੀ ਦੇ ਸਪੋਰਟਰ ਹਨ। ਸੋ ਮੈਂ ਆਪਣੇ ਵਿੱਤ ਮੁਤਾਬਕ ਆਪਣੀ ਗੱਲ ਰੱਖੀ ਅਤੇ ਕਿਹਾ ਕਿ ਸਿਆਸੀ ਤੌਰ ‘ਤੇ ਪੰਜਾਬ ਦਾ ਨੌਜਵਾਨ ਤਬਦੀਲੀ ਚਾਹੁੰਦਾ ਹੈ। ਇਹੀ ਕਾਰਨ ਹੈ ਕਿ ਆਮ ਆਦਮੀ ਪਾਰਟੀ ਨੂੰ ਤਕੜਾ ਹੁੰਗਾਰਾ ਮਿਲ ਰਿਹਾ ਹੈ। ਇਸਦਾ ਮਤਲਬ ਇਹ ਉਕਾ ਹੀ ਨਹੀਂ ਕਿ ਪੰਜਾਬ ਇੱਕ ਹੂੰਝਾ ਫ਼ੇਰ ਜਿੱਤ ਵੱਲ ਵੱਧ ਰਿਹਾ ਹੈ। ਆਪ ਵਿੱਚਲੀ ਖਿੱਚੋਤਾਣ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ। ਸੁੱਚਾ ਸਿੰਘ ਛੋਟੇਪੁਰ ਕਾਰਨ ਮਾਝੇ ਅਤੇ ਦੁਆਬੇ ਵਿੱਚ ਪਾਰਟੀ ਕਮਜ਼ੋਰ ਹੋਈ ਹੈ। ਗੈਰ ਪੰਜਾਬੀਆਂ ਦੇ ਮੁੱਦੇ ਨੂੰ ਵੀ ਵਿਰੋਧੀ ਪਾਰਟੀਆਂ ਹਵਾ ਦੇ ਰਹੀਆਂ ਹਨ। ਕਾਂਗਰਸ ਵੀ ਦਿਨ-ਬ-ਦਿਨ ਤਾਕਤ ਹਾਸਲੀ ਕਰ ਰਹੀ ਹੈ। ਸਿਆਸੀ ਟਿੱਪਦੀਆਂ ਤੋਂ ਇਲਾਵਾ ਮੈਂ ਪੰਜਾਬ ਵਿੱਚ ਨਸ਼ਾਖੋਰੀ, ਬੇਰੁਜ਼ਗਾਰੀ ਅਤੇ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮੁੱਦੇ ‘ਤੇ ਬੋਲਿਆ। ਆਪਦੇ ਭਾਸ਼ਣ ਦੇ ਅੰਦਰ ਵਿੱਚ ਮੈਂ ਸਰਜੀਕਲ ਸਟਰਾਈਕ ਦੇ ਹਵਾਲੇ ਨਾਲ ਬੋਲਿਆ ਅਤੇ ਕਿਹਾ ਕਿ ਦੋਵੇਂ ਪੰਜਾਬ ਸ਼ਾਂਤੀ ਚਾਹੁੰਦੇ ਹਨ। ਜੇ ਲੜਾਈ ਲੱਗਦੀ ਹੈ ਤਾਂ ਦਿੱਲੀ ਅਤੇ ਇਸਲਾਮਾਬਾਦ ਦਾ ਨੁਕਸਾਨ ਨਹੀਂ ਹੋਣਾ। ਨੁਕਸਾਨ ਦੋਵੇਂ ਪੰਜਾਬਾਂ ਦਾ ਹੋਣਾ ਹੈ। ਮੀਡੀਆ ਨੂੰ ਲੜਾਈ ਦਾ ਮਾਹੌਲ ਨਹੀਂ ਸਗੋਂ ਸ਼ਾਂਤੀ ਦਾ ਮਾਹੌਲ ਬਣਾਉਣਾ ਚਾਹੀਦਾ ਹੈ। ਮੇਰੇ ਭਾਸ਼ਣ ਤੋਂ ਬਾਅਦ ਬਹੁਤ ਸਾਰੇ ਸਵਾਲ ਪੁੱਛੇ ਗਏ ਅਤੇ ਮੈਂ ਯਥਾਯੋਗ ਉਤਰ ਦਿੱਤੇ। ਮੇਰੇ ਇਸ ਭਾਸ਼ਣ ਨੂੰ ਰਮਨਰਿਸ਼ੀ ਨੇ ਫ਼ੇਸਬੁੱਕ ‘ਤੇ ਲਾਈਵ ਪ੍ਰਸਾਰਿਤ ਕੀਤਾ। ਸਾਰੇ ਪ੍ਰੋਗਰਾਮ ਦੀ ਹਰਬੰਸ ਬੁੱਟਰ ਵੱਲੋਂ ਵੀਡੀਓ ਰਿਕਾਰਡਿੰਗ ਵੀ ਕੀਤੀ ਗਈ। ਪ੍ਰੋਗਰਾਮ ਤੋਂ ਬਾਅਦ ਚਾਹ ਦੇ ਕੱਪ ‘ਤੇ ਖੂਬ ਚਰਚਾ ਹੋਈ ਅਤੇ ਤਸਵੀਰਾਂ ਖਿਚਵਾਈਆਂ ਗਈਆਂ।
ਇਸ ਪ੍ਰੋਗਰਾਮ ਤੋਂ ਬਾਅਦ ਸ਼ੌਰੀ ਲਾਅ ਆਫ਼ਿਸ ਗਏ ਅਤੇ ਫ਼ਿਰ ਬੀਕਾਨੇਰ ਬੇਕਰੀ ਵਿੱਚ ਬੈਠ ਗਏ। ਇਉਂ ਘੰਟਾ ਡੇਢ ਘੰਟੇ ਦੀ ਗੈਰ ਰਸਮੀ ਮੁਲਾਕਾਤ ਤੋਂ ਬਾਅਦ ਸਾਰਾ ਜੱਥਾ ਰੇਡੀਓ ਐਫ਼. ਅੇਮ. ਪਹੁੰਚ ਗਿਆ। ਉਥੇ ਰਮਨਜੀਤ ਸਿੱਧੂ ਅਤੇ ਡਾ. ਹਰਭਜਨ ਢਿੱਲੋਂ ਨੇ ਇੱਕ ਘੰਟੇ ਦਾ ਟਾਕ ਸ਼ੋਅ ਕੀਤਾ। ਫ਼ੇਸਬੁੱਕ ਲਾਈਵ ‘ਤੇ ਇਸ ਟਾਕ ਸ਼ੋਅ ਨੂੰ ਭਰਪੂਰ ਹੁੰਗਾਰਾ ਮਿਲਿਆ।
ਰੇਡੀਓ ਰੈਡ ਐਫ਼. ਐਮ. ਤੋਂ ਬਾਕੀ ਦੋਸਤਾਂ ਤੋਂ ਵਿਦਾ ਲੈ ਕੇ ਅਸੀਂ ਮੇਜਰ ਹਰਵਿੰਦਰ ਢਿੱਲੋਂ ਦੇ ਘਰ ਪਹੁੰਚ ਗਏ। ਸਾਡੇ ਕੋਲ ਅਗਲੇ ਪ੍ਰੋਗਰਾਮਾਂ ਤੋਂ ਪਹਿਲਾਂ ਦੋ ਘੰਟੇ ਸਨ, ਸੋ ਮੈਂ ਥੋੜ੍ਹਾ ਅਰਾਮ ਕਰਨਾ ਠੀਕ ਸਮਝਿਆ। ਇੱਥੇ ਬੈਠੇ ਹੀ ਦੀਪਇੰਦਰ ਨੇ ਆਪਣ ਹੀ ਬੀਵੀ ਨਾਲ ਤਲਾਕ ਦਾ ਕਿੱਸਾ ਸੁਣਾਇਆ, ਜਿਸਨੂੰ ਸੁਣ ਕੇ ਮੇਰਾ ਮਨ ਉਦਾਸ ਹੋਇਆ ਕਿਉਂਕਿ ਹੁਣ ਇਹ ਘਰ ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਅਜਿਹੇ ਕਿੱਸੇ ਸੁਣ ਕੇ ਮੈਨੂੰ ਦੁੱਖ ਹੁੰਦਾ ਹੈ ਕਿ ਅਸੀਂ ਬੇਘਰ ਹੋ ਕੇ ਇੱਥੇ ਘਰ ਵਸਾਉਣ ਆਉਂਦੇ ਹਾਂ ਅਤੇ ਜਦੋਂ ਇੱਕੇ ਆ ਕੇ ਵੀ ਬੇਘਰ ਹੋ ਜਾਂਦੇ ਹਾਂ। ਦੁੱਖ ਤਾਂ ਹੋਣਾ ਹੀ ਹੋਇਆ।