ਮਹੇਸ਼ ਭੱਟ ਨਹੀਂ ਕਰਨਾ ਚਾਹੁੰਦੇ ਆਪਣੀਆਂ ਧੀਆਂ ਦਾ ਵਿਆਹ, ਆਲੀਆ ਨੇ ਕੀਤਾ ਖ਼ੁਲਾਸਾ

ਬੌਲੀਵੁਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀ ਚਰਚਾ ਅੱਜਕੱਲ੍ਹ ਸੁਰਖ਼ੀਆਂ ‘ਚ ਹੈ। ਹਾਲਾਂਕਿ ਉਨ੍ਹਾਂ ਦੇ ਪਿਤਾ ਮਹੇਸ਼ ਭੱਟ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਇੰਨੀ ਜਲਦੀ ਵਿਆਹ ਹੋਵੇ। ਦਰਅਸਲ ਮਹੇਸ਼ ਭੱਟ ਆਪਣੀਆਂ ਧੀਆਂ ਨੂੰ ਬੇਹੱਦ ਪਿਆਰ ਕਰਦੇ ਹਨ ਅਤੇ ਉਹ ਆਪਣੀਆਂ ਧੀਆਂ ਨੂੰ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦੇ। ਇੰਨਾ ਹੀ ਨਹੀਂ, ਮਹੇਸ਼ ਭੱਟ ਨਹੀਂ ਚਾਹੁੰਦੇ ਕਿ ਆਲੀਆ ਅਜੇ ਵਿਆਹ ਕਰੇ ਅਤੇ ਉਨ੍ਹਾਂ ਦੀਆਂ ਨਜ਼ਰਾਂ ਤੋਂ ਦੂਰ ਹੋ ਜਾਵੇ।
ਇੱਕ ਇੰਟਰਵਿਊ ਦੌਰਾਨ ਆਲੀਆ ਨੇ ਕਿਹਾ ਕਿ ਮੇਰੇ ਪਾਪਾ ਸਾਡੀ ਬਹੁਤ ਫ਼ਿਕਰ ਕਰਦੇ ਹਨ। ਉਨ੍ਹਾਂ ਦਾ ਵੱਸ ਚੱਲੇ ਤਾਂ ਉਹ ਕਦੇ ਮੇਰਾ ਵਿਆਹ ਨਾ ਹੋਣ ਦੇਣ। ਆਲੀਆ ਨੇ ਕਿਹਾ ਕਿ ਉਸ ਦੇ ਪਿਤਾ ਕਦੇ-ਕਦੇ ਉਸ ਨੂੰ ਬਾਥਰੂਮ ‘ਚ ਬੰਦ ਕਰਨ ਦੀ ਵੀ ਧਮਕੀ ਦਿੰਦੇ ਹਨ। ਆਲੀਆ ਨੇ ਕਿਹਾ ਕਿ ਵਿਆਹ ਦੀ ਗੱਲ ਆਉਂਦੇ ਹੀ ਉਹ ਕਹਿੰਦੇ ਹਨ ਕਿ ਉਹ ਮੈਨੂੰ ਬਾਥਰੂਮ ‘ਚ ਬੰਦ ਕਰ ਦੇਣਗੇ ਪਰ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਜਾਣ ਦੇਣਗੇ। ਆਲੀਆ ਅੱਗੇ ਦੱਸਦੀ ਹੈ ਕਿ ਪਾਪਾ ਨੇ ਸਾਨੂੰ ਕਿਹਾ ਕਿ ਅਸੀਂ ਕਦੇ ਉਨ੍ਹਾਂ ਤੋਂ ਦੂਰ ਨਹੀਂ ਜਾ ਸਕਦੀਆਂ। ਉਹ ਸਾਡਾ ਵਿਆਹ ਨਹੀਂ ਕਰਨਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਮੈਂ ਉਨ੍ਹਾਂ ਤੋਂ ਦੂਰ ਚਲੀ ਜਾਵਾਂਗੀ
ਹਾਲ ਹੀ ‘ਚ ਆਲੀਆ ਨੇ ਮਨਾਇਆ ਆਪਣਾ ਜਨਮਦਿਨ
ਹਾਲ ਹੀ ‘ਚ ਆਲੀਆ ਭੱਟ ਨੇ ਆਪਣਾ 28ਵਾਂ ਜਨਮਦਿਨ ਮਨਾਇਆ। ਉਸ ਦੀ ਜਨਮਦਿਨ ਦੀ ਪਾਰਟੀ ‘ਚ ਕਈ ਸਿਤਾਰੇ ਸ਼ਾਮਿਲ ਹੋਏ। ਆਲੀਆ ਦੀ ਬਰਥਡੇ ਪਾਰਟੀ ਦਾ ਆਯੋਜਨ ਫ਼ਿਲਮਮੇਕਰ ਕਰਨ ਜੌਹਰ ਨੇ ਕੀਤਾ ਸੀ। ਇਸ ਪਾਰਟੀ ‘ਚ ਦੀਪਿਕਾ ਪਾਦੁਕੋਣ, ਅਯਾਨ ਮੁਖਰਜੀ, ਅਰਜੁਨ ਕਪੂਰ ਅਤੇ ਮਲਾਇੱਕਾ ਅਰੋੜਾ ਸਣੇ ਕਈ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ‘ਚ ਉਨ੍ਹਾਂ ਦਾ ਪ੍ਰੇਮੀ ਅਤੇ ਅਦਾਕਾਰ ਰਣਬੀਰ ਕਪੂਰ ਨਹੀਂ ਪਹੁੰਚ ਪਾਏ ਕਿਉਂਕਿ ਉਹ ਇਨ੍ਹੀਂ ਦਿਨੀਂ ਕੋਰੋਨਾ ਪੌਜ਼ੇਟਿਵ ਹੈ।
ਆਲੀਆ RRR ਫ਼ਿਲਮ ‘ਚ ਜਲਦ ਹੀ ਆਵੇਗੀ ਨਜ਼ਰ
ਆਲੀਆ ਦੇ ਫ਼ਿਲਮਾਂ ‘ਚ ਕੰਮ ਦੀ ਗੱਲ ਕਰੀਏ ਤਾਂ ਉਹ RRR ‘ਚ ਨਜ਼ਰ ਆਵੇਗੀ। ਇਸ ਫ਼ਿਲਮ ‘ਚ ਆਲੀਆ ਭੱਟ ਦੀ ਫ਼ਸਟ ਲੁੱਕ ਸਾਹਮਣੇ ਆ ਗਈ ਹੈ। ਇਸ ਫ਼ਿਲਮ ‘ਚ ਅਦਾਕਾਰਾ ਸੀਤਾ ਦੇ ਕਿਰਦਾਰ ‘ਚ ਦਿਖੇਗੀ। ਜੋ ਤਸਵੀਰ ਸਾਹਮਣੇ ਆਈ ਹੈ ਉਸ ‘ਚ ਸੀਤਾ ਦੀ ਲੁੱਕ ‘ਚ ਆਲੀਆ ਇੰਨੀ ਦਮਦਾਰ ਦਿਖ ਰਹੀ ਹੈ ਕਿ ਫ਼ਿਲਮ ਲਈ ਲੋਕਾਂ ਦੇ ਮਨਾਂ ‘ਚ ਉਤਸੁਕਤਾ ਹੋਰ ਵੱਧ ਜਾਵੇਗੀ। ਇਸ ਫ਼ਿਲਮ ਨੂੰ ਬਾਹੁਬਲੀ ਫ਼ੇਮ ਡਾਇਰੈਕਟਰ ਐੱਸ. ਐੱਸ. ਰਾਜਾਮੌਲੀ ਡਾਇਰੈਕਟ ਕਰ ਰਹੇ ਹਨ। ਸੀਤਾ ਦੇ ਕਿਰਦਾਰ ‘ਚ ਉਨ੍ਹਾਂ ਦੀ ਲੁੱਕ ਸਾਧਾਰਣ ਹੁੰਦੇ ਹੋਏ ਵੀ ਬੇਹੱਦ ਦਮਦਾਰ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਫ਼ਿਲਮ ‘ਚ ਆਲੀਆ ਦੇ ਨਾਲ ਜੂਨੀਅਰ NTR, ਅਜੇ ਦੇਵਗਨ ਅਤੇ ਰਾਮ ਚਰਨ ਵੀ ਮੁੱਖ ਕਿਰਦਾਰ ‘ਚ ਨਜ਼ਰ ਆਉਣ ਵਾਲੇ ਹਨ। ਇਹ ਇੱਕ ਪੀਰੀਅਡ ਡਰਾਮਾ ਫ਼ਿਲਮ ਹੈ ਜਿਸ ‘ਚ ਉਹ ਸਾਰੇ ਅਦਾਕਾਰ ਪਹਿਲੀ ਵਾਰ ਇੱਕੱਠੇ ਸਕ੍ਰੀਨ ‘ਤੇ ਦਿਖਾਈ ਦੇਣ ਵਾਲੇ ਹਨ।