ਮਨੋਜ ਬਾਜਪਾਈ ਵੇਚਣਾ ਚਾਹੁੰਦੈ ਆਪਣਾ ਬਾਂਦਰਾ ਵਾਲਾ ਘਰ

ਬੌਲੀਵੁੱਡ ਦੇ ਦਿੱਗਜ ਅਦਾਕਾਰ ਮਨੋਜ ਬਾਜਪਾਈ ਨੇ ਅੱਜ ਇੱਕ ਟਵੀਟ ਕੀਤਾ ਹੈ ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ‘ਚ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਅਦਾਕਾਰ ਨੇ ਟਵਿਟਰ ‘ਤੇ ਲਿਖਿਆ ਹੈ ਕਿ ਉਹ ਆਪਣਾ ਘਰ ਵੇਚਣਾ ਚਾਹੁੰਦਾ ਹੈ। ਹੁਣ ਇਹ ਚੁਟਕਲੇ ‘ਚ ਲਿਖਿਆ ਗਿਆ ਹੈ ਜਾਂ ਇਹ ਸੱਚਮੁੱਚ ਦੱਸਿਆ ਗਿਆ ਹੈ, ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ, ਪਰ ਪ੍ਰਸ਼ੰਸਕ ਜਾਣਨਾ ਚਾਹੁੰਦੇ ਹਨ ਕਿ ਉਨ੍ਹਾਂ ਦੇ ਮਨਪਸੰਦ ਅਦਕਾਰ ਨਾਲ ਕੀ ਹੋਇਆ ਜੋ ਘਰ ਵੇਚਣ ਦੀ ਨੌਬਤ ਆ ਗਈ।
ਮਨੋਜ ਬਾਜਪਾਈ ਨੇ ਟਵਿਟਰ ‘ਤੇ ਲਿਖਿਆ, ”ਆਪਣੇ ਬਾਂਦਰਾ ਵਾਲੇ ਘਰ ਲਈ ਖ਼ਰੀਦਦਾਰ ਲੱਭ ਰਿਹਾ ਹਾਂ। ਕੋਈ ਹੋਵੇ ਤਾਂ ਦੱਸਣਾ।” ਉਸ ਸਮੇਂ ਤੋਂ ਇਸ ਬਾਰੇ ਅਟਕਲਾਂ ਹਨ ਕਿ ਕੀ ਹੋਇਆ ਹੈ। ਕੁੱਝ ਲੋਕ ਹਨ ਜੋ ਖ਼ਰੀਦਣਾ ਚਾਹੁੰਦੇ ਹਨ ਅਤੇ ਖ਼ੁਦ ਟਵਿਟਰ ‘ਤੇ ਅਦਾਕਾਰ ਨੂੰ ਜਵਾਬ ਦੇ ਰਹੇ ਹਨ।
ਕੁੱਝ ਲੋਕਾਂ ਨੂੰ ਉਸੇ ਬਹਾਨੇ ਮੀਮ ਬਣਾਉਣ ਦਾ ਮੌਕਾ ਮਿਲਿਆ ਹੈ। ਕੁੱਝ ਲੋਕ ਹਸਾਉਣ ਵਾਲੀਆਂ ਪੋਸਟਾਂ ਵੀ ਸਾਂਝੀਆਂ ਕਰ ਰਹੇ ਹਨ। ਦੱਸ ਦੇਈਏ ਕਿ ਮਨੋਜ ਬਾਜਪਾਈ ਜਲਦ ਹੀ ਵੈੱਬ ਸੀਰੀਜ਼ ਦਾ ਫ਼ੈਮਿਲੀ ਮੈਨ 2 ‘ਚ ਨਜ਼ਰ ਆਉਣ ਵਾਲੇ ਹਨ। ਇਸ ਦਾ ਟੀਜ਼ਰ ਆ ਚੁੱਕਾ ਹੈ ਅਤੇ ਪ੍ਰਸ਼ੰਸਕ ਬੇਸਬਰੀ ਨਾਲ ਇਸ ਦੇ ਰਿਲੀਜ਼ ਦਾ ਇੰਤਜਾਰ ਕਰ ਰਹੇ ਹਨ।
ਇਸ ਦਾ ਟਰੇਲਰ 19 ਜਨਵਰੀ ਨੂੰ ਰਿਲੀਜ਼ ਹੋਣ ਵਾਲਾ ਸੀ, ਪਰ ਇਸ ਦੀ ਤਾਰੀਖ ਅਗੇ ਕਰ ਦਿੱਤੀ ਗਈ ਹੈ। ਮਨੋਜ ਦੇ ਇਸ ਟਵੀਟ ਤੋਂ ਬਾਅਦ ਕੁੱਝ ਯੂਜਰਜ਼ ਨੇ ਇਹ ਵੀ ਲਿਖਿਆ ਕਿ ਜੇਕਰ ਇਸ ਦਾ ਟਰੇਲਰ ਜਾਰੀ ਹੋਇਆ ਤਾਂ ਉਹ ਘਰ ਖ਼ਰੀਦਣਗੇ।
ਇਸ ਵੈੱਬ ਸੀਰੀਜ਼ ਦਾ ਪਹਿਲਾ ਸੀਜ਼ਨ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ‘ਚ ਮਨੋਜ ਬਾਜਪਾਈ ਮੁੱਖ ਭੂਮਿਕਾ ‘ਚ ਹਨ। ਇਹ ਸੀਰੀਜ਼ ਹਿੱਟ ਰਹੀ ਸੀ ਅਤੇ ਓਦੋਂ ਤੋਂ ਹੀ ਇਸ ਦੇ ਦੂਜੇ ਸੀਜ਼ਨ ਲਈ ਪ੍ਰਸ਼ੰਸਕਾਂ ‘ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।