ਨੈਸ਼ਨਲ ਡੈਸਕ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਮੱਧ ਪ੍ਰਦੇਸ਼ ਚੋਣਾਂ ਦੌਰਾਨ ਕਮਲਨਾਥ ਨਾਲ ਪ੍ਰਚਾਰ ਕਰਦੇ ਨਜ਼ਰ ਆਏ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਪੱਗ ਬੰਨ੍ਹਦੇ ਹਨ, ਸਰਦਾਰ ਹਨ ਤੇ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਹਨ। ਉਨ੍ਹਾਂ ਕਿਹਾ ਕਿ ਸਰਦਾਰ ਹੋਣ ਦੇ ਬਾਵਜੂਦ ਉਹ ਬਾਕੀ ਧਰਮਾਂ ਦਾ ਵੀ ਸਤਿਕਾਰ ਕਰਦੇ ਹਨ। ਉਨ੍ਹਾਂ ਕਮਲਨਾਥ ਬਾਰੇ ਬੋਲਦੇ ਹੋਏ ਕਿਹਾ ਕਿ ਮੇਰੀ ਉਮਰ 44 ਸਾਲ ਦੀ ਹੋ ਗਈ ਹੈ ਤੇ ਉਨ੍ਹਾਂ ਨੇ ਇਸ ਦੌਰਾਨ ਕਦੇ ਵੀ ਕਮਲਨਾਥ ਨੂੰ ਸਿੱਖਾਂ ਜਾਂ ਸਰਦਾਰਾਂ ਬਾਰੇ ਕੁਝ ਵੀ ਗਲਤ ਬੋਲਦਿਆਂ, ਪ੍ਰਚਾਰ ਕਰਦਿਆਂ ਜਾਂ ਕੋਈ ਅਨਿਆਂ ਕਰਦਿਆਂ ਨਾ ਤਾਂ ਦੇਖਿਆ, ਨਾ ਹੀ ਸੁਣਿਆ। ਅੱਜ ਤੱਕ ਉਨ੍ਹਾਂ ਖ਼ਿਲਾਫ਼ ਨਾ ਤਾਂ ਕੋਈ ਮਾਮਲਾ ਦਰਜ ਹੋਇਆ ਹੈ ਨਾ ਹੀ ਕਿਸੇ ਵਿਵਾਦ ‘ਚ ਉਨ੍ਹਾਂ ਦਾ ਨਾਂ ਆਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਸਿੱਖਾਂ ਖ਼ਿਲਾਫ਼ ਪ੍ਰਚਾਰ ਕਰਨ ਵਾਲੇ ਸਰਦਾਰ ਭਾਜਪਾ ਦਿੱਲੀ ਤੋਂ ਭੇਜਦੀ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਕਮਲਨਾਥ ਤੋਂ ਡਰ ਲੱਗਣ ਲੱਗ ਪਿਆ ਹੈ। ਅਜਿਹਾ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਤਾਂ ਰੱਬ ਵੀ ਮੁਆਫ਼ ਨਹੀਂ ਕਰੇਗਾ ਜੋ ਕਹਿੰਦੇ ਹਨ ਕਿ ਕਮਲਨਾਥ ਨੇ ਸਿੱਖਾਂ ਜਾਂ ਸਰਦਾਰਾਂ ‘ਤੇ ਤਸ਼ੱਦਦ ਕੀਤੀ ਹੋਵੇ ਜਾਂ ਖ਼ਿਲਾਫ਼ਤ ਕੀਤੀ ਹੋਵੇ। ਉਨ੍ਹਾਂ ਅੱਗੇ ਕਾਂਗਰਸ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਇਕਲੌਤੀ ਪਾਰਟੀ ਹੈ , ਜਿਸ ਨੇ ਦੇਸ਼ ‘ਚ ਗਿਆਨੀ ਜੈਲ ਸਿੰਘ ਨੂੰ ਪਹਿਲੇ ਸਿੱਖ ਰਾਸ਼ਟਰਪਤੀ ਅਤੇ ਡਾ. ਮਨਮੋਹਨ ਸਿੰਘ ਨੂੰ ਦੇਸ਼ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸੂਬੇ ‘ਚ ਸਾਰੇ ਸਰਦਾਰਾਂ ਅਤੇ ਬਾਕੀ ਲੋਕਾਂ ਨੂੰ ਇੱਕਜੁੱਟ ਹੋ ਕੇ ਇਕ ਵਾਰ ਫਿਕ ਕਮਲਨਾਥ ਨੂੰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ।















