ਹੇਟ ਸਟੋਰੀ ਸੀਰੀਜ਼ ਦੀਆਂ ਤਿੰਨੋਂ ਫ਼ਿਲਮਾਂ ‘ਹੇਟ ਸਟੋਰੀ’ (20 12), ਹੇਟ ਸਟੋਰੀ-2 (2014) ਅਤੇ ਹੇਟ ਸਟੋਰੀ-3 (2015) ਬਾਕਸ ਆਫ਼ਿਸ ‘ਤੇ ਸਫ਼ਲ ਰਹੀਆਂ ਹਨ। ਘੱਟ ਬਜਟ ਵਿੱਚ ਤਿਆਰ ਇਹ ਫ਼ਿਲਮਾਂ ਬੋਲਡ ਵਿਸ਼ਿਆਂ, ਹਾਰਡ ਹਿਟਿੰਗ ਡਾਇਲਾਗਜ਼ ਅਤੇ ਸਕਿਨ ਸ਼ੋਅ ਲਈ ਜਾਣੀਆਂ ਜਾਂਦੀਆਂ ਹਨ। ਇਸ ਫ਼ਿਲਮ ਦੇ ਪਹਿਲੇ ਭਾਗ ਵਿੱਚ ਬੰਗਾਲੀ ਅਦਾਕਾਰਾ ਪਾਓਲੀ ਦਾਮ ਨੇ ਕਾਫ਼ੀ ਬੋਲਡ ਭੂਮਿਕਾ ਨਿਭਾਈ। ਦੂਜਾ ਭਾਗ ਸੁਰਵੀਨ ਚਾਵਲਾ ਨੂੰ ਲੈ ਕੇ ਬਣਾਇਆ ਗਿਆ। ਤੀਜੇ ਭਾਗ ਵਿੱਚ ਜ਼ਰੀਨ ਖ਼ਾਨ ਅਤੇ ਡੇਜ਼ੀ ਸ਼ਾਹ ਨੇ ਕੰਮ ਕੀਤਾ। ਫ਼ਿਲਮ ਦੇ ਚੌਥੇ ਭਾਗ ਦੀ ਤਿਆਰੀ ਸ਼ੁਰੂ ਹੋਣ ਵਾਲੀ ਹੈ ਪਰ ਹੀਰੋਇਨ ਅਜੇ ਤਕ ਤੈਅ ਨਹੀਂ ਹੈ। ਪਿਛਲੇ ਦਿਨੀਂ ਇਸ ਫ਼ਿਲਮ ਦੀ ਪੇਸ਼ਕਸ਼ ਉਰਵਸ਼ੀ ਰੌਟੇਲਾ ਨੂੰ ਕੀਤੀ ਗਈ। ਖ਼ੂਬਸੂਰਤ ਉਰਵਸ਼ੀ ਬਾਲੀਵੁੱਡ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ‘ਕਾਬਿਲ’ ਵਿੱਚ ਉਸ ‘ਤੇ ਫ਼ਿਲਮਾਇਆ ਗੀਤ ‘ਸਾਰਾ ਜ਼ਮਾਨਾ’ ਕਾਫ਼ੀ ਪਸੰਦ ਕੀਤਾ ਗਿਆ ਸੀ ਪਰ ਉਰਵਸ਼ੀ ਨੇ ‘ਹੇਟ ਸਟੋਰੀ’ ਦੀ ਪੇਸ਼ਕਸ਼ ਠੁਕਰਾ ਦਿੱਤੀ। ਸੂਤਰਾਂ ਮੁਤਾਬਕ ਉਸ ਨੇ ਇਹ ਫ਼ਿਲਮ ਇਸ ਲਈ ਠੁਕਰਾਈ ਕਿਉਂਕਿ ਉਸ ਨੂੰ ਫ਼ਿਲਮ ਦੇ ਬੋਲਡ ਅੰਦਾਜ਼ ‘ਤੇ ਇਤਰਾਜ਼ ਸੀ।
‘ਗ੍ਰੇਟ ਗ੍ਰੈਂਡ ਮਸਤੀ’ ਵਰਗੀ ਫ਼ਿਲਮ ਦਾ ਹਿੱਸਾ ਰਹਿ ਚੁੱਕੀ ਉਰਵਸ਼ੀ ਨੂੰ ਬੋਲਡ ਫ਼ਿਲਮਾਂ ਤੋਂ ਐਲਰਜੀ ਹੋਣ ਲੱਗ ਪਵੇ, ਇਹ ਤਾਂ ਹੈਰਾਨੀ ਵਾਲੀ ਗੱਲ ਹੀ ਹੈ। ਖ਼ੈਰ! ਦੂਜਾ ਕਾਰਨ ਇਹ ਹੋ ਸਕਦਾ ਹੈ ਕਿ ਹੋ ਸਕਦਾ ਹੈ ਕਿ ਉਰਵਸ਼ੀ ਨੇ ‘ਹੇਟ ਸਟੋਰੀ’ ਸੀਰੀਜ਼ ਵਿੱਚ ਕੰਮ ਕਰਨ ਵਾਲੀਆਂ ਅਭਿਨੇਤਰੀਆਂ ਬਾਰੇ ਸੋਚਿਆ ਹੋਵੇ। ਪਾਓਲੀ, ਸੁਰਵੀਨ, ਡੇਜ਼ੀ ਅਤੇ ਜ਼ਰੀਨ ਨੂੰ ਇਸ ਸੀਰੀਜ਼ ਦੀਆਂ ਫ਼ਿਲਮਾਂ ‘ਚ ਕੰਮ ਕਰਨ ਦਾ ਕੋਈ ਫ਼ਾਇਦਾ ਨਹੀਂ ਹੋਇਆ। ਹੋ ਸਕਦਾ ਹੈ ਕਿ ਇਹੀ ਸੋਚ ਕੇ ਉਹ ‘ਹੇਟ ਸਟੋਰੀ’ ਸੀਰੀਜ਼ ਦਾ ਹਿੱਸਾ ਨਹੀਂ ਬਣਨਾ ਚਾਹੁੰਦੀ।











