ਮਹਾਬੀਰ ਭੁੱਲਰ ਮੁੜ ਕਰੇਗਾ ਬੌਲੀਵੁਡ ‘ਚ ਐਂਟਰੀ

ਪੰਜਾਬੀ ਸਿਤਾਰੇ ਲਗਾਤਾਰ ਬੌਲੀਵੁਡ ਵੱਲ ਵੱਧ ਰਹੇ ਹਨ, ਅਤੇ ਆਪਣੀ ਅਦਾਕਾਰੀ ਦੇ ਦਮ ‘ਤੇ ਬੌਲੀਵੁਡ ਇੰਡਸਟਰੀ ‘ਤੇ ਵੀ ਰਾਜ ਕਰ ਰਹੇ ਹਨ। ਹੁਣ ਵਾਰੀ ਹੈ ਉੱਘੇ ਪੰਜਾਬੀ ਅਦਾਕਾਰ ਮਹਾਬੀਰ ਭੁੱਲਰ ਦੀ ਜੋ ਪੰਜਾਬੀ ਫ਼ਿਲਮਾਂ ‘ਚ ਆਪਣੇ ਸ਼ਾਨਦਾਰ ਕਿਰਦਾਰਾਂ ਲਈ ਜਾਣਿਆ ਜਾਂਦੈ। ਮਹਾਬੀਰ ਭੁੱਲਰ ਨੂੰ ਰੌਕੀ ਮੈਂਟਲ, ਅਸ਼ਕੇ, ਬੰਬੂਕਾਟ ਵਰਗੀਆਂ ਪੰਜਾਬੀ ਫ਼ਿਲਮਾਂ ਅਤੇ ਸੂਰਮਾ’, ਉੜਤਾ ਪੰਜਾਬ ਵਰਗੀਆਂ ਹਿੰਦੀ ਫ਼ਿਲਮਾਂ ‘ਚ ਵੀ ਆਪਣੀਆਂ ਭੂਮਿਕਾਵਾਂ ਲਈ ਉਸ ਨੂੰ ਜਾਣਿਆ ਜਾਂਦਾ ਹੈ। ਹੁਣ ਉਹ ਇੱਕ ਹੋਰ ਬੌਲੀਵੁਡ ਫ਼ਿਲਮ ਲਈ ਤਿਆਰ ਹੈ ਜਿਸ ‘ਚ ਪੰਕਜ ਤ੍ਰਿਪਾਠੀ ਵੀ ਨਜ਼ਰ ਆਵੇਗਾ।
ਇਸ ਗੱਲ ਦਾ ਸੰਕੇਤ ਖ਼ੁਦ ਭੁੱਲਰ ਨੇ ਆਪਣੇ ਸੋਸ਼ਲ ਮੀਡੀਆ ਰਾਹੀਂ ਦਿੱਤਾ ਸੀ ਜਿੱਥੇ ਉਸ ਨੇ ਪੰਕਜ ਤ੍ਰਿਪਾਠੀ ਨਾਲ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ, ਅਤੇ ਉਸ ‘ਚ ਮੁੰਬਈ ਕੌਲਿੰਗ ਦਾ ਕੈਪਸ਼ਨ ਦਿੱਤਾ ਸੀ। ਕੈਪਸ਼ਨ ਨੇ ਇਹ ਗੱਲ ਹੋਰ ਪੱਕੀ ਕਰ ਦਿੱਤੀ ਕਿ ਹੁਣ ਇੱਕ ਵਾਰ ਫ਼ਿਰ ਉਹ ਕਿਸੇ ਬੌਲੀਵੁਡ ਫ਼ਿਲਮ ‘ਚ ਨਜ਼ਰ ਆਵੇਗਾ। ਹਾਲਾਂਕਿ ਕਿਸੇ ਵੀ ਕਲਾਕਾਰ ਵਲੋਂ ਇਸ ਨਾਲ ਸਬੰਧਿਤ ਹੋਰ ਵੇਰਵੇ ਜਨਤਕ ਨਹੀਂ ਕੀਤੇ ਗਏ। ਜਿਵੇਂ ਕਿ ਇਹ ਫ਼ਿਲਮ ਹੋਵੇਗੀ ਜਾਂ ਵੈੱਬ ਸੀਰੀਜ਼ ਜਾਂ ਹੋਰ ਕੁੱਝ, ਪਰ ਜੋ ਵੀ ਹੋਵੇ, ਇਸ ਪ੍ਰੌਜੈਕਟ ਦਾ ਹਿੱਟ ਹੋਣਾ ਯਕੀਨੀ ਹੈ ਕਿਉਂਕਿ ਇਹ ਦੋਵੇਂ ਅਦਾਕਾਰ ਆਪਣੀ ਅਦਾਕਾਰੀ ਦੇ ਸਿਖਰ ‘ਤੇ ਹਨ।
ਜੇਕਰ ਉਨ੍ਹਾਂ ਦੀ ਅਦਾਕਾਰੀ ਦੇ ਹੁਨਰ ਦੀ ਗੱਲ ਕਰੀਏ ਤਾਂ ਦੋਵੇਂ ਕਲਾਕਾਰ ਕਮਾਲ ਦੇ ਹਨ, ਅਤੇ ਕਿਸੇ ਪ੍ਰੌਜੈਕਟ ਨੂੰ ਸੁਪਰਹਿੱਟ ਬਣਾਉਣ ਲਈ ਦੋਹਾਂ ਦੇ ਨਾਮ ਹੀ ਕਾਫ਼ੀ ਹਨ। ਪੰਕਜ ਤ੍ਰਿਪਾਠੀ ਨੇ ਸਕ੍ਰੀਨ ‘ਤੇ ਕੁੱਝ ਅਭੁੱਲ ਭੂਮਿਕਾਵਾਂ ਨਿਭਾਈਆਂ ਹਨ, ਅਤੇ ਮਹਾਬੀਰ ਭੁੱਲਰ ਦੀ ਅਦਾਕਾਰੀ ਇਸ ਪ੍ਰੌਜੈਕਟ ਨੂੰ ਹੋਰ ਵੀ ਦਮਦਾਰ ਬਣਾ ਦੇਵੇਗੀ। ਜਦੋਂ ਇਹ ਦੋਵੇਂ ਅਦਾਕਾਰ ਕੰਮ ਕਰਦੇ ਹਨ ਤਾਂ ਇਹ ਪਛਾਣਨਾ ਮੁਸ਼ਕਿਲ ਹੁੰਦਾ ਹੈ ਕਿ ਕੀ ਇਹ ਪਰਦੇ ਉੱਪਰ ਅਦਾਕਾਰੀ ਕਰਦੇ ਕਲਾਕਾਰ ਹਨ ਜਾਂ ਉਹ ਸੱਚਮੁੱਚ ਦੇ ਆਮ ਇਨਸਾਨ ਹਨ।
ਇਸ ਦੌਰਾਨ ਪੰਕਜ ਤ੍ਰਿਪਾਠੀ ਦੀ ਅਗਲੀ ਫ਼ਿਲਮ ’83 24 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ ਜਿਸ ‘ਚ ਐਮੀ ਵਿਰਕ ਅਤੇ ਹਾਰਡੀ ਸੰਧੂ ਵੀ ਮੁੱਖ ਭੂਮਿਕਾਵਾਂ ‘ਚ ਹਨ। ਮਹਾਬੀਰ ਭੁੱਲਰ ਦੀਆਂ ਬਹੁਤ ਸਾਰੀਆਂ ਆਉਣ ਵਾਲੀਆਂ ਪੰਜਾਬੀ ਫ਼ਿਲਮਾਂ ਸ਼ੂਟ ਹੋ ਰਹੀਆਂ ਹਨ ਅਤੇ ਰਿਲੀਜ਼ ਹੋਣ ਵਾਲੀਆਂ ਹਨ।