ਮੇਰੇ ਲਈ ਦਰਸ਼ਕਾਂ ਦਾ ਮਨੋਰੰਜਨ ਸਭ ਤੋਂ ਅਹਿਮ: ਸਲਮਾਨ

ਸਲਮਾਨ ਖ਼ਾਨ ਦਾ ਸਿਤਾਰਾ ਬੁਲੰਦੀ ‘ਤੇ ਚੱਲ ਰਿਹਾ ਹੈ। ਉਸ ਨੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ। ਖ਼ਾਸ ਗੱਲ ਇਹ ਹੈ ਕਿ ‘ਪ੍ਰੇਮ ਰਤਨ ਧਨ ਪਾਇਓ’ ਨੂੰ ਛੱਡ ਕੇ ਬਾਕੀ ਸਾਰੀਆਂ ਐਕਸ਼ਨ ਫ਼ਿਲਮਾਂ ਸਨ, ਜਿਨ੍ਹਾਂ ਨੇ 100 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕੀਤਾ ਹੈ। ਸਲਮਾਨ ਖ਼ਾਨ ਹੁਣ ਇੱਕ ਵਾਰ ਫ਼ਿਰ ਆਪਣੀ ਆਉਣ ਵਾਲੀ ਫ਼ਿਲਮ ‘ਟਿਊਬਲਾਈਟ’ ਨਾਲ ਦਰਸ਼ਕਾਂ ਨੂੰ ਲੁਭਾਉਣ ਲਈ ਤਿਆਰ ਹੈ। ਪੇਸ਼ ਹੈ ਸਲਮਾਨ ਖ਼ਾਨ ਨਾਲ ਹੋਈ ਗੱਲਬਾਤ ਦੇ ਅੰਸ਼:
-ਤੁਹਾਡੀ ਆਉਣ ਵਾਲੀ ਫ਼ਿਲਮ ‘ਟਿਊਬਲਾਈਟ’ ਦੀ ਬਹੁਤ ਚਰਚਾ ਹੈ। ਆਖਿਰ ਇਹ ‘ਟਿਊਬਲਾਈਟ’ ਕੀ ਅਤੇ ਕਿਵੇਂ ਦੀ ਹੈ?
-‘ਟਿਊਬਲਾਈਟ’ ਇੱਕ ਡਰਾਮਾ ਫ਼ਿਲਮ ਹੈ ਜਿਸ ਦਾ ਨਿਰਮਾਣ ਅਸੀਂ ਨਿਰਦੇਸ਼ਕ ਕਬੀਰ ਖ਼ਾਨ ਨਾਲ ਮਿਲ ਕੇ ਕੀਤਾ ਹੈ। ਇਸ ਫ਼ਿਲਮ ਦੀ ਕਹਾਣੀ 1962 ਦੇ ਭਾਰਤ-ਚੀਨ ਯੁੱਧ ਦੇ ਸਮੇਂ ਦੀ ਹੈ। ਇਸ ਵਿੱਚ ਮੈਂ ਲਕਸ਼ਮਣ ਸਿੰਘ ਬਿਸ਼ਟ ਨਾਂ ਦੇ ਭਾਰਤੀ ਨੌਜਵਾਨ ਦੀ ਭੂਮਿਕਾ ਨਿਭਾਈ ਹੈ ਜਿਸ ਨੂੰ ਚੀਨ ਦੀ ਲੜਕੀ ਨਾਲ ਪਿਆਰ ਹੋ ਜਾਂਦਾ ਹੈ। ਫ਼ਿਲਮ ਵਿੱਚ ਮੇਰੇ ਨਾਲ ਚੀਨੀ ਅਭਿਨੇਤਰੀ ਝੂਝੂ ਨਜ਼ਰ ਆਏਗੀ। ਇਸ ਵਿੱਚ ਸੋਹੇਲ ਖ਼ਾਨ ਮੇਰੇ ਭਰਾ ਅਤੇ ਫ਼ੌਜੀ ਦੇ ਤੌਰ ‘ਤੇ ਦਿਖਾਈ ਦੇਏਗਾ। ਫ਼ਿਲਮ ਵਿੱਚ ਮੇਰਾ ਕਿਰਦਾਰ ਇੱਕ ਦੱਬੂ ਕਿਸਮ ਦੇ ਲੜਕੇ ਦਾ ਹੈ ਜੋ ਬੇਹੱਦ ਸਿੱਧਾ ਅਤੇ ਮਾਸੂਮ ਹੈ। ਇਸ ਸਿੱਧੇਪਣ ਦੀ ਵਜ੍ਹਾ ਨਾਲ ਲੋਕ ਉਸ ਨੂੰ ਟਿਊਬਲਾਈਟ ਦੇ ਨਾਂ ਨਾਲ ਸੱਦਦੇ ਹਨ। ਦਰਅਸਲ, ਇਸ ਫ਼ਿਲਮ ਵਿੱਚ ਬੇਹੱਦ ਮਜ਼ੇਦਾਰ ਪਰਿਵਾਰਕ ਡਰਾਮਾ ਹੋਏਗਾ ਕਿਉਂਕਿ ਫ਼ਿਲਮ ਦੀ ਕਹਾਣੀ ਉੱਤਰ ਭਾਰਤ ਵਿੱਚ ਪਹਾੜਾਂ ਵਿੱਚ ਵਸੇ ਇੱਕ ਛੋਟੇ ਜਿਹੇ ਸ਼ਹਿਰ ਦੀ ਹੈ ਜਿਸ ਵਿੱਚ ਇੱਕ ਵਿਅਕਤੀ ਦੀ ਖ਼ੁਦ ਵਿੱਚ ਸ਼ਰਧਾ ਅਤੇ ਆਪਣੇ ਪਰਿਵਾਰ ਲਈ ਬੇਤਹਾਸ਼ਾ ਪਿਆਰ ਨੂੰ ਦਿਖਾਇਆ ਗਿਆ ਹੈ। ਜੰਗ ‘ਤੇ ਆਧਾਰਿਤ ਇਸ ਫ਼ਿਲਮ ਵਿੱਚ ਕਾਮੇਡੀ ਦੇ ਨਾਲ ਨਾਲ ਭਾਵਨਾਤਮਿਕਤਾ ਵੀ ਦੇਖਣ ਨੂੰ ਮਿਲੇਗੀ। ਇਹ ਫ਼ਿਲਮ 2015 ਵਿੱਚ ਰਿਲੀਜ਼ ਹੋਈ ਫ਼ਿਲਮ ‘ਲਿਟਿਲ ਬੌਇ’ ਤੋਂ ਪ੍ਰੇਰਿਤ ਹੈ ਅਤੇ 23 ਜੂਨ ਨੂੰ ਈਦ ਦੇ ਮੌਕੇ ‘ਤੇ ਰਿਲੀਜ਼ ਹੋਏਗੀ।
-ਕਬੀਰ ਖ਼ਾਨ ਨਾਲ ਤੁਹਾਡੀ ਜੋੜੀ ਸੁਪਰਹਿੱਟ ਰਹੀ ਹੈ ਤਾਂ ਕੀ ‘ਟਿਊਬਲਾਈਟ’ ਤੋਂ ਵੀ ਤੁਸੀਂ ਟਿਕਟ ਖਿੜਕੀ ‘ਤੇ ਚਮਤਕਾਰ ਦੀ ਉਮੀਦ ਰੱਖਦੇ ਹੋ?
-ਕਬੀਰ ਖ਼ਾਨ ਨਾਲ ਇਸ ਤੋਂ ਪਹਿਲਾਂ ਮੈਂ ‘ਬਜਰੰਗੀ ਭਾਈਜਾਨ’ ਅਤੇ ‘ਏਕ ਥਾ ਟਾਈਗਰ’ ਵਿੱਚ ਕੰਮ ਕਰ ਚੁੱਕਾ ਹਾਂ। ਇਨ੍ਹਾਂ ਦੋਨੋਂ ਹੀ ਫ਼ਿਲਮਾਂ ਨੇ ਟਿਕਟ ਖਿੜਕੀ ‘ਤੇ ਕਾਫ਼ੀ ਚੰਗਾ ਕਾਰੋਬਾਰ ਕੀਤਾ ਸੀ। ਅਜਿਹੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ‘ਟਿਊਬਲਾਈਟ’ ਦੇ ਜ਼ਰੀਏ ਸਾਡੀ ਦੋਨਾਂ ਦੀ ਜੋੜੀ ਹੈਟਰਿਕ ਲਗਾ ਸਕਦੀ ਹੈ, ਪਰ ਇੱਥੇ ਇਹ ਸਪੱਸ਼ਟ ਕਰਨਾ ਚਾਹਾਂਗਾ ਕਿ ਕੋਈ ਵੀ ਫ਼ਿਲਮ ਮੈਂ ਇਹ ਦੇਖ ਕੇ ਸਾਈਨ ਨਹੀਂ ਕਰਦਾ ਜਾਂ ਬਣਾਉਂਦਾ ਕਿ ਉਹ ਸੌ ਕਰੋੜ ਦੇ ਕਲੱਬ ਵਿੱਚ ਸ਼ਾਮਿਲ ਹੋਵੇ। ਜਦੋਂ ਤਕ ਮੈਨੂੰ ਕੋਈ ਸਕ੍ਰਿਪਟ ਪਸੰਦ ਨਹੀਂ ਆਉਂਦੀ, ਮੈਂ ਉਸ ਵਿੱਚ ਕੰਮ ਕਰਨ ਲਈ ਹਾਮੀ ਨਹੀਂ ਭਰਦਾ। ਮੇਰੇ ਲਈ ਦਰਸ਼ਕਾਂ ਦਾ ਮਨੋਰੰਜਨ ਅਹਿਮ ਹੈ। ਦਰਸ਼ਕਾਂ ਨੂੰ ਮੇਰੇ ਤੋਂ ਉਮੀਦਾਂ ਹੁੰਦੀਆਂ ਹਨ, ਅਜਿਹੇ ਵਿੱਚ ਮੈਂ ਉਨ੍ਹਾਂ ਨੂੰ ਨਿਰਾਸ਼ ਕਰਨ ਦਾ ਖ਼ਤਰਾ ਮੁੱਲ ਨਹੀਂ ਲੈ ਸਕਦਾ।
-ਤੁਸੀਂ ਜ਼ਿਆਦਾਤਰ ਫ਼ਿਲਮਾਂ ਵਿੱਚ ਵਿਸ਼ਾਲ ਕੱਦ ਵਾਲੀਆਂ ਭੂਮਿਕਾਵਾਂ ਹੀ ਨਿਭਾਈਆਂ ਹਨ। ਤੁਸੀਂ ਇਸ ਨੂੰ ਬਦਲਣ ਲਈ ਕੁਝ ਕੀਤਾ ਹੈ?
-ਕੋਈ ਕਿਰਦਾਰ ਜਿਸ ਦੇ ਪਿੱਛੇ ਚੰਗਾ ਨਿਰਦੇਸ਼ਕ, ਚੰਗਾ ਲੇਖਕ, ਚੰਗੇ ਕਲਾਕਾਰ ਅਤੇ ਸ਼ਾਨਦਾਰ ਪਿੱਠਭੂਮੀ ਹੋਵੇਗੀ, ਉਹ 70 ਐੱਮਐੱਮ ਦੀ ਸਕਰੀਨ ‘ਤੇ ਵਿਸ਼ਾਲ ਕੱਦ ਹੀ ਲੱਗੇਗਾ। ਇਹੀ ਸਿਨਮਾ ਦੀ ਖ਼ੂਬਸੂਰਤੀ ਹੈ।  ਜਿੱਥੋਂ ਤਕ ਇਸ ਦਿੱਖ ਨੂੰ ਬਦਲਣ ਦਾ ਸਵਾਲ ਹੈ ਤਾਂ ਮੈਂ ਜਿਵੇਂ ਦੀਆਂ ਫ਼ਿਲਮਾਂ ਚੁਣ ਰਿਹਾ ਹਾਂ, ਉਨ੍ਹਾਂ ਦੇ ਕਿਰਦਾਰ ਅਜਿਹੇ ਹਨ ਜੋ ਮੈਨੂੰ ਪ੍ਰੇਰਿਤ ਕਰਦੇ ਹਨ। ਫ਼ਿਲਮ ਪੂਰੀ ਹੋਣੀ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਮੈਂ ਉਹ ਕਿਰਦਾਰ ਬਣ ਜਾਵਾਂ। ਜੇਕਰ ਮੈਂ ਸੌ ਫ਼ੀਸਦੀ ਉਸ ਤਰ੍ਹਾਂ ਦਾ ਨਹੀਂ ਵੀ ਬਣ ਸਕਾਂ ਤਾਂ ਉਸ ਦੀ ਕੁਝ ਗੁਣਵੱਤਾ ਤਾਂ ਆਪਣੇ ਵਿੱਚ ਲੈਂਦਾ ਹੀ ਹਾਂ। ਫ਼ਿਲਮਾਂ ਵਿੱਚ ਕਿਰਦਾਰ ਦੀਆਂ ਪ੍ਰਤੀਕਿਰਿਆਵਾਂ ਬਾਖ਼ੂਬੀ ਲਿਖੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਣੀ ਅਸਲ ਜ਼ਿੰਦਗੀ ਵਿੱਚ ਅਪਣਾ ਲਓ ਤਾਂ ਤੁਸੀਂ ਬਿਹਤਰੀਨ ਵਿਜੇਤਾ ਹੋ ਸਕਦੇ ਹੋ।
ਸੁਣਨ ਵਿੱਚ ਆਉਂਦਾ ਹੈ ਕਿ ਇੰਡਸਟਰੀ ਵਿੱਚ ਬਹੁਤ ਮੁਕਾਬਲਾ ਹੈ ਅਤੇ ਇੱਥੇ ਗੌਡਫ਼ਾਦਰ ਦੇ ਬਗੈਰ ਟਿਕਣਾ ਮੁਸ਼ਕਿਲ ਹੈ। ਇਸ ਗੱਲ ਨਾਲ ਤੁਸੀਂ ਕਿੰਨਾ ਸਹਿਮਤ ਹੋ?
-ਹਮੇਸ਼ਾਂ ਹਰ ਕਿਸੇ ਨਾਲ ਅਜਿਹਾ ਹੀ ਹੁੰਦਾ ਹੈ। ਹਰ ਕਿਸੇ ਲਈ ਇੱਥੇ ਟਿਕੇ ਰਹਿਣਾ ਮੁਸ਼ਕਿਲ ਹੈ। ਪ੍ਰਸ਼ੰਸਕ ਤੈਅ ਕਰਦੇ ਹਨ ਕਿ ਉਹ ਟਿਕਟ ਖ਼ਰੀਦਣ ਜਾਂ ਨਹੀਂ। ਇਹ ਕਿਸੇ ਦੀ ਜਾਗੀਰ ਨਹੀਂ ਹੈ। ਵੈਸੇ, ਇਹ ਮਾਹੌਲ ਜਿੰਨਾ ਮੁਸ਼ਕਿਲ ਹੋਏਗਾ, ਸਾਡੇ ਲਈ ਉੱਨਾ ਹੀ ਚੰਗਾ ਹੈ ਕਿਉਂਕਿ ਤਾਂ ਹੀ ਅਸੀਂ ਸਿਨਮਾ ਦੀ ਗੁਣਵੱਤਾ ਬਿਹਤਰ ਬਣਾਵਾਂਗੇ। ਜਿੱਥੋਂ ਤਕ ਗੱਲ ਗੌਡਫ਼ਾਦਰ ਦੀ ਹੈ ਤਾਂ ਮੇਰਾ ਤਾਂ ਕੋਈ ਗੌਡਫ਼ਾਦਰ ਨਹੀਂ ਹੈ। ਸਾਡਾ ਕਿਹੜਾ ਗੌਡਫ਼ਾਦਰ ਸੀ? ਸ਼ਾਹਰੁਖ਼ ਖ਼ਾਨ ਦਾ ਕੌਣ ਸੀ? ਆਮਿਰ ਖ਼ਾਨ ਦਾ ਗੌਡਫ਼ਾਦਰ ਕੌਣ ਸੀ? ਅੱਜ ਅਕਸ਼ੈ ਕੁਮਾਰ ਸੁਪਰਸਟਾਰ ਕਿਵੇਂ ਬਣ ਗਿਆ ? ਅਜੇ ਦੇਵਗਨ ਫ਼ਾਈਟ ਮਾਸਟਰ ਦਾ ਬੇਟਾ ਹੈ, ਮੈਂ ਲੇਖਕ ਦਾ ਬੇਟਾ ਹਾਂ, ਸ਼ਾਹਿਦ ਕਪੂਰ ਇੱਕ ਚਰਿੱਤਰ ਕਲਾਕਾਰ ਦਾ ਬੇਟਾ ਹੈ। ਇਹ ਸਭ ਬੇਮਤਲਬ ਦੀਆਂ ਗੱਲਾਂ ਹਨ।
-ਤੁਸੀਂ ਐਕਸ਼ਨ, ਰੁਮਾਂਟਿਕ, ਗੰਭੀਰ, ਕਾਮੇਡੀ ਹਰ ਤਰ੍ਹਾਂ ਦਾ ਕਿਰਦਾਰ ਬਰਾਬਰ ਪ੍ਰਤਿਭਾ ਨਾਲ ਕਿਵੇਂ ਨਿਭਾ ਲੈਂਦੇ ਹੋ?
-ਸਭ ਕੁਝ ਖ਼ੁਦਾ ਦੀ ਦੇਣ ਅਤੇ ਤੁਹਾਡੇ ਲੋਕਾਂ ਦਾ ਪਿਆਰ ਹੈ। ਖ਼ੁਦਾ ਨੇ ਮੈਨੂੰ ਕਰੀਅਰ ਵਿੱਚ ਬਹੁਤ ਨਿਵਾਜਿਆ ਹੈ ਤਾਂ ਪਰਿਵਾਰ ਦਾ ਸਮਰਥਨ ਵੀ ਭਰਪੂਰ ਮਿਲਦਾ ਹੈ। ਮੈਨੂੰ ਲੱਗਦਾ ਹੈ ਕਿ ਕਾਮੇਡੀ ਦੀ ਸਮਝ ਮੈਨੂੰ ਸੋਹੇਲ ਤੋਂ ਮਿਲੀ, ਜਦੋਂਕਿ ਗੰਭੀਰਤਾ ਅਰਬਾਜ਼ ਤੋਂ ਮਿਲੀ। ਜੋ ਗੁੱਸਾ ਮੈਂ ਸਕਰੀਨ ‘ਤੇ ਦਿਖਾਉਂਦਾ ਹਾਂ, ਉਹ ਮੈਨੂੰ ਅਰਬਾਜ਼ ਅਤੇ ਆਪਣੇ ਪਿਤਾ ਸਲੀਮ ਖ਼ਾਨ ਤੋਂ ਮਿਲਿਆ ਹੈ। ਥੋੜ੍ਹਾ ਬਹੁਤ ਦੋਸਤਾਂ ਤੋਂ ਵੀ ਸਿੱਖਣ ਨੂੰ ਮਿਲਿਆ ਹੈ। ਮੈਨੂੰ ਲੱਗਦਾ ਹੈ ਕਿ ਮੈਂ ਤਮਾਮ ਲੋਕਾਂ ਦੀ ਪ੍ਰਤਿਭਾ ਅਤੇ ਸਮਝਦਾਰੀ ਨੂੰ ਆਪਣੇ ਅੰਦਰ ਸਮੇਟ ਕੇ ਇੱਥੋਂ ਤਕ ਪਹੁੰਚਿਆ ਹਾਂ।
-ਅਜਿਹਾ ਕਿਉਂ ਹੈ ਕਿ ਜਿਹੜੀਆਂ ਅਭਿਨੇਤਰੀਆਂ ਨਾਲ ਤੁਸੀਂ ਕੰਮ ਕੀਤਾ, ਉਨ੍ਹਾਂ ਦਾ ਕਰੀਅਰ ਪ੍ਰਵਾਨ ਨਹੀਂ ਚੜ੍ਹਿਆ?
-ਨਹੀਂ, ਮੈਂ ਅਜਿਹਾ ਬਿਲਕੁਲ ਨਹੀਂ ਮੰਨਦਾ ਅਤੇ ਤੁਸੀਂ ਵੀ ਅਜਿਹਾ ਨਾ ਸੋਚੋ। ਤੁਸੀਂ ਮਾਧੁਰੀ ਦੀਕਸ਼ਿਤ ਦਾ ਉਦਾਹਰਨ ਲੈ ਲਓ, ਉਨ੍ਹਾਂ ਦਾ ਕਰੀਅਰ ਬਹੁਤ ਚੰਗਾ ਰਿਹਾ। ਉਨ੍ਹਾਂ ਦਾ ਵਿਆਹ ਵੀ ਹੋ ਗਿਆ, ਪਰ ਖ਼ੁਦ ਲਈ ਉਹ ਹੁਣ ਵੀ ਬਹੁਤ ਚੰਗਾ ਕਰ ਰਹੇ ਹਨ। ਪ੍ਰੀਤੀ ਜਿੰਟਾ ਅਤੇ ਰਾਣੀ ਮੁਖਰਜੀ ਨੇ ਮੇਰੇ ਤੋਂ ਕਈ ਸਾਲ ਬਾਅਦ ਅਦਾਕਾਰੀ ਸ਼ੁਰੂ ਕੀਤੀ ਅਤੇ ਉਹ ਹੁਣ ਵੀ ਇੰਡਸਟਰੀ ਵਿੱਚ ਸਰਗਰਮ ਹਨ। ਦਰਅਸਲ, ਹਰ ਕਿਸੇ ਦਾ ਆਪਣਾ ਸਮਾਂ ਹੁੰਦਾ ਹੈ। ਅੱਜ ਇੱਥੇ ਕਈ ਪ੍ਰਤਿਭਾਵਾਨ ਅਤੇ ਮਿਹਨਤੀ ਅਭਿਨੇਤਰੀਆਂ ਮੌਜੂਦ ਹਨ ਅਤੇ ਫ਼ਿਲਮ ਉਦਯੋਗ ਵੀ ਕਾਫ਼ੀ ਵਿਕਸਤ ਹੋਇਆ ਹੈ। ਪਹਿਲਾਂ ਦੇ ਮੁਕਾਬਲੇ ਅਭਿਨੇਤਰੀਆਂ ਦਾ ਕੰਮ ਕਰਨ ਦਾ ਸਮਾਂ ਲੰਬਾ ਹੋ ਗਿਆ ਹੈ।
-ਤੁਸੀਂ ਇੱਕ ਅਦਾਕਾਰ, ਲੇਖਕ, ਨਿਰਮਾਤਾ, ਚਿੱਤਰਕਾਰ ਅਤੇ ਹੋਸਟ ਹੋ। ਇਨ੍ਹਾਂ ਵਿੱਚੋਂ ਕਿਸ ਕਿਰਦਾਰ ਤੋਂ ਸਭ ਤੋਂ ਜ਼ਿਆਦਾ ਖ਼ੁਸ਼ ਹੁੰਦੇ ਹੋ?
-ਮੈਂ ਪੇਂਟਿੰਗ ਕਰਕੇ ਜ਼ਿਆਦਾ ਖ਼ੁਸ਼ ਹੁੰਦਾ ਹਾਂ। ਮੈਂ ਅੱਜਕੱਲ੍ਹ ਕਈ ਚੀਜ਼ਾਂ ਪੇਂਟ ਕਰ ਰਿਹਾ ਹਾਂ। ਦਰਅਸਲ, ਹਰ ਚੀਜ਼ ਦਾ ਸਮਾਂ ਹੁੰਦਾ ਹੈ। ਅਸੀਂ ਸਮੇਂ ਮੁਤਾਬਿਕ ਚੀਜ਼ਾਂ ਪ੍ਰਤੀ ਰੁਝਾਨ ਵਧਾਉਂਦੇ ਹਾਂ। ਫ਼ਿਲਹਾਲ ਮੈਂ ਪੇਂਟਿੰਗ ਨਹੀਂ ਕਰ ਰਿਹਾ ਹਾਂ, ਮੈਂ ਪੇਂਟ ਕਰ ਰਿਹਾ ਹਾਂ। ਮੈਂ ਸਭ ਕੁਝ ਕਰ ਲੈਂਦਾ ਹਾਂ, ਪਰ ਕਿਸੇ ਵੀ ਚੀਜ਼ ਵਿੱਚ ਮਾਸਟਰ ਨਹੀਂ ਹਾਂ।
-ਕੋਈ ਅਜਿਹੀ ਚੀਜ਼ ਜੋ ਲੋਕ ਸਲਮਾਨ ਦੇ ਬਾਰੇ ਵਿੱਚ ਨਹੀਂ ਜਾਣਦੇ?
-ਸੱਚ ਕਹਾਂ ਤਾਂ ਲੋਕ ਮੈਨੂੰ ਇਸ ਤੋਂ ਬਾਅਦ ਕੁੱਟਣਗੇ। ਮੈਂ ਆਪਣੀ ਫ਼ਿਲਮ ਦੇਖਦੇ ਹੋਏ ਵੀ ਸੌਂ ਜਾਂਦਾ ਹਾਂ। ਮੈਂ ਆਪਣੀਆਂ ਸਾਰੀਆਂ ਫ਼ਿਲਮਾਂ ਦੀ ਸਕਰੀਨਿੰਗ ‘ਤੇ ਸੌਂ ਜਾਂਦਾ ਹਾਂ। ਇਸ ਦਾ ਇਹ ਮਤਲਬ ਵੀ ਹੈ ਕਿ ਮੈਂ ਦੂਜਿਆਂ ਦੀਆਂ ਫ਼ਿਲਮਾਂ ਦੇਖਦੇ ਹੋਏ ਵੀ ਸੌਂ ਜਾਂਦਾ ਹਾਂ।
-‘ਟਿਊਬਲਾਈਟ’ ਤੋਂ ਬਾਅਦ ਤੁਸੀਂ ਕਿਸ ਫ਼ਿਲਮ ਵਿੱਚ ਦਿਖਾਈ ਦੇਵੋਗੇ?
-ਪਹਿਲਾਂ ‘ਟਿਊਬਲਾਈਟ’ ਨੂੰ ਤਾਂ ਰਿਲੀਜ਼ ਹੋ ਜਾਣ ਦਿਓ, ਫ਼ਿਰ ਦੂਜੀ ਫ਼ਿਲਮ ਦੀ ਗੱਲ ਕਰਾਂਗੇ। ਵੈਸੇ, ‘ਟਿਊਬਲਾਈਟ’ ਤੋਂ ਬਾਅਦ ‘ਟਾਈਗਰ ਜਿੰਦਾ ਹੈ’ ਵਿੱਚ ਨਜ਼ਰ ਆਉਣ ਵਾਲਾ ਹਾਂ, ਜਿਸ ਦੀ ਸ਼ੂਟਿੰਗ ਤੇਜ਼ੀ ਨਾਲ ਚੱਲ ਰਹੀ ਹੈ। ‘ਟਾਈਗਰ ਜਿੰਦਾ ਹੈ’ ਵਿੱਚ ਕੈਟਰੀਨਾ ਕੈਫ਼ ਨਾਲ ਪੰਜ ਸਾਲ ਬਾਅਦ ਪਰਦੇ ‘ਤੇ ਦਿਖਾਈ ਦੇਵਾਂਗਾ।