ਮੁਆਫੀ ਬਾਦਲਾਂ ਤੋਂ ਨਹੀਂ ਬਲਕਿ ਸਮੁੱਚੀ ਸਿੱਖ ਕੌਮ ਤੋਂ ਮੰਗੀ ਹੈ : ਆਪ

1ਚੰਡੀਗੜ੍ਹ  : ਆਮ ਆਦਮੀ ਪਾਰਟੀ ਨੇ ਵੀਰਵਾਰ ਨੂੰ ਇਕ ਵਾਰ ਫਿਰ ਤੋਂ ਸਪਸ਼ਟ ਕੀਤਾ ਕਿ ਪਾਰਟੀ ਨੇਤਾਵਾਂ ਦੁਆਰਾ ਅਣਜਾਣੇ ਵਿਚ ਬੋਲੇ ਗਏ ਸ਼ਬਦਾਂ ਅਤੇ ਯੂਥ ਮੈਨੀਫੇਸਟੋ ਦੇ ਕਵਰ ਡਿਜਾਇਨ ਬਾਰੇ ਸਮੁੱਚੀ ਸਿੱਖ ਕੌਮ ਤੋਂ ਨਿਮਰਤਾ ਸਹਿਤ ਮੁਆਫੀ ਮੰਗੀ ਹੈ ਅਤੇ ਬਾਦਲ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਮੁਆਫੀ ਨੂੰ ਖਾਰਜ ਕਰਨ ਦਾ ਕੋਈ ਅਧਿਕਾਰੀ ਨਹੀਂ ਹੈ, ਕਿਉਂ ਜੋ ਬਾਦਲ ਪਰਿਵਾਰ ਸਮੁੱਚੀ ਸਿੱਖ ਕੌਮ ਤੋਂ ਉਪਰ ਨਹੀਂ ਹੋ ਸਕਦਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਪ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਅਤੇ ਲੀਗਲ ਸੈਲ ਦੇ ਪ੍ਰਮੁੱਖ ਹਿਮੰਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਸਿੱਖ ਸੰਗਤ ਭੁੱਲਾਂ ਨੂੰ ਬਖਸ਼ਣ ਲਈ ਜਾਣੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਪਾਰਟੀ ਨੇਤਾਵਾਂ ਦੁਆਰਾ ਬਿਨਾ ਕਿਸੇ ਦੇਰੀ ਤੋਂ ਮੰਗੀ ਗਈ ਮੁਆਫੀ ਵੀ ਕੌਮ ਕਬੂਲ ਕਰੇਗੀ। ਉਨ੍ਹਾਂ ਕਿਹਾ ਕਿ ਬਾਦਲ ਹੁਣ ਇਸ ਧਾਰਮਿਕ ਮੁੱਦੇ ਤੇ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰ ਰਹੇ ਹਨ।
ਖਹਿਰਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਨੇਤਾ ਜੋ ਕਿ ਖੁਦ ਨੂੰ ਕਿਸੇ ਹੋਰ ਪਾਰਟੀ ਦੇ ਨੇਤਾਵਾਂ ਜਾਂ ਵਿਅਕਤੀ ਨਾਲੋਂ ਵੱਧ ਪੰਥਕ ਸਮਝਦੇ ਹਨ ਨੇ ਹੀ ਸਿੱਖ ਅਦਾਰਿਆਂ ਦਾ ਰਾਜਨੀਤੀਕਰਨ ਕਰਕੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਹੈ। ਅਕਾਲੀ ਦਲ ਨੇ ਪਿਛਲੇ ਸਾਢੇ 9 ਸਾਲਾਂ ਦੇ ਰਾਜ ਦੌਰਾਨ ਅਨੇਕਾਂ ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਵਾਂ ਦੀ ਤੋਹੀਨ ਕੀਤੀ ਹੈ ਅਤੇ ਕਦੇ ਵੀ ਇਸ ਲਈ ਮੁਆਫੀ ਨਹੀਂ ਮੰਗੀ।
ਖਹਿਰਾ ਨੇ ਯਾਦ ਦਿਵਾਉਂਦਿਆਂ ਕਿਹਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਕੈਬਿਨੇਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅਕਾਲੀ-ਭਾਜਪਾ ਦੇ ਉਮੀਦਵਾਰ ਅਰੁਣ ਜੇਟਲੀ ਦੀ ਖੁਸ਼ਾਮਦੀ ਕਰਨ ਦੀ ਮੰਸ਼ਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਤ ਦਰਜ ਬਾਣੀ ਦੇ ਸ਼ਬਦ ਦਾ ਗਲਤ ਢੰਗ ਨਾਲ ਉਚਾਰਣ ਕੀਤਾ ਸੀ। ਮਜੀਠੀਏ ਦੀ ਇਸ ਗਲਤੀ ਕਾਰਨ ਨਾ ਸਿਰਫ ਸਿੱਖ ਸੰਗਤਾ ਦੇ ਹਿਰਦੇ ਵਲੂੰਦਰੇ ਗਏ ਸਨ ਬਲਿਕ ਦੇਸ਼-ਵਿਦੇਸ਼ ਵਿਚ ਵੀ ਇਸ ਗੱਲ ਨੂੰ ਲੈ ਕੇ ਵਿਵਾਦ ਹੋਇਆ ਸੀ। ਇਸ ਕਾਰਜ ਤੋਂ ਬਾਅਦ ਵੀ ਪੰਜਾਬ ਪੁਲਿਸ ਨੇ ਮਜੀਠੀਆ ਖਿਲਾਫ ਆਈ.ਪੀ.ਸੀ. ਦੀ ਧਾਰਾ 295 ਏ ਦੇ ਅਧੀਨ ਕੇਸ ਦਰਜ ਨਹੀਂ ਕੀਤਾ ਸੀ।
ਖਹਿਰਾ ਨੇ ਕਿਹਾ ਕਿ ਜਿਸ ਪ੍ਰਕਾਰ ਮਜੀਠੀਆ ਨੇ ਆਪਣੀ ਗਲਤੀ ਲਈ ਮੁਆਫੀ ਮੰਗੀ ਸੀ ਉਸੇ ਤਰ੍ਹਾਂ ਹੀ ਅਸ਼ੀਸ਼ ਖੇਤਾਨ ਨੇ ਵੀ ਸਮੂਹ ਸਿੱਖ ਸੰਗਤ ਤੋਂ ਨਿਮਰਤਾ ਸਾਹਿਤ ਮੁਆਫੀ ਮੰਗ ਲਈ ਹੈ ਤਾਂ ਫਿਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੋਵਾਂ ਲਈ ਵੱਖ ਵੱਖ ਪੈਮਾਨੇ ਕਿਉਂ ਵਰਤ ਰਹੀ ਹੈ।
ਹੁਣੇ ਜਿਹੇ ਹੀ ਮੁੱਖ ਮੰਤਰੀ ਬਾਦਲ ਨੇ ਦਿੱਲੀ ਵਿਖੇ ਇਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਦੀ ਤੁਲਨਾ ਮਹਾਨ ਸਿੱਖ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਕੀਤੀ ਸੀ। ਜਿਸ ਕਾਰਨ ਵਿਸ਼ਵ ਭਾਰਤ ਵਿਚ ਵਸਦੇ ਸਿੱਖਾਂ ਅਤੇ ਪੰਜਾਬੀਆਂ ਦੇ ਮਨਾਂ ਨੂੰ ਠੇਸ ਪਹੁੰਚੀ ਸੀ, ਪਰੰਤੂ ਮੁੱਖ ਮੰਤਰੀ ਬਾਦਲ ਨੇ ਇਸ ਨੂੰ ਕੋਈ ਗਲਤੀ ਨਾ ਮੰਨਦਿਆਂ ਮੁਆਫੀ ਮੰਗਣੀ ਜਰੂਰੀ ਨਾ ਸਮਝੀ।
ਖਹਿਰਾ ਨੇ ਕਿਹਾ ਕਿ 2013 ਦੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਚੋਣ ਮਨੋਰਥ ਪੱਤਰ ਉੱਤੇ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੀ ਫੋਟੋ ਦੇ ਨਾਲ ਆਪਣਾ ਚੋਣ ਨਿਸ਼ਾਨ ਬਾਲਟੀ ਚਿਪਕਾਇਆ ਸੀ। ਇਸ ਲਈ ਵੀ ਨਾ ਤਾਂ ਅਕਾਲੀ ਦਲ ਅਤੇ ਨਾ ਹੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿੱਖ ਸੰਗਤ ਤੋਂ ਮੁਆਫੀ ਮੰਗਣੀ ਜਰੂਰੀ ਸਮਝੀ ਹੈ।
ਆਪ ਨੇਤਾ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਦਿੱਲੀ ਦੇ ਆਪ ਦੇ ਮੰਤਰੀ ਨਰੇਸ਼ ਯਾਦਵ ਖਿਲਾਫ ਮਲਰੇਕੋਟਲਾ ਘਟਨਾ ਦੇ ਦੋਸ਼ੀ ਵਿਸ਼ਵ ਹਿੰਦੂ ਪਰਿਸ਼ਦ ਨਾਲ ਸੰਬੰਧਤ ਵਿਜੈ ਕੁਮਾਰ ਨਾਮੀ ਵਿਅਕਤੀ ਦੇ ਕਹਿਣ ਉੱਤੇ ਮਾਮਲਾ ਦਰਜ ਕਰਕੇ ਉਸਨੂੰ ਜਾਂਚ ਲਈ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਇਸੇ ਤਰ੍ਹਾਂ ਹੀ ਜਦੋਂ ਅਰਬਾਂ ਰੁਪਏ ਦੇ ਨਸ਼ੇ ਦੇ ਕਾਰੋਬਾਰ ਵਿਚ ਗਿਰਫਤਾਰ ਪੰਜਾਬ ਪੁਲਿਸ ਦੇ ਸਾਬਕਾ ਡੀਐਸਪੀ ਜਗਦੀਸ਼ ਭੋਲਾ ਨੇ ਮੋਹਾਲੀ ਦੀ ਅਦਾਲਤ ਦੇ ਬਾਹਰ ਮੀਡੀਆ ਸਾਹਮਣੇ ਮਜੀਠੀਆ ਨੂੰ ਪੰਜਾਬ ਵਿਚ ਨਸ਼ਾ ਤਸ਼ਕਰਾਂ ਦਾ ਸਰਗਨਾ ਕਿਹਾ ਸੀ ਤਾਂ ਬਾਦਲ ਨੇ ਉਸ ਉਤੇ ਇਹ ਕਹਿ ਕੇ ਕਾਰਵਾਈ ਕਰਨ ਤੋਂ ਮੰਨਾ ਕਰ ਦਿੱਤਾ ਕਿ ਪੁਲਿਸ ਜਾਂ ਸਰਕਾਰ ਕਿਸੇ ਦੋਸ਼ੀ ਦੇ ਬਿਆਨ ਨੂੰ ਅਧਾਰ ਮੰਨ ਕੇ ਕਿਸੇ ਉਤੇ ਕਾਰਵਾਈ ਨਹੀਂ ਕਰ ਸਕਦੀ।
ਖਹਿਰਾ ਨੇ ਕਿਹਾ ਕਿ ਬਾਦਲ ਜੋ ਕਿ ਆਪਣੇ ਆਪ ਨੂੰ ਪੰਥਕ ਆਗੂ ਕਹਾਉਂਦੇ ਹਨ ਨੇ ਸਿੱਖਾਂ ਦੇ ਕਤਲੇਆਮ ਲਈ ਜਿੰਮੇਵਾਰ ਪੁਲਿਸ ਅਧਿਕਾਰੀਆਂ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਸਾਬਕਾ ਡੀਜੀਪੀ ਇਜਹਾਰ ਆਲਮ ਨੂੰ ਉੱਚ ਅਹੁਦਿਆਂ ਨਾਲ ਨਿਵਾਜਿਆ ਹੈ। ਜਦੋਂ ਕਿ ਸਮੂਹ ਪੰਜਾਬੀ ਇਸ ਗੱਲ ਤੋਂ ਜਾਣੂ ਹਨ ਕਿ ਸੈਣੀ ਅਤੇ ਆਲਮ ਕਾਲੇ ਦੌਰ ਦੌਰਾਨ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿਚ ਕਤਲ ਕਰਨ ਲਈ ਬਦਨਾਮ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਤੱਕ ਨਾ ਤਾਂ ਬਹਿਬਲ ਕਲਾਂ ਪਿੰਡ ਵਿਚ ਪੁਲਿਸ ਦੀ ਗੋਲੀਬਾਰੀ ਦੌਰਾਨ ਸ਼ਹੀਦ ਹੋਏ ਸਿੱਖਾਂ ਸੰਬੰਧੀ ਕੋਈ ਮੁਆਫੀ ਮੰਗੀ ਹੈ ਅਤੇ ਨਾ ਹੀ ਇਸ ਘਟਨਾ ਦੌਰਾਨ ਗਲਤ ਢੰਗ ਨਾਲ ਗਿਰਫਤਾਰ ਕੀਤੇ ਗਏ ਦੋ ਅਮ੍ਰਿਤਧਾਰੀ ਸਿੱਖ ਨੌਜਵਾਨਾਂ ਪਾਸੋਂ ਕੋਈ ਮੁਆਫੀ ਮੰਗੀ ਹੈ।
ਹਿਮੰਤ ਸਿੰਘ ਸ਼ੇਰਗਿੱਲ ਨੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੂੰ ਬਾਦਲਾਂ ਦੀ ਸਹਾਇਤਾ ਕਰਨ ਦੇ ਮੰਸ਼ੇ ਨਾਲ ਬੇਕਸੂਰ ਲੋਕਾਂ ਉਤੇ ਅਤਿਆਚਰ ਕਰਨ ਤੋਂ ਵਰਜਿਆ ਅਤੇ ਕਿਹਾ ਕਿ ਉਹ ਬਾਦਲਾਂ ਦੇ ਸਿਆਸੀ ਹਿਤਾਂ ਨੂੰ ਪੂਰਾ ਕਰਨ ਦੇ ਮਨਸੂਬੇ ਨਾਲ ਬੇਕਸੂਰ ਪੰਜਾਬੀਆਂ ਨੂੰ ਝੂਠੇ ਮੁਕਦਮਿਆਂ ਵਿਚ ਫਸਾਉਣ ਤੋਂ ਬਾਜ ਆਉਣ।