ਅੱਜਕੱਲ੍ਹ ਆਪਣੇ ਆਲੇ-ਦੁਆਲੇ ਅਸੀਂ ਮਨੁੱਖ ਨੂੰ ਬਹੁਤ ਸਾਰੀਆਂ ਘਟਨਾਵਾਂ ਦਾ ਸਾਹਮਣਾ ਕਰਦੇ ਦੇਖਦੇ ਹਾਂ ਜਿਵੇਂ ਕਿ ਕਿਸੇ ਆਪਣੇ ਨੂੰ ਖੋਣਾ, ਤਣਾਅਪੂਰਣ ਸਥਿਤੀ ਦਾ ਸਾਹਮਣਾ ਕਰਨਾ, ਸਰੀਰਿਕ ਰੋਗਾਂ ਦਾ ਸਾਹਮਣਾ ਕਰਨਾ ਜਾਂ ਕੋਈ ਨਿੱਜੀ ਦੁਰਘਟਨਾ ਆਦਿ। ਇਹ ਸਥਿਤੀਆਂ ਸੁਭਾਵਿਕ ਹਨ ਪਰ ਜੇ ਸਮੇਂ ਸਿਰ ਮਨੁੱਖ ਨੂੰ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਲਈ ਮਾਨਸਿਕ ਸਹਾਰਾ ਦਿੱਤਾ ਜਾਵੇ ਤਾਂ ਬਹੁਤ ਸਾਰੀਆਂ ਇਨਸਾਨੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਅਜੋਕੇ ਯੁੱਗ ਵਿੱਚ ਮਨੁੱਖ ਨਸ਼ੇ, ਹਿੰਸਾ, ਕਰਜ਼, ਛੇੜ-ਛਾੜ ਅਤੇ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਇਸ ਦਾ ਇੱਕ ਕਾਰਨ ਹੈ ਕਿ ਗਿਰੀ ਹੋਈ ਮਾਨਸਿਕਤਾ ਵਾਲੇ ਮਾਨਸਿਕ ਰੋਗੀ ਦੂਸਰਿਆਂ ਦੀ ਮਾਨਸਿਕਤਾ ਉੱਪਰ ਵੀ ਨਾਕਾਰਾਤਮਿਕ ਅਸਰ ਪਾ ਰਹੇ ਹਨ। ਇਸ ਦੇ ਫ਼ਲਸਰੂਪ ਬਹੁਤ ਤਣਾਅਗ੍ਰਸਤ ਲੋਕ ਆਤਮਹੱਤਿਆਵਾਂ ਲਈ ਮਜਬੂਰ ਹੋ ਰਹੇ ਹਨ। ਇਸ ਲਈ ਸਾਨੂੰ ਅਜਿਹੇ ਵਿਅਕਤੀਆਂ ਦੇ ਆਤਮ ਮਨੋਬਲ ਨੂੰ ਉੱਪਰ ਚੁੱਕਣ ਲਈ ਸੁਚੇਤ ਹੋਣਾ ਚਾਹੀਦਾ ਹੈ। ਸੰਵੇਗਾਂ ਵਿੱਚ ਲਗਾਤਾਰ ਬਦਲਾਅ ਆਉਣਾ, ਵਾਰ ਵਾਰ ਗੁੱਸਾ ਆਉਣਾ, ਮਾਨਸਿਕ ਅਤੇ ਸਮਾਜਿਕ ਤੌਰ ਉੱਤੇ ਇੱਕੱਲਾਪਣ ਮਹਿਸੂਸ ਕਰਨਾ, ਮਦਦ ਲੈਣ ਤੋਂ ਇਨਕਾਰ ਕਰਨਾ, ਜੀਵਣ ਵਿੱਚ ਵੱਡੇ ਪੱਧਰ ਦਾ ਨਾਕਾਰਾਤਮਿਕ ਬਦਲਾਅ ਅਤੇ ਅਕਾਦਮਿਕ ਪ੍ਰੀਖਿਆਵਾਂ ਵਿੱਚ ਫ਼ੇਲ੍ਹ ਹੋਣਾ ਮਾਨਸਿਕ ਸਿਹਤ ਦੀ ਦੁਰਦਸ਼ਾ ਦੇ ਸੰਕੇਤ ਹਨ। ਮਾਨਸਿਕ ਸਿਹਤ ਨੂੰ ਉੱਚਾ ਚੁੱਕਣ ਲਈ ਮਨੁੱਖ ਦੀਆਂ ਜ਼ਰੂਰਤਾਂ ਅਤੇ ਚਿੰਤਾਵਾਂ ਬਾਰੇ ਜਾਨਣਾ, ਉਨ੍ਹਾਂ ਨੂੰ ਧਿਆਨਪੂਰਵਕ ਸੁਣਨਾ, ਉਨ੍ਹਾਂ ਨੂੰ ਸਾਕਾਰਾਤਮਿਕ ਤੌਰ ‘ਤੇ ਉਤਸ਼ਾਹਿਤ ਕਰਦੇ ਹੋਏ ਦੇਖ-ਭਾਲ ਕਰਨੀ ਚਾਹੀਦੀ ਹੈ। ਆਧੁਨਿਕ ਯੁੱਗ ਵਿੱਚ ਮਾਨਸਿਕਤਾ ਦਾ ਗ੍ਰਾਫ਼ ਡਿੱਗਣ ਦੇ ਕਈ ਕਾਰਨ ਹਨ। ਸਭ ਤੋਂ ਅਹਿਮ ਇਹ ਹੈ ਕਿ ਹੁਣ ਮਨੁੱਖ ਜ਼ਿੰਦਗੀ ਦੇ ਸਰਵਵਿਆਪਕ ਕਾਨੂੰਨਾਂ ਦੀ ਪਾਲਣਾ ਨਹੀਂ ਕਰ ਰਿਹਾ। ਇਹ ਕਾਨੂੰਨ ਹਨ ਅਦਾਨ-ਪ੍ਰਦਾਨ ਦਾ ਕਾਨੂੰਨ ਅਤੇ ਕਾਰਨ ਤੇ ਪ੍ਰਭਾਵ ਦਾ ਕਾਨੂੰਨ। ਅਦਾਨ-ਪ੍ਰਦਾਨ ਦੇ ਕਾਨੂੰਨ ਮੁਤਾਬਿਕ, ਮਨੁੱਖ ਨੂੰ ਉਸ ਦੀ ਜ਼ਰੂਰਤ ਮੁਤਾਬਿਕ ਜੋ ਚਾਹੀਦਾ ਹੈ, ਉਹ ਕਿਸੇ ਵੀ ਮਨੁੱਖ ਜਾਂ ਪ੍ਰਕਿਰਤੀ ਤੋਂ ਲੈ ਕੇ ਬਦਲੇ ਵਿੱਚ ਉਨੀ ਹੀ ਕੀਮਤ ਦੇਣ ਲਈ ਵਚਨਬੱਧ ਹੋਵੇ ਤਾਂ ਉਸ ਮਨੁੱਖ ਨੂੰ ਮਾਨਸਿਕ ਸਿਹਤ ਪ੍ਰਤੀ ਕੋਈ ਨਾਕਾਰਾਤਮਿਕਤਾ ਨਹੀਂ ਸਹਿਣੀ ਪੈਂਦੀ। ਪਰ ਆਧੁਨਿਕ ਮਨੁੱਖ ਆਪਣੇ-ਆਪ ਤਕ ਹੀ ਸੀਮਿਤ ਰਹਿ ਗਿਆ ਹੈ। ਜਿਸ ਕਾਰਨ ਉਹ ਹਮੇਸ਼ਾ ਹਰ ਚੀਜ਼ ਪ੍ਰਾਪਤ ਕਰਨ ਦੀ ਹੋੜ ਵਿੱਚ ਲੱਗਾ ਰਹਿੰਦਾ ਹੈ ਪਰ ਕੁਝ ਦੇਣ ਤੋਂ ਕੰਨੀਂ ਕਤਰਾਉਂਦਾ ਹੈ। ਜੋ ਕੀਮਤ ਉਹ ਪ੍ਰਕਿਰਤੀ ਜਾਂ ਮਨੁੱਖ ਨੂੰ ਬਦਲੇ ਵਿੱਚ ਨਹੀਂ ਦਿੰਦਾ ਉਹ ਉਸ ਦੇ ਕਰਜ਼ ਦੇ ਰੂਪ ਵਿੱਚ ਦਰਜ ਹੋ ਜਾਂਦੀ ਹੈ। ਇਸ ਲਈ ਇਹ ਕਰਜ਼ ਆਖਿਰ ਵਿੱਚ ਮਾਨਸਿਕ ਅਤੇ ਸਰੀਰਿਕ ਬਿਮਾਰੀਆਂ ਦੇ ਰੂਪ ਵਿੱਚ ਉਤਰਦਾ ਹੈ। ਇਸ ਲਈ ਮਨੁੱਖ ਨੂੰ ਇਸ ਕਾਨੂੰਨ ਦੇ ਸੰਤੁਲਨ ਵਿੱਚ ਰਹਿਣਾ ਚਾਹੀਦਾ ਹੈ।
ਦੂਜਾ ਕਾਨੂੰਨ ਹੈ ਕਾਰਨ ਤੇ ਪ੍ਰਭਾਵ, ਇਸ ਦੇ ਅਨੁਸਾਰ ਮਨੁੱਖ ਬਿਨਾਂ ਕਿਸੇ ਕਾਰਨ ਤੋਂ ਕੁਝ ਨਹੀਂ ਕਰਦਾ। ਮਨੁੱਖ ਲਾਲਚ, ਚਲਾਕੀ ਅਤੇ ਬੇਈਮਾਨੀ ਦੀ ਭਾਵਨਾ ਨਾਲ ਜਦੋਂ ਕੋਈ ਵੀ ਕੰਮ ਕਰਦਾ ਹੈ ਤਾਂ ਇਹ ਉਸ ਦੇ ਕਰਮਾਂ ਵਿੱਚ ਕਰਜ਼ ਦੇ ਰੂਪ ਵਿੱਚ ਦਰਜ ਹੁੰਦਾ ਰਹਿੰਦਾ ਹੈ ਜਿਸ ਨੂੰ ਕੁਝ ਲੋਕ ਪਿਛਲੇ ਜਨਮ ਦਾ ਪਾਪ ਕਹਿ ਕੇ ਪੁਕਾਰਦੇ ਹਨ। ਇਸ ਕਾਰਨ ਅਤੇ ਪ੍ਰਭਾਵ ਦਾ ਕਾਨੂੰਨ ਇੱਕ ਸਜ਼ਾ ਨਹੀਂ ਬਲਕਿ ਇੱਕ ਸਿੱਖਿਆ ਹੈ। ਇਸ ਕਾਨੂੰਨ ਦੇ ਤਹਿਤ ਜੇਕਰ ਅਸੀਂ ਪਿਆਰ, ਸ਼ਾਂਤੀ ਅਤੇ ਖ਼ੁਸ਼ੀ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਦੂਜਿਆਂ ਨੂੰ ਪਿਆਰ, ਸ਼ਾਂਤੀ ਤੇ ਖ਼ੁਸ਼ੀ ਦੇਣੀ ਚਾਹੀਦੀ ਹੈ। ਇੱਥੇ ਨਿਊਟਨ ਦਾ ਸਿਧਾਂਤ ਵੀ ਲਾਗੂ ਹੁੰਦਾ ਹੈ ਕਿ ਜੋ ਵੀ ਅਸੀਂ ਕੰਧ ਵੱਲ ਸੁੱਟਦੇ ਹਾਂ ਉਹੀ ਸਾਡੇ ਵੱਲ ਵਾਪਸ ਆਉਂਦਾ ਹੈ। ਭੂਤਕਾਲ, ਵਰਤਮਾਨ ਅਤੇ ਭਵਿੱਖ ਇੱਕ ਦੂਜੇ ‘ਤੇ ਹੀ ਨਿਰਭਰ ਹਨ, ਭੂਤਕਾਲ ਵਿੱਚ ਕੀਤੇ ਕਰਮਾਂ ਦਾ ਪ੍ਰਭਾਵ ਸਾਡੇ ਵਰਤਮਾਨ ‘ਤੇ ਪੈਂਦਾ ਹੈ ਅਤੇ ਵਰਤਮਾਨ ਦੇ ਕਰਮਾਂ ਦਾ ਪ੍ਰਭਾਵ ਸਾਡੇ ਭਵਿੱਖ ਉੱਤੇ ਪਵੇਗਾ। ਅਜੋਕੇ ਯੁੱਗ ਵਿੱਚ ਮਨੁੱਖ ਪੈਸੇ ਦੀ ਹੋੜ ਵਿੱਚ ਸ਼ਾਮਿਲ ਹੋ ਕੇ ਬੁਰੇ ਕੰਮਾਂ ਦੀਆਂ ਹੱਦਾਂ ਪਾਰ ਕਰ ਰਿਹਾ ਹੈ। ਇਸ ਕਰਕੇ ਅੱਜ ਮਨੁੱਖ ਨੂੰ ਬੁਰੇ ਨਤੀਜੇ ਭੁਗਤਣੇ ਪੈ ਰਹੇ ਹਨ ਅਤੇ ਭਵਿੱਖ ਵਿੱਚ ਹੋਰ ਵੀ ਭਿਆਨਕ ਨਤੀਜੇ ਸਾਹਮਣੇ ਆਉਣਗੇ। ਉਪਰੋਕਤ ਦੋਵੇਂ ਕਾਨੂੰਨਾਂ ਦੀ ਪਾਲਣਾ ਨਾ ਕਰਦਾ ਹੋਇਆ ਮਨੁੱਖ ਘੋਰ ਨਿਰਾਸ਼ਤਾ, ਰਕਤਚਾਪ, ਹਿਰਦੇਘਾਤ, ਚਿੰਤਾ, ਉਦਾਸੀ ਅਤੇ ਹੋਰ ਮਾਨਸਿਕ ਤੇ ਸਰੀਰਿਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ। ਮਾਨਸਿਕ ਬਿਮਾਰੀਆਂ ਤੋਂ ਗ੍ਰਸਤ ਮਨੁੱਖ ਪਰਿਵਾਰ ਅਤੇ ਸਮਾਜ ਲਈ ਖ਼ਤਰਾ ਬਣ ਰਿਹਾ ਹੈ।
ਆਧੁਨਿਕ ਯੁੱਗ ਵਿੱਚ ਵਧ ਰਹੀ ਮਹਿੰਗਾਈ, ਸਰਕਾਰਾਂ ਦੀਆਂ ਮਾਰੂ ਨੀਤੀਆਂ ਅਤੇ ਬੇਰੁਜ਼ਗਾਰੀ ਆਦਿ ਵੀ ਮਾਨਸਿਕ ਰੋਗਾਂ ਦਾ ਕਾਰਨ ਬਣ ਰਹੀਆਂ ਹਨ। ਐਸੋਚੇਮ ਦੀ ਰਿਪੋਰਟ ਮੁਤਾਬਿਕ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ 42.5 ਫ਼ੀਸਦੀ ਕਰਮਚਾਰੀ ਗੰਭੀਰ ਨਿਰਾਸ਼ਤਾ ਤੋਂ ਪੀੜਤ ਹਨ। ਰਿਸ਼ਵਤਖੋਰੀ, ਭਾਈ-ਭਤੀਜਾਵਾਦ ਜਿਹੇ ਕਾਰਨ ਕਰਕੇ ਪ੍ਰਤਿਭਾਸ਼ਾਲੀ ਲੋਕ ਜ਼ਿੰਦਗੀ ਵਿੱਚ ਪਿੱਛੇ ਰਹਿ ਜਾਣ ਕਾਰਨ ਜਾਂ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ ਜਾਂ ਆਤਮਹੱਤਿਆਵਾਂ ਕਰਨ ਦਾ ਯਤਨ ਕਰ ਰਹੇ ਜਾਂ ਕਰ ਰਹੇ ਹਨ। ਪੜ੍ਹਾਈ ਮਹਿੰਗੀ ਅਤੇ ਉਚੇਰੀ ਪੜ੍ਹਾਈ ਦੇ ਬਾਵਜੂਦ ਰੁਜ਼ਗਾਰ ਨਾ ਮਿਲਣ ਕਰਕੇ ਵਿਦਿਆਰਥੀ ਅਤੇ ਨੌਜਵਾਨ ਵਰਗ ਵਿੱਚ ਵੀ ਮਾਨਸਿਗ ਤਣਾਅ ਵਧ ਰਿਹਾ ਹੈ। ਇਸ ਪ੍ਰਸੰਗ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਮਨੋਵਿਗਿਆਨ ਦਾ ਵਿਸ਼ਾ ਲਾਜ਼ਮੀ ਵਿਸ਼ਾ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਮਾਨਸਿਕ ਤੌਰ ‘ਤੇ ਮਜ਼ਬੂਤ ਅਤੇ ਸਮਾਜ ਪ੍ਰਤੀ ਜ਼ਿੰਮੇਵਾਰ ਜਵਾਨੀ ਦਾ ਨਿਰਮਾਣ ਕੀਤਾ ਜਾ ਸਕੇ।










