ਸਵੇਰੇ ਪੰਜ ਵਜੇ ਉੱਠ ਕੇ ਸੁਪਰਫ਼ਾਸਟ ਤਰੀਕੇ ਨਾਲ ਆਪਣੇ ਕੰਮ ਨਿਪਟਾਉਣ ਲਈ ਮਸ਼ਹੂਰ ਅਕਸ਼ੈ ਖਿਡਾਰੀ ਕੁਮਾਰ ਅਗਲੇ ਮਹੀਨੇ ਹਾਕੀ ਦੇ ਮੈਦਾਨ ‘ਚ ਹੋਣਗੇ। ਹੈਰਾਨ ਨਾ ਹੋਵੋ! ਅਸਲ ਵਿੱਚ ਉਹ ਰੀਮਾ ਕਾਗਤੀ ਦੀ ਫ਼ਿਲਮ ‘ਗੋਲਡ’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਜ਼ਿਕਰਯੋਗ ਹੈ ਕਿ ਰਿਤੇਸ਼ ਸਿਧਵਾਨੀ ਅਤੇ ਫ਼ਰਹਾਨ ਅਖ਼ਤਰ ਦੇ ਪ੍ਰੋਡਕਸ਼ਨ ‘ਚ ਬਣਨ ਵਾਲੀ ਫ਼ਿਲਮ ‘ਗੋਲਡ’ ‘ਚ ਅਕਸ਼ੈ ਹਾਕੀ ਸਟਾਰ ਬਲਬੀਰ ਸਿੰਘ ਦਾ ਕਿਰਦਾਰ ਨਿਭਾਉਣ ਜਾ ਰਹੇ ਹਨ। ਰੀਮਾ ਕਾਗਤੀ ਦੇ ਡਾਇਰੈਕਸ਼ਨ ‘ਚ ਬਣਨ ਵਾਲੀ ਇਸ ਫ਼ਿਲਮ ਦੀ ਸ਼ੁਰੂਆਤੀ ਸ਼ੂਟਿੰਗ ਬ੍ਰਿਟੇਨ ਦੇ ਬ੍ਰੈਡਫ਼ੋਰਟ ‘ਚ ਸ਼ੁਰੂ ਹੋ ਗਈ ਹੈ। ਅਕਸ਼ੈ ਕੁਮਾਰ ਆਪਣੇ ਸਾਥੀ ਖਿਡਾਰੀਆਂ ਅਮਿਤ ਸਾਧ, ਸਨੀ ਕੌਸ਼ਲ ਅਤੇ ਕੁਨਾਲ ਕਪੂਰ ਦੇ ਨਾਲ ਜੁਲਾਈ ਦੇ ਪਹਿਲੇ ਹਫ਼ਤੇ ‘ਚ ਬ੍ਰੈਡਫ਼ੋਰਟ ਪਹੁੰਚੇ। ਜਾਣਕਾਰਾਂ ਮੁਤਾਬਕ ਭਾਰਤੀ ਹਾਕੀ ਟੀਮ ਦੇ ਕਪਤਾਨ ਰਹਿ ਚੁੱਕੇ ਸੰਦੀਪ ਸਿੰਘ ਨੂੰ ਇਨ੍ਹਾਂ ਦੀ ਟ੍ਰੇਨਿੰਗ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਫ਼ਿਲਮ ‘ਗੋਲਡ’ 1948 ਲੰਡਨ ‘ਚ ਹੋਏ 14ਵੇਂ ਓਲੰਪਿਕ ਦੀ ਕਹਾਣੀ ਹੈ ਜਦੋਂ ਭਾਰਤ ਨੇ ਆਜ਼ਾਦ ਦੇਸ਼ ਦੇ ਰੂਪ ‘ਚ ਭਾਗ ਲਿਆ ਸੀ ਅਤੇ ਦੇਸ਼ ਨੂੰ ਪਹਿਲਾ ਗੋਲਡ ਮੈਡਲ ਮਿਲਿਆ ਸੀ। ਅਕਸ਼ੈ ਇਸ ਫ਼ਿਲਮ ‘ਚ ਬਲਬੀਰ ਸਿੰਘ ਦਾ ਕਿਰਦਾਰ ਨਿਭਾਉਣਗੇ, ਜਿਨ੍ਹਾਂ ਨੂੰ ਗੋਲ ਕਰਨ ‘ਚ ਉਸਤਾਦ ਮੰਨਿਆ ਜਾਂਦਾ ਸੀ। ਬਲਬੀਰ ਸਿੰਘ ਹੁਣ 92 ਸਾਲ ਦੇ ਹੋ ਚੁੱਕੇ ਹਨ ਅਤੇ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਰਹਿੰਦੇ ਹਨ। ਬਟਵਾਰੇ ਤੋਂ ਪਹਿਲਾਂ ਦੇ ਪਾਕਿਸਤਾਨ ‘ਚ ਪੈਦਾ ਹੋਏ ਬਲਬੀਰ ਸਿੰਘ ਦੇ ਨਾਂ ਹਾਕੀ ‘ਚ ਨਿੱਜੀ ਤੌਰ ‘ਤੇ ਓਲੰਪਿਕ ‘ਚ ਸਭ ਤੋਂ ਜ਼ਿਆਦਾ ਗੋਲ ਕਰਨ ਦਾ ਰਿਕਾਰਡ ਹੈ। ਸਾਲ 1952 ‘ਚ ਓਲੰਪਿਕ ਖੇਡਾਂ ‘ਚ ਬਲਬੀਰ ਸਿੰਘ ਨੇ ਪੰਜ ਗੋਲ ਕੀਤੇ ਸੀ ਜਿਸ ‘ਚ ਭਾਰਤ ਨੇ ਨੀਦਰਲੈਂਡ ਨੂੰ 6-1 ਨਾਲ ਹਰਾਇਆ ਸੀ। ਲੰਡਨ ਓਲੰਪਿਕ ‘ਚ ਜਦੋਂ ਭਾਰਤ ਨੇ ਅਰਜਨਟੀਨਾ ਨੂੰ ਹਰਾਇਆ ਸੀ ਤਾਂ ਉਸ ਮੈਚ ਵਿੱਚ ਬਲਬੀਰ ਨੇ ਹੈਟ੍ਰਿਕ ਸਮੇਤ ਛੇ ਗੋਲ ਕੀਤੇ ਸਨ। ਉਨ੍ਹਾਂ ਫ਼ਾਈਨਲ ‘ਚ ਬ੍ਰਿਟੇਨ ਖਿਲਾਫ਼ ਦੋ ਸ਼ੁਰੂਆਤੀ ਗੋਲ ਕੀਤੇ ਸਨ। ਬਲਬੀਰ ਸਿੰਘ ਸੀਨੀਅਰ ਦੇ ਨਾਂ ਨਾਲ ਮਸ਼ਹੂਰ ਇਸ ਖਿਡਾਰੀ ਨੇ ਬਾਅਦ ‘ਚ ਭਾਰਤੀ ਹਾਕੀ ਟੀਮ ਦੇ ਮੈਨੇਜਰ ਅਤੇ ਕੋਚ ਦੇ ਰੂਪ ‘ਚ ਵੀ ਸੇਵਾਵਾਂ ਦਿੱਤੀਆਂ। ਸਾਲ 1977 ‘ਚ ਬਲਬੀਰ ਨੇ ‘ਦਿ ਗੋਲਡਨ ਯਾਰਡਸਿਟਕ’ ਨਾਂ ਨਾਲ ਆਪਣੀ ਆਤਮਕਥਾ ਵੀ ਲਿਖੀ ਸੀ। ਅਕਸ਼ੈ ਦੀ ‘ਗੋਲਡ’ 2018 ਦੀ 15 ਅਗਸਤ ਨੂੰ ਰਿਲੀਜ਼ ਹੋਵੇਗੀ। ਮਿਸਟਰ ਖਿਲਾੜੀ ਨੂੰ ਨੂੰ ਹਾਕੀ ਖਿਡਾਰੀ ਦੇ ਰੂਪ ‘ਚ ਦੇਖਣਾ ਦਿਲਚਸਪ ਰਹੇਗਾ।











