ਮੈਂ ਆਪਣੇ ਮਾਪਿਆਂ ਦੀ ਅਣਚਾਹੀ ਸੰਤਾਨ: ਕੰਗਣਾ

defaultਮੁੰਬਈ : ਬੌਲੀਵੁੱਡ ਅਦਾਕਾਰਾ ਕੰਗਣਾ ਰਨੌਤ ਨੇ ਆਪਣੀ ਜ਼ਿੰਦਗੀ ਦਾ ਇਕ ਬਹੁਤ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਦੱਸਿਆ ਕੀ ਅੱਜ ਵੀ ਲੋਕਾਂ ‘ਚ ਕੁੜੀ ਦੇ ਜਨਮ ‘ਤੇ ਰੋਸ ਪ੍ਰਗਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਮਾਤਾ-ਪਿਤਾ ਦੀ ਅਣਚਾਹੀ ਸੰਤਾਨ ਸੀ ਅਤੇ ਹੁਣ ਉਨ੍ਹਾਂ ਦੇ ਪਿਤਾ ਨੇ ਵੀ ਇਸ ਗੱਲ ‘ਤੇ ਆਪਣੀ ਸਹਿਮਤੀ ਜਤਾਈ ਹੈ। ਅਦਾਕਾਰਾ ਕੰਗਣਾ ਦੇ ਪਿਤਾ ਅਮਰਦੀਪ ਰਨੌਤ ਨੇ ਆਪਣੇ ਪਿੰਡ ‘ਚ ਕੁੜੀਆਂ ਬਾਰੇ ਪਿਛੜੀ ਸੋਚ ਨੂੰ ਲੈ ਕੇ ਖੁਲਾਸਾ ਕਰਦਿਆਂ ਕਿਹਾ ਕਿ ਕੰਗਣਾ ਦੇ ਜਨਮ ‘ਤੇ ਉਨ੍ਹਾਂ ਦੇ ਘਰ ‘ਚੋਂ ਕੋਈ ਖੁਸ਼ ਨਹੀਂ ਸੀ।     ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ‘ਚ ਰਹਿਣ ਵਾਲੇ ਅਮਰਦੀਪ ਨੇ ਦੱਸਿਆ ਕਿ ਜਦੋਂ ਕੰਗਣਾ ਦਾ ਜਨਮ ਹੋਇਆ ਸੀ ਤਾਂ ਉਸ ਸਮੇਂ ਸਾਡੇ ਪਿੰਡ ‘ਚ ਕੁੜੀਆਂ ਦੇ ਜਨਮ ‘ਤੇ ਲੋਕਾਂ ਦੀ ਸੋਚ ਬਹੁਤ ਪਿਛੜੀ ਹੋਈ ਸੀ। ਕੁੜੀ ਦੇ ਜਨਮ ‘ਤੇ ਉਸ ਸਮੇਂ ਜਸ਼ਨ ਨਹੀਂ ਸੋਗ ਮਨਾਏ ਜਾਂਦੇ ਸਨ। ਉਨ੍ਹਾਂ ਅੱਗੇ ਦੱਸਿਆ ਕਿ ਲੋਕ ਸਾਡੇ ਘਰ ਆਉਂਦੇ ਸਨ ਅਤੇ ਕਹਿੰਦੇ ਕਿ ‘ਫ਼ਿਰ ਬੇਟੀ ਹੋ ਗਈ’। ਇਸ ਕਾਰਨ ਕੰਗਣਾ ਦੇ ਜਨਮ ‘ਤੇ ਕੋਈ ਜਸ਼ਨ ਨਹੀ ਮਨਾਇਆ ਗਿਆ ਸੀ ਨਾ ਹੀ ਉਨ੍ਹਾਂ ਨੇ ਮਿਠਾਈ ਵੰਡੀ ਸੀ। ਆਪਣੀ ਭੈਣ ਕੰਗਣਾ ਬਾਰੇ ਰੰਗੋਲੀ ਨੇ ਕਿਹਾ, ”ਜਦੋਂ ਕੰਗਣਾ ਜਨਮ ਹੋਇਆ ਸੀ ਤਾਂ ਘਰ ‘ਚ ਕੋਈ ਖੁਸ਼ ਨਹੀਂ ਸੀ। ਅੱਜ ਵੀ ਬਹੁਤ ਸਾਰੀਆਂ ਗੱਲਾਂ ਬਦਲੀਆਂ ਨਹੀਂ ਹਨ ਅਤੇ ਇਸ ਕਾਰਨ ਅਸੀਂ ਕੁੜੀਆਂ ਨੂੰ ਸਹਿਯੋਗ ਕਰ ਰਹੀਆਂ ਹਾਂ।”     ਜਾਣਕਾਰੀ ਅਨੁਸਾਰ ਹੁਣ ਖੁਸ਼ੀ ਵਾਲੀ ਗੱਲ ਇਹ ਹੈ ਕਿ ਕੰਗਣਾ ਨੇ ਆਪਣੀ ਸਫ਼ਲਤਾ ਨਾਲ ਸਾਰਿਆਂ ਨੂੰ ਗਲਤ ਸਿੱਧ ਕਰ ਦਿੱਤਾ ਹੈ। ਉਹ ਆਪਣੀ ਭੈਣ ਨਾਲ ਉਸ ਸਮੇਂ ਵੀ ਖੜੀ ਸੀ ਜਦੋਂ ਉਨ੍ਹਾਂ ‘ਤੇ ਐਸਿਡ ਦਾ ਹਮਲਾ ਹੋਇਆ ਸੀ। ਕੰਗਣਾ ਦੀ ਭੈਣ ਰੰਗੋਲੀ ਹੁਣ ਉਨ੍ਹਾਂ ਨਾਲ ਪ੍ਰਬੰਧਕ ਦੇ ਰੂਪ ‘ਚ ਕੰਮ ਕਰਦੀ ਹੈ। ਇਸ ਤੋਂ ਇਲਾਵਾ ਇਹ ਦੋਵੇਂ ਇਕ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਵੀ ਨਜ਼ਰ ਆ ਰਹੀਆਂ ਹਨ।