ਲੁਧਿਆਣਾ : ਆਲ ਇੰਡੀਆ ਕਾਂਗਰਸ ਕਮੇਟੀ ਤੇ ਪਾਰਟੀ ਵੱਲੋਂ ਹਾਲ ਹੀ ’ਚ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਟਿਆਲਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੂੰ ਕਾਂਗਰਸ ਪਾਰਟੀ ਵੱਲੋਂ ਮੁਅੱਤਲ ਕਰਨ ਦੀਆਂ ਖ਼ਬਰਾਂ ਅਤੇ 2 ਦਿਨ ’ਚ ਨੋਟਿਸ ਜਾਰੀ ਕਰ ਕੇ ਕੀਤੀ ਜਵਾਬਤਲਬੀ ਨੂੰ ਲੈ ਕੇ ਰਾਜਸੀ ਹਲਕਿਆਂ ’ਚ ਮਹਾਰਾਣੀ ਦੀ ਮੈਂਬਰ ਤੋਂ ਬਰਖ਼ਾਸਤਗੀ ਨੇ ਕਈ ਤਰ੍ਹਾਂ ਦੀਆਂ ਚਰਚਾਵਾਂ ਛੇੜ ਦਿੱਤੀਆਂ ਹਨ। ਜਿਨ੍ਹਾਂ ਸਬੰਧੀ ਇਕ ਸਿਆਣੇ ਅਤੇ ਸੁਲਝੇ ਹੋਏ ਸਿਆਸਤਦਾਨ ਨੇ ਦੱਸਿਆ ਕਿ ਮਹਾਰਾਣੀ ਪ੍ਰਨੀਤ ਕੌਰ ਦੀ ਲੋਕ ਸਭਾ ਤੋਂ ਮੈਂਬਰੀ ਜਲਦ ਖ਼ਤਮ ਨਹੀਂ ਹੋਵੇਗੀ।
ਭਾਵੇਂ ਕਾਂਗਰਸ ਪਾਰਟੀ ਵਿਚੋਂ ਉਨ੍ਹਾਂ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ ਅਤੇ ਮਹਾਰਾਣੀ ਪਾਰਟੀ ਵੱਲੋਂ ਭੇਜੀ ਚਿੱਠੀ ਦਾ ਜਵਾਬ ਵੀ ਦੇ ਦੇਣਗੇ ਪਰ ਫਿਰ ਵੀ ਕਾਂਗਰਸ ਜੇਕਰ ਨਾ ਸੰਤੁਸ਼ਟ ਹੋਈ ਤਾਂ ਮਹਾਰਾਣੀ ਆਜ਼ਾਦ ਸੰਸਦ ਲੋਕ ਸਭਾ ਮੈਂਬਰ ਹੋ ਸਕਦੇ ਹਨ ਅਤੇ ਉਨ੍ਹਾਂ ਨੂੰ ਆਜ਼ਾਦ ਤੌਰ ’ਤੇ ਵੱਖਰੀ ਸੀਟ ਅਲਾਟ ਕੀਤੀ ਜਾ ਸਕਦੀ ਹੈ। ਪਰ ਕਾਂਗਰਸ ਪਾਰਟੀ ਲੋਕ ਸਭਾ ਸਪੀਕਰ ਕੋਲ ਕਾਰਵਾਈ ਆਰੰਭਣ ਲਈ ਚਾਰਾਜ਼ੋਈ ਵੱਲ ਕਦਮ ਵਧਾ ਸਕਦੀ ਹੈ ਪਰ ਇਹ ਮਾਮਲਾ ਤਰੀਕਾਂ ਪੈਣ ਕਾਰਨ ਲੰਬਾ ਸਮਾਂ ਲਟਕਣ ਦੇ ਆਸਾਰ ਵੀ ਬਣ ਸਕਦੇ ਹਨ ਅਤੇ ਮਹਾਰਾਣੀ ਲੋਕ ਸਭਾ ਦੀ ਮੈਂਬਰੀ ’ਤੇ ਟਿਕੇ ਰਹਿਣਗੇ।















