ਮਸਾਨੇ ਦਾ ਕੈਂਸਰ, ਅਲਾਮਤਾਂ ਤੇ ਇਲਾਜ

ਕਿਸੇ ਵੀ ਹਿੱਸੇ ਦੇ ਕੈਂਸਰ ਬਾਰੇ ਸਮਝਣ ਵਾਸਤੇ ਉਸ ਦੀ ਬਣਤਰ ਤੇ ਉਸ ਅੰਗ ਦੇ ਕੰਮ ਬਾਰੇ ਸੰਖੇਪ ਜਾਣਕਾਰੀ ਹੋਣੀ ਜ਼ਰੂਰੀ ਹੁੰਦੀ ਹੈ। ਮਸਾਨਾ ਜਾਂ ਯੂਰੇਨਰੀ ਬਲੈਡਰ, ਗੁਬਾਰੇ ਦੀ ਸ਼ਕਲ ਵਰਗਾ ਅੰਗ, ਪੇਟ ਵਿੱਚ ਧੁੰਨੀ ਤੋਂ ਹੇਠਾਂ ਹੁੰਦਾ ਹੈ। ਇਸਦਾ ਆਕਾਰ ਪੁੱਠੇ ਘੜੇ ਵਾਂਗ ਦਿਸਦਾ ਹੈ। ਦੋਹਾਂ (ਖੱਬੇ ਤੇ ਸੱਜੇ) ਗੁਰਦਿਆਂ ਵਿੱਚ ਬਨਣ ਤੋਂ ਬਾਅਦ ਪਿਸ਼ਾਬ, ਨਾਲੀਆਂ (ਯੁਰੇਟਰਜ਼) ਰਾਹੀਂ ਮਸਾਨੇ ਵਿੱਚ ਪੁੱਜਦਾ, ਇੱਕਠਾ ਹੁੰਦਾ ਤੇ ਹਾਜਤ ਹੋਣ ‘ਤੇ ਆਪਣੀ ਮਰਜ਼ੀ ਨਾਲ ਅਸੀਂ ਇਸ ਨੂੰ ਖਾਲੀ ਕਰਦੇ ਹਾਂ। ਇਹ ਅੱਧੇ ਤੋਂ ਡੇਢ ਲੀਟਰ ਤਕ ਪਿਸ਼ਾਬ ਜਮ੍ਹਾਂ ਕਰ ਸਕਦਾ ਹੈ। ਮਰਦਾਂ ਵਿੱਚ ਗਦੂਦ (ਪ੍ਰੌਸਟੇਟ), ਇਸ ਦੇ ਹੇਠਲੇ ਪਾਸੇ ਵੱਲ, ‘ਘੜੇ’ ਦੀ ਧੌਣ ਵਾਲੀ ਥਾਂ ‘ਤੇ ਹੁੰਦਾ ਹੈ।
ਮਸਾਨੇ ਦੀ ਦੀਵਾਰ ਦੀਆਂ ਤਿੰਨ ਤਹਿਆਂ ਹੁੰਦੀਆਂ ਹਨ: ਸਭ ਤੋਂ ਅੰਦਰਲੀ ਤਹਿ ਜੋ ਪਿਸ਼ਾਬ ਦੇ ਸੰਪਰਕ ਵਿੱਚ ਰਹਿੰਦੀ ਹੈ। ਇਹ ਇੱਕ ਖ਼ਾਸ ਕਿਸਮ ਦੇ ਸੈਲਾਂ ਦੀ ਬਣੀ ਹੁੰਦੀ ਹੈ ਜੋ ਫ਼ੈਲ ਸਕਦੇ ਹਨ। ਵਿਚਕਾਰਲੀ ਤਹਿ (ਲੈਮਨੀਆਂ ਪ੍ਰੌਪਰੀਆ) ਵਿੱਚ ਖ਼ੂਨ-ਨਾੜੀਆਂ ਤੇ ਨਰਵਜ਼ ਦਾ ਇੱਕ ਜਾਲ਼ ਬੁਣਿਆਹੁੰ ਦਾ ਹੈ ਤੇ ਬਾਹਰੀ ਸਭ ਤੋਂ ਮੋਟੀ ਤਹਿ,ਪੱਠਿਆਂ ਦੀ ਹੁੰਦੀ ਹੈ । ਜਿਵੇਂ ਜਿਵੇਂ ਬਲੈਡਰ ਭਰਦਾ ਹੈ ਇਹ ਪੱਠੇ ਢਿੱਲੇ ਹੋਈ ਜਾਂਦੇ ਹਨ ਤੇ ਪਿਸ਼ਾਬ ਕਰਨ ਵੇਲੇ ਇਹ ਹੌਲੀ ਹੌਲੀ ਸੁੰਗੜ ਕੇ ਪਿਸ਼ਾਬ ਨੂੰ ਬਾਹਰ ਵੱਲ ਪੰਪ ਕਰ ਦਿੰਦੇ ਹਨ।
ਮਸਾਨੇ ਦੇ ਕੈਂਸਰ ਨੂੰ ਟ੍ਰਾਂਜ਼ੀਸ਼ਨਲ ਕਾਰਸੀਨੋਮਾ ਕਿਹਾ ਜਾਂਦਾ ਹੈ ਜਿਸਦੇ ਕਾਰਨਾਂ ਦਾ ਭਾਵੇਂ ਅਜੇ ਤਕ ਪੂਰੀ ਤਰ੍ਹਾਂ ਪਤਾ ਨਹੀਂ ਲਾਇਆ ਜਾ ਸਕਿਆ ਫ਼ਿਰ ਵੀ ਕੁਝ ਐਸੇ ਨੁਕਤੇ ਹਨ ਜੋ ਇਸ ਵਾਸਤੇ ਜ਼ਿੰਮੇਵਾਰ ਹਨ:
ਔਰਤਾਂ ਦੀ ਬਜਾਏ ਮਰਦਾਂ ਵਿੱਚ ਇਹ ਕੈਂਸਰ ਤਿੰਨ ਗੁਣਾਂ ਵਧੇਰੇ ਹੁੰਦਾ ਹੈ। ਆਮ ਕਰਕੇ ਵਡੇਰੀ ਉਮਰ ਦੇ ਵਿਅਕਤੀ ਹੀ ਇਸ ਰੋਗ ਦੇ ਕਾਬੂ ਆਉਂਦੇ ਹਨ। ਇਸ ਕੈਂਸਰ ਦੇ ਮਰੀਜ਼ਾਂ ਚੋਂ 80 ਪ੍ਰਤੀਸ਼ਤ, 55 ਸਾਲ ਤੋਂ ਵਡੇਰੀ ਉਮਰ ਵਾਲੇ ਹੁੰਦੇ ਹਨ। ਸਿਗਰਟਨੋਸ਼ਾਂ ਵਿੱਚ ਇਹ ਕੈਂਸਰ ਉਤਪੰਨ ਹੋਣ ਦੇ ਵਧੇਰੇ ਮੌਕੇ ਹੁੰਦੇ ਹਨ ।
ਕੈਮੀਕਲਜ਼ : ਕਿਉਂਕਿ ਰੰਗ-ਰੋਗਨ ਵਿੱਚ ਵਰਤੇ ਜਾਣ ਵਾਲੇ ਪਦਾਰਥ?, ਜਿਵੇਂ ਥਿੱਨਰ ਆਦਿ, ਕੈਂਸਰ ਪੈਦਾ ਕਰਨ ਵਾਲੇ ਰਸਾਇਣ ਹੁੰਦੇ ਹਨ। ਇਸ ਲਈ ਇਨ੍ਹਾਂ ਕਾਰਖਾਨਿਆਂ ਦੇ ਕਾਮਿਆਂ ਨੂੰ ਇਸ ਕੈਂਸਰ ਦਾ ਖ਼ਤਰਾ ਰਹਿੰਦਾ ਹੈ। ਇਸੇ ਤਰ੍ਹਾਂ ਇਸ ਕੈਂਸਰ, ਹੇਅਰ ਡਰੈਸਿੰਗ ਤੇ ਖ਼ਜਾਬ (ਹੇਅਰ ਡਾਈਜ਼) ਵਾਲੇ ਕੈਮੀਕਲਜ਼ ਵੀ ਨਾਲ ਸਬੰਧਿਤ ਹੈ। ਰਬੜ-ਇੰਡਸਟਰੀ, ਧਾਤਾਂ, ਰੋਗਨ, ਟੈਕਸਟਾਇਲਜ਼, ਪੇਂਟਰ, ਚਮੜੇ ਦੀ ਰੰਗਾਈ ਅਤੇ ਬੈਟਰੀਆਂ ਦਾ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਕੈਮੀਕਲਜ਼ ਕਰਕੇ ਇਹ ਕੈਂਸਰ ਹੋਣ ਦਾ ਵਧੇਰੇ ਖ਼ਤਰਾ ਰਹਿੰਦਾ ਹੈ।
ਪੈਰਾਸਾਈਟ: ਭਾਰਤ ਵਿੱਚ ਨਹੀਂ ਪਰ ਦੁਨੀਆਂ ਦੇ ਕਈ ਭਾਗਾਂ-ਜਿਵੇਂ ਅਫ਼ਰੀਕਾ ਦੇ ਕੁਝ ਹਿੱਸੇ, ਮਿਡਲ ਈਸਟ, ਈਰਾਨ, ਮੌਰੀਸ਼ੀਅਸ ਆਦਿ ਵਿੱਚ ਇੱਕ ਜੀਵਾਣੂੰ (ਪੈਰਾਸਾਈਟ) ਪਾਇਆ ਜਾਂਦਾ ਹੈ ਜੋ ਪਾਣੀ ਰਾਹੀਂ ਸਰੀਰ ਵਿੱਚ ਦਾਖ਼ਲ ਹੋ ਕੇ, ਮਸਾਨੇ ਦੀ ਦੀਵਾਰ ਦੀਆਂ ਤੈਹਿਆਂ ਵਿੱਚ ਪੁੱਜਦਾ ਹੈ। ਇਨ੍ਹਾਂ ਦੇਸ਼ਾਂ ਵਿੱਚ ਮਸਾਨੇ ਦੇ ਕੈਂਸਰ ਦੀ ਦਰ ਕਾਫ਼ੀ ਜ਼ਿਆਦਾ ਹੈ ਜੋ ਇਸ ਪੈਰਾਸਾਈਟ, ਸਿਸਟੋਸੋਮਾ ਹੀਮੇਟੋਬੀਅਮ ਕਰਕੇ ਹੁੰਦਾ ਹੈ। ਯੂਨਾਨ ਵਿੱਚ ਇਸੇ ਪੈਰਾਸਾਇਟ ਕਰਕੇ ਮਸਾਨੇ ਦਾ ਕੈਂਸਰ 20 ਤੋਂ 44 ਸਾਲ ਦੇ ਮਰਦਾਂ ਦੀ ਮੌਤ ਦਾ ਮੁੱਖ ਕਾਰਨ ਹੈ। ਇਨ੍ਹਾਂ ਥਾਵਾਂ ‘ਤੇ ਯਾਤਰਾ ਕਰਨ ਵਾਲਿਆਂ ਨੂੰ ਖ਼ਾਸ ਚਿਤਾਵਨੀ ਦਿੱਤੀ ਜਾਂਦੀ ਹੈ।
ਅਲਾਮਤਾਂ: ਪਿਸ਼ਾਬ ਵਿੱਚ ਖ਼ੂਨ ਦਾ ਆਉਣਾ ਇੱਕ ਮੁੱਖ ਲੱਛਣ ਹੈ। ਪਰ ਨਾਲ ਹੀ ਇਹ ਵੀ ਸਮਝ ਲੈਣਾ ਜ਼ਰੂਰੀ ਹੈ ਕਿ ਖ਼ੂਨ ਸਿਰਫ਼ ਮਸਾਨੇ ਦੇ ਕੈਂਸਰ ਕਰਕੇ ਹੀ ਨਹੀਂ ਆਉਂਦਾ, ਇਸਦੇ ਹੋਰ ਵੀ ਕਈ ਕਾਰਨ ਹੁੰਦੇ ਹਨ। ਨਾਰਮਲ ਹਾਲਤਾਂ ਵਿੱਚ ਕਦੀ ਵੀ ਪਿਸ਼ਾਬ ਵਿੱਚ ਖ਼ੂਨ ਨਹੀਂ ਆਉਂਦਾ। ਜਦ ਵੀ ਖ਼ੂਨ ਆਵੇ ਤਾਂ ਪਿਸ਼ਾਬ ਦੇ ਰੰਗ (ਲਾਲ ਜਾਂ ਭੂਰੇ) ਤੋਂ ਪਤਾ ਲਗ ਜਾਂਦਾ ਹੈ। ਪਿਸ਼ਾਬ ਦੇ ਰੰਗ ਵਿੱਚ ਤਬਦੀਲੀ ਹੋਵੇ ਤਾਂ ਇਕਦਮ ਡਾਕਟਰ ਕੋਲ ਜਾ ਕੇ ਮੁਆਇਨਾ ਕਰਵਾਉਣਾ ਚਾਹੀਦਾ ਹੈ।
ਭੁੱਖ ਤੇ ਭਾਰ ਦਾ ਘਟਣਾ (ਜੋ ਕਿਸੇ ਵੀ ਅੰਗ ਕੈਂਸਰ ਵਿੱਚ ਹੋ ਜਾਂਦਾ ਹੈ)। ਪੇਟ ਵਿੱਚ ਹੇਠਾਂ ਜਿਹੇ ਲੱਕ ਵਿੱਚ ਦਰਦ। ਪਿਸ਼ਾਬ ਕਰਨ ਵੇਲੇ ਦਰਦ ਜਾਂ ਇਕਦਮ ਕਾਹਲੀ ਪੈਣਾ।
ਜਾਂਚ: ਇਸ ਤਰ੍ਹਾਂ ਦੇ ਲੱਛਣ ਹੋਣ ਤਾਂ ਤਹਾਨੂੰ ਯੂਰੋਲੋਜਿਸਟ ਡਾਕਟਰ ਜਾਂ ਸਰਜਨ ਕੋਲ ਜਾਣਾ ਚਾਹੀਦਾ ਹੈ ਜੋ ਕੁਝ ਟੈਸਟ ਕਰਵਾਉਣ ਬਾਰੇ ਕਹੇਗਾ। ਰੁਟੀਨ ਦੇ ਖ਼ੂਨ ਤੇ ਪਿਸ਼ਾਬ ਦੇ ਟੈਸਟ ਤੋਂ ਬਾਅਦ, ਪਿਸ਼ਾਬ ਦੀ ਖ਼ੁਰਦਬੀਨੀ ਜਾਂਚ ਕੀਤੀ ਜਾਂਦੀ ਹੈ। ਇਸ ਵਿੱਚ ਕੈਂਸਰ ਦੇ ਸੈਲਾਂ ਦਾ ਪਤਾ ਲਗ ਜਾਂਦਾ ਹੈ।
ਅਲਟਰਾ ਸਾਉਂਡ; ਸੀ.ਟੀ. ਸਕੈਨ; ਐਮਆਰਆਈ;ਪੇਟ ਸਕੈਨ (ਲੋੜ ਅਨੁਸਾਰ) ।
ਸਿਸਟੋਸਕੋਪੀ: ਪੱਕਾ ਪਤਾ ਲਗਾਉਣ ਲਈ ਸਿਸਟੋਸਕੋਪ, ਜੋ ਪਿਸ਼ਾਬ ਰਸਤੇ ਥਾਣੀ ਮਸਾਨੇ ਜਾਂ ਯੂਰੀਨਰੀ ਬਲੈਡਰ ਦੇ ਅੰਦਰ ਪਾਈ ਜਾਂਦੀ ਹੈ, ਨਾਲ ਟਿਊਮਰ ਦਾ ਨਿਰੀਖਣ ਕਰਕੇ ਇੱਕ ਛੋਟਾ ਜਿਹਾ ਟੁਕੜਾ (ਬਾਇਓਪਸੀ) ਲੈ ਲਿਆ ਜਾਂਦਾ ਹੈ ਜਿਸਦੀ ਪੈਥਾਲੋਜਿਸਟ ਰਾਹੀਂ ਖ਼ੁਰਦਬੀਨੀ ਜਾਂਚ ਕਰਨ ‘ਤੇ ਪੂਰਾ ਤੇ ਸਹੀ ਪਤਾ ਲਗ ਜਾਂਦਾ ਹੈ ਕਿ ਕੈਂਸਰ ਕਿਸ ਕਿਸਮ ਦਾ ਹੈ ਤੇ ਕਿਹੜੀ ਸਟੇਜ ‘ਤੇ ਹੈ। ਸਰੀਰ ਦੇ ਬਾਕੀ ਅੰਗਾਂ ਦੇ ਕੈਂਸਰਾਂ ਵਾਂਗ, ਇਸ ਦਾ ਵੀ ਜੇਕਰ ਮੁੱਢਲੀ ਸਟੇਜ ‘ਤੇ ਪਤਾ ਲਗਾ ਕੇ ਇਲਾਜ ਕਰਵਾ ਲਿਆ ਜਾਵੇ ਤਾਂ ਕਾਫ਼ੀ ਮਰੀਜ਼ ਲੰਮਾਂ ਸਮਾਂ ਵਧੀਆ ਜੀਵਨ ਜੀਅ ਸਕਦੇ ਹਨ ।
ਇਲਾਜ: ਸਰਜਰੀ -ਆਮ ਕਰਕੇ ਸਿਸਟੋਸਕੋਪ ਰਾਹੀਂ ਕੀਤੀ ਜਾਂਦੀ ਹੈ। ਕਈਆਂ ਕੇਸਾਂ ਵਿੱਚ ਜਦ ਬਲੈਡਰ ਦਾ ਕਾਫ਼ੀ ਹਿੱਸਾ ਨੁਕਸਾਨਿਆ ਗਿਆ ਹੋਵੇ ਤਾਂ ਪੇਟ ਤੋਂ ਅਪ੍ਰੇਸ਼ਨ ਕਰਕੇ ਬਲੈਡਰ ਕੱਢ ਦਿੱਤਾ ਜਾਂਦਾ ਹੈ। ਇਸ ਨੂੰ ਸਿਸਟੈਕਟਮੀ ਕਿਹਾ ਜਾਂਦਾ ਹੈ। ਉਸ ਤੋਂ ਬਾਅਦ ਰੀ-ਕੰਸਟ੍ਰਕਟ ਕਰਕੇ ਪਿਸ਼ਾਬ ਸਟੋਰ ਕਰਨ ਲਈ ਜਗ੍ਹਾ ਤਿਆਰ ਕੀਤੀ ਜਾਂਦੀ ਹੈ। ਕੈਂਸਰ ਬੋਰਡ ਦੇ ਮੈਂਬਰ ਡਾਕਟਰਾਂ ਦੇ ਆਪਸੀ ਸਲਾਹ-ਮਸ਼ਵਰੇ ਨਾਲ ਹਰੇਕ ਕੇਸ ਨੂੰ ਲੋੜ ਅਨੁਸਾਰ ਕੀਮੋ-ਥੈਰਾਪੀ, ਰੇਡੀਓ-ਥੈਰਾਪੀ ਅਤੇ ਇਮਿਊਨੋ- ਥੈਰਾਪੀ,ਦਿੱਤੀ ਜਾਂਦੀ ਹੈ।
ਧਿਆਨ ਯੋਗ ਗੱਲਾਂ: ਤੰਬਾਕੂਨੋਸ਼ੀ ਸ਼ੁਰੂ ਹੀ ਨਾ ਕਰੋ। ਜੇਕਰ ਕਰ ਚੁੱਕੇ ਹੋ ਤਾਂ ਇਸ ਨੂੰ ਛੱਡ ਦਿਓ। ਕੈਮੀਕਲਜ਼, ਰੰਗਾਈ,ਰਸਾਇਣਾਂ,ਰੰਗ ਰੋਗਨ ਵਾਲੀਆਂ ਥਾਵਾਂ ‘ਤੇ ਕੰਮ ਕਰਨ ਵਾਲੇ ਕਾਮੇ ਸਾਵਧਾਨੀਆਂ ਵਰਤਣ। ਜਿਹੜੇ ਭੂਗੋਲਿਕ ਖੇਤਰਾਂ ਵਿੱਚ ਇਸ ਕੈਂਸਰ ਦਾ ਖ਼ਤਰਾ ਹੈ, ਉਥੇ ਪੈਰਾਸਾਈਟ ਤੋਂ ਬਚਣ ਲਈ ਚਿਤਾਵਨੀ ਦਾ ਖਿਆਲ ਰੱਖੋ। ਸਰੀਰ ਦੇ ਇਮਿਊਨ ਸਿਸਟਮ ਨੂੰ ਠੀਕ ਤੇ ਤੰਦਰੁਸਤ ਰੱਖਣ ਲਈ ਸੰਤੁਲਿਤ ਤੇ ਨਰੋਆ ਭੋਜਨ ਛਕੋ। ਸਰੀਰ ਦੇ ਭਾਰ ਨੂੰ ਵੀ ਕੰਟਰੋਲ ਵਿੱਚ ਰੱਖੋ। ਜੇਕਰ ਪਿਸ਼ਾਬ ਵਿੱਚ ਖ਼ੂਨ ਆਵੇ ਤਾਂ ਬਿਨਾ ਦੇਰੀ ਦੇ ਡਾਕਟਰ ਦੀ ਸਲਾਹ ਲਵੋ। ਘਰੇਲੂ ਤੇ ਦੇਸੀ ਟੋਟਕੇ ਨਾ ਵਰਤੋ।
ਡਾ. ਮਨਜੀਤ ਸਿੰਘ ਬੱਲ
9872843491