ਮੈਂ ਫ਼ਿਰ ਕੈਨੇਡਾ ਆਇਆ-2

walia-bigਦੋ ਅਕਤੂਬਰ ਨੂੰ ਸਰੀ ਵਿਖੇ ਸੁੱਖੀ ਬਾਠ ਵੱਲੋਂ ਬਣਾਏ ਪੰਜਾਬ ਭਵਨ ਦਾ ਉਦਘਾਟਨੀ ਸਮਾਰੋਹ ਹੋਇਆ। ਇਸੇ ਸਮਾਰੋਹ ਲਈ ਮੈਂ ਉਚੇਚੇ ਤੌਰ ‘ਤੇ ਪਹੁੰਚਿਆ ਸੀ। ਮੈਥੋਂ ਇਲਾਵਾ ਸਟੇਜ ਉਤੇ ਗੁਰਭਜਨ ਗਿੱਲ, ਬਲਜੀਤ ਬੱਲੀ, ਚੜ੍ਹਦੀਕਲਾ ਟਾਈਮ ਟੀ. ਵੀ. ਵਾਲੇ ਸਤਿਵੀਰ ਦਰਦੀ, ਸੁੱਖੀ ਬਾਠ ਅਤੇ ਕਵਿੰਦਰ ਚਾਂਦ ਹਾਜ਼ਰ ਸਨ। ਕਵਿੰਦਰ ਚਾਂਦ ਅੱਜਕਲ੍ਹ ਇਸ ਭਵਨ ਨੂੰ ਸਹੀ ਢੰਗ ਨਾਲ ਚਲਾਉਣ ਲਈ ਸੁੱਖੀ ਬਾਠ ਦਾ ਸਹਿਯੋਗ ਦੇ ਰਿਹਾ ਹੈ। ਇਸ ਪ੍ਰੋਗਰਾਮ ਦਾ ਉਹ ਸਟੇਜ ਸਕੱਤਰ ਵੀ ਸੀ। ਹਾਲ ਹੀ ਵਿਚ ਸਾਰੀਆਂ ਕੁਰਸੀਆਂ ‘ਤੇ ਪ੍ਰੋਗਰਾਮ ਦੀ ਰੂਪਰੇਖਾ ਵਾਲੇ ਫ਼ੋਲਡਰ ਤੋਂ ਇਲਾਵਾ ਵੱਡੇ ਵੱਡੇ ਰੇਸ਼ਮੀ ਰੁਮਾਲ ਰੱਖੇ ਹੋਏ ਸਨ। ਪਹਿਲਾਂ ਤਾਂ ਮੈਨੂੰ ਇਹਨਾਂ ਬਾਰੇ ਕੁਝ ਵੀ ਸਮਝ ਨਹੀਂ ਆਇਆ ਪਰ ਜਦੋਂ ਸਟੇਜ ਸਕੱਤਰ ਨੇ ਗੁਰੂ ਘਰ ਤੋਂ ਆਏ ਇਕ ਭਾਈ ਸਾਹਿਬ ਨੂੰ ਅਰਦਾਸ ਕਰਨ ਲਈ ਸੱਦਾ ਦਿੱਤਾ ਤਾਂ ਮੇਰੇ ਗੱਲ ਪੱਲੇ ਪਈ ਕਿ ਇਹ ਰੁਮਾਲ ਗੁਰੂ ਦੀ ਰੋਡੀ ਭੋਡੀ ਸੰਗਤ ਲਈ ਸਨ ਤਾਂ ਜੋ ਉਹ ਅਰਦਾਸ ਸਮੇਂ ਆਪਣਾ ਸਿਰ ਢਕ ਸਕੇ। ਅਰਦਾਸ ਨਾਲ ਉਦਘਾਟਨੀ ਸਮਾਰੋਹ ਸ਼ੁਰੂ ਹੋਇਆ। ਜਦੋਂ ਗੁਰੂ ਦਾ ਆਸਰਾ ਲੈ ਕੇ ਕੋਈ ਕਾਰਜ ਸ਼ੁਰੂ ਕੀਤਾ ਜਾਂਦਾ ਹੈ ਤਾਂ ਮਨ ਅੰਦਰ ਇਹ ਵਿਸ਼ਵਾਸ ਦ੍ਰਿੜ੍ਹ ਹੋ ਜਾਂਦਾ ਹੈ ਕਿ ਇਹ ਕਾਰਜ ਅਵੱਸ਼ ਪੂਰਾ ਹੋਵੇਗਾ। ਅਰਦਾਸ ਤੋਂ ਬਾਅਦ ਸੁੱਖੀ ਬਾਠ ਦੇ ਜਵਾਈ ਅਤੇ ਉਸਦੇ ਮਿੱਤਰ ਅਤੇ ਕੁੜਮ ਬਲਵੀਰ ਢੱਡ ਦੇ ਬੇਟੇ ਨੇ ਪੰਜਾਬ ਭਵਨ ਦੇ ਭਵਿੱਖੀ ਸੁਪਨਿਆਂ ਬਾਰੇ ਇਕ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦਿੱਤੀ ਅਤੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰੀ ਨਵੀਂ ਸੰਚਾਰ ਤਕਨਾਲੌਜੀ ਨਾਲ ਲੈਸ ਕੀਤਾ ਜਾਵੇਗਾ। ਆਨਲਾਈਨ ਲਾਇਬ੍ਰੇਰੀ ਹੋਵੇਗੀ, ਆਨਲਾਈਨ ਡਾਇਰੈਕਟਰੀ ਹੋਵੇਗੀ, ਵੀਡੀਓ ਲਾਇਬ੍ਰੇਰੀ ਹੋਵੇਗੀ ਅਤੇ ਹਰ ਚੀਜ਼ ਦੀ ਦਸਤਾਵੇਜ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਮੀਡੀਆ ਨੂੰ ਸਹੀ ਤਰੀਕੇ ਨਾਲ ਵਰਤਣ ਦੀ ਗੱਲ ਵੀ ਕਹੀ ਗਈ। ਉਂਝ ਮੇਰੇ ਮਿੱਤਰ ਜਗਜੀਤ ਸਿੰਘ ਦਰਦੀ ਨੇ ਆਪਣੇ ਚੈਨਲ ਟਾਈਮ ਟੀ. ਵੀ. ਨੂੰ ਇਸ ਪ੍ਰੋਜੈਕਟ ਲਈ ਸਮਰਪਿਤ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸੇ ਕਾਰਨ ਉਹਨਾ ਦਾ ਛੋਟਾ ਬੇਟਾ ਇਸ ਉਦਘਾਟਨੀ ਸਮਾਰੋਹ ਵਿਚ ਆਪਣੀ ਟੀਮ ਸਮੇਤ ਪਹੁੰਚਿਆ ਹੋਇਆ ਸੀ। ਸੁੱਖੀ ਬਾਠ ਨੇ ਸਵਾਗਤੀ ਭਾਸ਼ਣ ਦਿੰਤਾ ਅਤੇ ਕਿਹਾ ਕਿ ਉਸਦਾ ਚਿਰਾਂ ਤੋਂ ਲਿਆ ਸੁਪਨਾ ਪੂਰਾ ਹੋਇਆ ਹੈ। ਉਹਨਾਂ ਕਿਹਾ ਕਿ ਕੈਨੇਡਾ ‘ਚ ਵੱਸਦੇ ਪੰਜਾਬੀਆਂ ਦੀ ਨਵੀਂ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ, ਪੰਜਾਬੀ ਸਾਹਿਤ ਅਤੇ ਸਭਿਆਚਾਰ ਨਾਲ ਜੋੜਨ ਦਾ ਇਹ ਇਕ ਉਪਰਾਲਾ ਹੈ। ਸਾਹਿਤਕ ਅਤੇ ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਜ਼ਿੰਦਗੀ ਨਾਲ ਜੁੜੇ ਹਰ ਪ੍ਰੋਗਰਾਮ ਲਈ ਇਹ ਭਵਨ ਪੂਰੀ ਤਰ੍ਹਾਂ ਮੁਫ਼ਤ ਸੇਵਾ ਦੇਵੇਗਾ। ਇਸ ਬਾਰੇ ਮੈਨੂੰ ਮੇਰੇ ਮੇਜ਼ਬਾਨ ਸੁਖਮੰਦਰ ਸਿੰਘ ਬਰਾੜ ਭਾਈ ਭਗਤਾ ਨੇ ਦੱਸਿਆ ਵੀ ਸੀ ਕਿ ਸੁੱਖੀ ਬਾਠ ਇੱਥੇ ਹੋਣ ਵਾਲੇ ਹਰ ਸਾਹਿਤਕ ਪ੍ਰੋਗਰਾਮ ਲਈ ਨਾ ਸਿਰਫ਼ ਭਵਨ ਦਾ ਹਾਲ ਮੁਫ਼ਤ ਮੁਹੱਈਆ ਕਰਵਾਉਂਦਾ ਹੈ, ਸਗੋਂ ਚਾਹ ਪਾਣੀ ਦਾ ਪ੍ਰਬੰਧ ਵੀ ਆਪਣੇ ਵੱਲੋਂ ਕਰਦਾ ਹੈ। ਇਕ ਹੋਰ ਗੱਲ ਜਿਹੜੀ ਮੈਨੂੰ ਪ੍ਰਭਾਵਿਤ ਕਰਕੇ ਗਈ ਕਿ ਇੱਥੇ ਰਿਲੀਜ਼ ਹੋਣ ਵਾਲੀ ਹਰ ਕਿਤਾਬ ਦੀਆਂ ਦਸ ਕਾਪੀਆਂ ਵੀ ਸੁੱਖੀ ਬਾਠ ਵੱਲੋਂ ਪੈਸੇ ਦੇ ਕੇ ਖਰੀਦੀਆਂ ਜਾਂਦੀਆਂ ਹਨ।
ਅਜਿਹੀਆਂ ਸਾਰੀਆਂ ਗੱਲਾਂ ਮੈਂ ਸੁੱਖੀ ਬਾਠ ਦੇ ਮੂੰਹੋਂ ਵੀ ਸੁਣ ਰਿਹਾ ਸੀ। ਪੰਜਾਬ ਭਵਨ ਸਬੰਧੀ ਉਸਦੇ ਭਵਿੱਖੀ ਸੁਪਨੇ ਸੁਣ ਕੇ ਮੈਂ ਹੋਰ ਵੀ ਮੁਤਾਸਰ ਹੋਇਆ। ਉਸਨੇ ਕਿਹਾ ਕਿ ਪੰਜਾਬ ਭਵਨ ਦੀ ਚਾਰ ਮੰਜ਼ਲੀ ਇਮਾਰਤ ਲਈ ਡੇਢ ਏਕੜ ਥਾਂ ਚੁਣੀ ਗਈ ਹੈ। ਇਹਨਾਂ ਚਾਰ ਮੰਜ਼ਿਲਾਂ ਵਿਚੋਂ ਇਕ ਵੱਡੇ ਹਾਲ ਤੋਂ ਇਲਾਵਾ, ਜਿੰਮ, ਲਾਇਬ੍ਰੇਰੀ ਅਤੇ ਨਵੀਂ ਸੰਚਾਰ ਤਕਨਾਲੌਜੀ ਵਾਲਾ ਸਟੂਡੀਓ ਆਦਿ ਹੋਵੇਗਾ। ਸੁੱਖੀ ਬਾਠ ਦੇ ਸਵਾਗਤੀ ਬੋਲਾਂ ਤੋਂ ਬਾਅਦ ਬਲਜੀਤ ਬੱਲੀ ਨੂੰ ਸਟੇਜ ‘ਤੇ ਬੋਲਣ ਲਈ ਸੱਦਾ ਦਿੱਤਾ ਗਿਆ। ਪੰਜਾਬ ਤੋਂ ਆਏ ਸੀਨੀਅਰ ਪੱਤਰਕਾਰ ਬਲਜੀਤ ਬੱਲੀ ਨੇ ਪੰਜਾ ਭਵਨ ਰਾਹੀਂ ਪੰਜਾਬੀਅਤ ਦੀ ਸੇਵਾ ਬਾਰੇ ਆਪਣੇ ਨਜ਼ਰੀਏ ਤੋਂ ਇਕ ਦੋ ਗੱਲਾਂ ਕਹਿ ਕੇ ਆਪਣੀ ਗੱਲ ਸਮਾਪਤ ਕੀਤੀ। ਬੱਲੀ ਤੋਂ ਗੁਰਭਜਨ ਗਿੱਲ ਦੀ ਵਾਰੀ ਸੀ। ਗੁਰਭਜਨ ਗਿੱਲ ਨੇ ਇਸ ਪੰਜਾਬ ਭਵਨ ਦਾ ਸਿਹਰਾ ਆਪਣੇ ਸਿਰ ਬੰਨ੍ਹਦੇ ਹੋਏ ਕਿਹਾ ਕਿ ਮੈਂ ਹੀ ਸੁੱਖੀ ਬਾਠ ਨੂੰ ਇਹ ਭਵਨ ਉਸਾਰਨ ਲਈ ਪ੍ਰੇਰਿਤ ਕੀਤਾ। ਗਿੱਲ ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਇਸ ਕਿਸਮ ਦਾ ਇਕ ਭਵਨ ਟਰਾਂਟੋ ਵਿਚ ਉਸਾਰਿਆ ਜਾਣਾ ਹੈ। ਆਪਣੇ ਭਾਸ਼ਣ ਵਿਚ ਗਿੱਲ ਸਾਹਿਬ ਨੇ ਮੁੱਦੇ ਦੀ ਗੱਲ ਤੋਂ ਇਲਾਵਾ ਲੋਕ ਸੰਪਰਕੀ ਗੱਲਾਂ ਜ਼ਿਆਦਾ ਕੀਤੀਆਂ, ਜਿਵੇਂ ਕਿ ਸਰੋਤਿਆਂ ਵਿਚ ਬੈਠਿਆਂ ਨੂੰ ਨਾਮ ਲੈ ਲੈ ਕੇ ਬੁਲਾਇਆ ਅਤੇ ਆਪਦੇ ਰਿਸ਼ਤੇ ਬਾਰੇ ਦੱਸ ਕੇ ਸਰੋਤਿਆਂ/ਦਰਸ਼ਕਾਂ ਨੂੰ ਹਸਾਉਣ ਦੀ ਕੋਸ਼ਿਸ਼ ਕੀਤੀ। ਉਦਾਹਰਣ ਵਜੋਂ ਬਖਸ਼ਿੰਦਰ ਨੂੰ ਕਹਿਣ ਲੱਗੇ,
‘ਤੂੰ ਕਿਉਂ ਰੁੱਸਿਆ ਬੈਠਾਂ ਬਖਸ਼ਿੰਦਰ’ ਅਤੇ ਬਖਸ਼ਿੰਦਰ ਦਾ ਜਵਾਬ ਸੀ ਕਿ ‘ਮੇਰਾ ਤਾਂ ਮੂੰਹ ਹੀ ਐਸਾ ਹੈ’। ਇਉਂ ਗੁਰਭਜਨ ਗਿੰਲ ਨੇ ਆਪਣੇ ਸੁਭਾਅ ਅਨੁਸਾਰ ਖੂਬ ਮਨੋਰੰਜਨ ਕੀਤਾ।
ਕਾਵਿੰਦਰ ਚਾਂਦ ਨੇ ਗੁਰਭਜਨ ਗਿੱਲ ਤੋਂ ਬਾਅਦ ਮੈਨੂੰ ਸਟੇਜ ‘ਤੇ ਆਉਣ ਦਾ ਸੱਦਾ ਦਿੱਤਾ। ਮੈਂ ਇਸ ਯਤਨ ਲਈ ਸੁੱਖੀ ਬਾਠ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ 2009 ਵਿਚ ਡਾ. ਦਰਸ਼ਨ ਸਿੰਘ ਬੈਂਸ ਦੀ ਅਗਵਾਈ ਵਿਚ ਹੋਈ ਟਰਾਂਟੋ ਵਿਖੇ ਪਹਿਲੀ ਪੰਜਾਬੀ ਵਰਲਡ ਕਾਨਫ਼ਰੰਸ ਦੇ ਮਤਿਆਂ ਵਿਚ ਇਕ ਮਤਾ ਇਹ ਵੀ ਸੀ ਕਿ ਟਰਾਂਟੋ ਵਿਖੇ ਪੰਜਾਬੀਆਂ ਲਈ ਕੋਈ ਆਪਣਾ ਭਵਨ ਚਾਹੀਦਾ ਹੈ। ਦਿੱਲੀ ਦੀ ਪੰਜਾਬੀ ਅਕਾਡਮੀ ਦੀ ਤਰਜ਼ ‘ਤੇ ਕੋਈ ਅਕਾਡਮੀ ਹੋਣੀ ਚਾਹੀਦੀ ਹੈ। ਟਰਾਂਟੋ ਵਿਖੇ ਤਾਂ ਇਹ ਨਹੀਂ ਹੋ ਸਕੀ ਪਰ ਸੁੱਖੀ ਬਾਠ ਨੇ ਇਹ ਕਰ ਵਿਖਾਇਆ ਹੈ। ਮੈਂ ਇਹ ਵੀ ਕਿਹਾ ਕਿ ਸੇਵਾ ਸਿਰਫ਼ ਲੰਗਰ ਦੀ ਹੀ ਨਹੀਂ ਹੁੰਦੀ ਸਗੋਂ ਸ਼ਬਦਾਂ ਦੀ ਹੁੰਦੀ ਹੈ। ਉਂਝ ਵੀ ਗੁਰੂ ਨੇ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ ਹੈ। ਜੇ ਅਸੀਂ ਆਪਣੀ ਨਵੀਂ ਪੀੜ੍ਹੀ ਨੂੰ ਸ਼ਬਦ ਨਾਲ ਜੋੜ ਸਕੀਏ ਤਾਂ ਇਹ ਵੱਡੀ ਸੇਵਾ ਹੋਵੇਗੀ। ਸੁੱਖੀ ਬਾਠ ਜੋ ਭਵਨ ਦੇ ਪ੍ਰੋਗਰਾਮਾਂ ਲਈ ਲੰਗਰ ਦੀ ਸੇਵਾ ਕਰ ਰਿਹਾ ਹੈ। ਉਸ ਬਾਰੇ ਮੈਂ ਮੇਰੇ ਨਾਲ ਪਾਕਿਸਤਾਨ ਵਿਚ ਵਾਪਰੀ ਇਕ ਘਟਨਾ ਸੁਣਾਈ। ਗੱਲ ਇਉਂ ਵਾਪਰੀ ਸੀ ਕਿ ਮੈਂ ਹਸਨ ਅਬਦਾਲ ਜਿਸਨੂੰ ਅਸੀਂ ਪੰਜਾ ਸਾਹਿਬ ਨਾਲ ਯਾਦ ਕਰਦੇ ਹਾਂ, ਦੇ ਦਰਸ਼ਨ ਕਰਨ ਗਿਆ। ਉਥੇ ਮੈਂ ਟੈਕਸਲਾ ਅਜਾਇਬ ਘਰ ਦੇਖ ਰਿਹਾ ਸੀ ਕਿ ਇਕ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ”ਮੈਂ ਡਾ. ਜਮਸ਼ੇਦ ਅਲੀ ਖਾਂ ਹਾਂ ਜੀ, ਮੈਂ ਇੱਥੇ ਇਕ ਕਾਲਜ ਵਿਚ ਰਾਜਨੀਤੀ ਦਾ ਪ੍ਰੋਫ਼ੈਸਰ ਹਾਂ, ਮੈਂ ਤੁਹਾਨੂੰ ਸਲਾਹ ਦੇਵਾਂਗਾ ਕਿ ਤੁਸੀਂ ਮਿਊਜ਼ੀਅਮ ਦੇਖਣ ਤੋਂ ਬਾਅਦ ਟੈਕਸਲਾ ਦੇ ਖੰਡਰ ਜ਼ਰੂਰ ਦੇਖ ਕੇ ਜਾਣੇ।’ ਜਦੋਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਤਾਂ ਮੇਰੇ ਕੋਲ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਹਰਪਾਲ ਸਿੰਘ ਪੰਨੂ ਸਮੇਤ ਅੱਠ ਦਸ ਸਿੰਘਾਂ-ਸਿੰਘਣੀਆਂ ਦਾ ਜਥਾ ਹੋਰ ਆ ਖੜ੍ਹਾ ਹੋਇਆ ਸੀ। ਅਸੀਂ ਰਸਤਾ ਸਮਝਿਆ ਅਤੇ ਟੈਕਸਲਾ ਗੁਰੂਕੁਲ ਦੇ ਖੰਡਰ ਦੇਖਣ ਚਲੇ ਗਏ। ਇਸ ਕੰਮ ਵਿਚ ਸਾਡੇ 2-2.30 ਘੰਟੇ ਲੱਗ ਗਏ। ਜਦੋਂ ਅਸੀਂ ਟੈਕਸਲਾ ਦੇ ਖੰਡਰਾਂ ਤੋਂ ਵਾਪਸ ਆਏ ਤਾਂ ਵੇਖਿਆ ਕਿ ਉਹੀ ਡਾ. ਖਾਨ ਆਪਣੀ ਬੇਗਮ ਅਤੇ ਬੇਟੀਆਂ ਨਾਲ 10-12 ਬੰਦਿਆਂ ਦਾ ਲੰਗਰ ਲਈ ਬਾਹਰ ਖੜ੍ਹਾ ਸਾਡਾ ਇੰਤਜ਼ਾਰ ਕਰ ਰਿਹਾ ਹੈ। ਮੈਂ ਭਾਵੁਕ ਹੋ ਗਿਆ ਅਤੇ ਕਿਹਾ ਕਿ ਇਹ ਤਕਲੀਫ਼ ਕਿਉਂ ਕੀਤੀ। ਉਹ ਕਹਿਣ ਲੱਗਾ ਕਿ ਕਸ਼ਮੀਰ ਵਿਚ ਜ਼ਲਜਲਾ ਆਇਆ ਅਤੇ ਸਿੱਖਾਂ ਨੇ ਗੁਰੂ ਨਾਨਕ ਨਗਰ ਵਸਾ ਕੇ ਉਥੇ ਇਕ ਵਜੇ ਤੋਂ ਲੰਗਰ ਲਾਇਆ ਹੋਇਆ ਹੈ। ਡਾ. ਖਾਨ ਕਹਿਣ ਲੱਗੇ ਕਿ ਇਕ ਦਿਨ ਮੈਂ ਆਪਣੇ ਅੱਬੂ ਤੋਂ ਪੁੱਛਿਆ,
‘ਇਹ ਸਿੱਖ ਲੋਗ ਇਕ ਸਾਲ ਤੋਂ ਇੰਨੇ ਸਾਰੇ ਲੋਕਾਂ ਨੂੰ ਮੁਫ਼ਤ ਖਾਣਾ ਖਵਾ ਰਹੇ ਹਨ, ਇਹ ਕਿਵੇਂ ਸੰਭਵ ਹੈ?’ ਅੱਬੂ ਨੇ ਜਵਾਬ ਦਿੱਤਾ,
‘ਇਨ੍ਹਾਂ ਦਾ ਇਕ ਪੀਰ ਹੋਇਆ ਹੈ ਨਾਨਕ, ਨਾਨਕ ਨੇ ਬਚਪਨ ਵਿਚ 20 ਰੁਪਏ ਦੀ ਇਕ ਐਫ਼. ਡੀ. ਕਰਵਾਈ ਸੀ, ਉਸਨੂੰ ਭੰਨਾ ਰਹੇ ਨੇ ਇਹ ਸਾਰੇ ਲੋਕ।’
ਮੈਂ ਕਿਹਾ ਕਿ ਸੁੱਖੀ ਬਾਠ ਇਹ ਸਭ ਉਸ ਐਫ਼. ਡੀ. ਦੀ ਕਰਾਮਾਤ ਹੈ। ਉਸ ਤੋਂ ਬਾਅਦ ਮੈਂ ਆਪਣੀ ਗੱਲ ਬਾਠ ਦੇ ਸੁਪਨੇ ਦੇ ਹਵਾਲੇ ਨਾਲ ਕੀਤੀ। ਮੈਂ ਕਿਹਾ ਕਿ ਮੈਨੂੰ ਦੁੱਖ ਇਸ ਗੱਲ ਦਾ ਹੈ ਕਿ ਅੱਜ ਪੰਜਾਬ ਦਾ ਨੌਜਵਾਨ ਸੁਪਨੇ ਲੈਣਾ ਹੀ ਭੁੱਲ ਗਿਆ। ਉਸ ਕੋਲ ਕੋਈ ਵੱਡਾ ਸੁਪਨਾ ਨਹੀਂ ਹੈ ਅਤੇ ਪਾਸ਼ ਠੀਕ ਹੀ ਕਹਿ ਗਿਆ ਹੈ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਮੈਂ ਕਿਹਾ ਕਿ ਜੇ ਅਸੀਂ ਸਾਡੇ ਪੰਜਾਬ ਦਾ ਭਲਾ ਚਾਹੁੰਦੇ ਹਾਂ ਤਾਂ ਪੰਜਾਬ ਦੇ ਬੱਚਿਆਂ ਦੇ ਮਨਾਂ ਵਿਚ ਵੱਡੇ ਵੱਡੇ ਸੁਪਨੇ ਬੀਜੀਏ। ਉਹਨਾਂ ਨੂੰ ਸੁਪਨੇ ਲੈਣੇ ਸਿਖਾਈਏ। ਇਹ ਗੱਲਾਂ ਸਿਆਸਤਦਾਨਾਂ ਨੇ ਨਹੀਂ ਕਰਨੀਆਂ। ਇਹ ਗੱਲਾਂ ਲਈ ਮਾਪਿਆਂ ਅਤੇ ਅਧਿਆਪਕਾਂ ਨੂੰ ਅੱਗੇ ਆਉਣਾ ਪਵੇਗਾ। ਫ਼ਿਰ ਮੈਂ ਖਿੱਚ ਦੇ ਸਿਧਾਂਤ ਦੀ ਗੱਲ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 273 ਵਿਚ ਦਰਜ ‘ਜੈਸੀ ਦ੍ਰਿਸ਼ਟ ਕਰੇ ਤੈਸੀ ਹੋਇ’ ਦਾ ਹਵਾਲਾ ਦਿੱਤਾ।
ਮੇਰਾ ਇਹ ਭਾਸ਼ਣ ਵਿਸਥਾਰ ਵਿਚ ਦੇਣ ਵਾਲਾ ਆਖਰੀ ਭਾਸ਼ਣ ਸੀ। ਇਸ ਤੋਂ ਬਾਅਦ ਉਥੇ ਹਾਜ਼ਰ ਮੋਹਤਬਰ ਅਤੇ ਨਾਮੀ ਸ਼ਖਸੀਅਤਾਂ ਨੂੰ ਇਕ ਇਕ ਦੋ-ਦੋ ਮਿੰਟ ਲਈ ਹਾਜ਼ਰ ਸਰੋਤਿਆਂ ਦੇ ਰੂਬਰੂ ਕੀਤਾ ਗਿਆ। ਇਹਨਾਂ ਵਿਚ ਪ੍ਰਿਥੀਪਾਲ ਸਿੰਘ ਸੋਹੀ, ਗੁਰਵਿੰਦਰ ਧਾਲੀਵਾਲ, ਰੇਡੀਓ ਹੋਸਟ ਹਰਜਿੰਦਰ ਥਿੰਦ, ਦੇਵਿੰਦਰ ਬੈਨੀਪਾਲ, ਜਸਵੀਰ ਰੋਮਾਨਾ ਅਤੇ ਮਨਜੀਤ ਕੰਗ ਆਦਿ ਸ਼ਾਮਲ ਸਨ। ਇਉਂ ਇਹ ਪੰਜਾਬ ਭਵਨ ਦਾ ਉਦਘਾਟਨੀ ਸਮਾਰੋਹ ਸੰਪੰਨ ਹੋਇਆ।
ਮੇਰੀ ਜਾਚੇ ਇਹ ਪੰਜਾਬ ਭਵਨ ਇਕ ਭਵਨ ਜਾਂ ਚਾਰਦੀਵਾਰੀ ਤੱਕ ਹੀ ਸੀਮਤ ਨਹੀਂ ਹੋਣਾ ਚਾਹੀਦਾ ਹੈ। ਇਹ ਤਾਂ ਇਕ ਸੰਕਲਪ ਬਣਨਾ ਚਾਹੀਦਾ ਹੈ। ਪੰਜਾਬੀਅਤ ਦਾ ਸੰਕਲਪ, ਪੰਜਾਬ ਦਾ ਸੰਕਲਪ, ਮਾਂ ਬੋਲੀ ਦਾ, ਪੰਜਾਬੀ ਸਾਹਿਤ ਦਾ, ਪੰਜਾਬੀ ਜੀਵਨ ਜਾਚ ਦਾ ਅਤੇ ਪੰਜਾਬੀਆਂ ਦੇ ਹਰ ਪੱਖ ਦਾ। ਮੇਰੀ ਇਹ ਅਰਦਾਸ ਹੈ ਕਿ ਅਜਿਹੇ ਭਵਨ ਹਰ ਵੱਡੇ ਸ਼ਹਿਰ ਵਿਚ ਉਸਰਨ। ਇਹਨਾਂ ਨੂੰ ਉਸਾਰਨ ਲਈ ਭਾਵੇਂ ਸੁੱਖੀ ਬਾਠ ਵਰਗੇ ਮਿੱਤਰ ਅੱਗੇ ਆਉਣ ਜਾਂ ਸਰਕਾਰ ਅਤੇ ਪੰਜਾਬੀਆਂ ਦੇ ਸਾਂਝੇ ਯਤਨ ਹੋਣ। ਪੰਜਾਬੀ ਜਾਂ ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ ਹੋਣੀ ਚਾਹੀਦੀ ਹੈ।
***