ਬਾੜਮੇਰ- ਕੇਂਦਰੀ ਜਾਂਚ ਬਿਊਰੋ (CBI) ਨੇ ਰਾਜਸਥਾਨ ਦੇ ਬਾੜਮੇਰ ‘ਚ ਜਾਲੀਪਾ ਮਿਲਟਰੀ ਸਟੇਸ਼ਨ ‘ਤੇ ਮਿਲਟਰੀ ਇੰਜੀਨੀਅਰ ਸਰਵਿਸਿਜ਼ (MES) ਦੇ ਇਕ ਸਹਾਇਕ ਗੈਰੀਸਨ ਇੰਜੀਨੀਅਰ (AGE) ਨੂੰ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ ਹੈ। ਇਕ ਬਿਆਨ ਮੁਤਾਬਕ ਉਕਤ ਮੁਲਜ਼ਮ ਖ਼ਿਲਾਫ਼ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਤੋਂ ਆਪਣੀ ਡਿਊਟੀ ਨਿਭਾਉਣ ਲਈ 8,000 ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਸੀ।
ਸ਼ਿਕਾਇਤ ਤੋਂ ਬਾਅਦ ਸੀਬੀਆਈ ਨੇ ਜਾਲ ਵਿਛਾਇਆ ਅਤੇ ਦੋਸ਼ੀ ਨੂੰ ਸ਼ਿਕਾਇਤਕਰਤਾ ਤੋਂ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਤੋਂ ਇਲਾਵਾ ਜਾਲੀਪਾ (ਬਾੜਮੇਰ) ਵਿਖੇ ਮੁਲਜ਼ਮ ਦੇ ਰਿਹਾਇਸ਼ੀ ਸਥਾਨ ਦੀ ਤਲਾਸ਼ੀ ਲਈ ਗਈ। ਮੁਲਜ਼ਮ ਨੂੰ CBI ਦੀ ਵਿਸ਼ੇਸ਼ ਅਦਾਲਤ, ਜੋਧਪੁਰ ਵਿਚ ਪੇਸ਼ ਕੀਤਾ ਜਾਵੇਗਾ। ਏਜੰਸੀ ਨੇ ਅੱਗੇ ਕਿਹਾ ਕਿ ਜਾਂਚ ਜਾਰੀ ਹੈ।















