ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ. ) ਨੇ ਬੁੱਧਵਾਰ ਨੂੰ ਦਿੱਲੀ ਦੇ ਇਕ ਘਰ ਵਿਚ ਤਲਾਸ਼ੀ ਦੌਰਾਨ 5.12 ਕਰੋੜ ਰੁਪਏ ਨਕਦ ਅਤੇ 8.80 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣਿਆਂ ਨਾਲ ਭਰਿਆ ਇਕ ਸੂਟਕੇਸ ਬਰਾਮਦ ਕੀਤਾ। ਅਧਿਕਾਰੀਆਂ ਮੁਤਾਬਕ ਈ. ਡੀ. ਨੇ ਤਲਾਸ਼ੀ ਦੌਰਾਨ ਇਸ ਤੋਂ ਇਲਾਵਾ 35 ਕਰੋੜ ਰੁਪਏ ਦੀ ਜਾਇਦਾਦ ਨਾਲ ਜੁੜੇ ਦਸਤਾਵੇਜ਼ ਵੀ ਬਰਾਮਦ ਕੀਤੇ। ਈ. ਡੀ. ਵੱਲੋਂ ਦੱਖਣੀ ਦਿੱਲੀ ਦੇ ਸਰਵਪ੍ਰੀਆ ਵਿਹਾਰ ਸਥਿਤ ਘਰ ਵਿਚ ਇਹ ਛਾਪੇਮਾਰੀ ਹਰਿਆਣਾ ਦੇ ਫਰਾਰ ਅਪਰਾਧੀ ਇੰਦਰਜੀਤ ਸਿੰਘ ਯਾਦਵ ਨਾਲ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਕੀਤੀ ਗਈ ਹੈ।
ਈ. ਡੀ. ਮੁਤਾਬਕ ਇੰਦਰਜੀਤ ਸਿੰਘ ਯਾਦਵ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਸਰਗਰਮ ਹੈ ਅਤੇ ਇਹ ਘਰ ਇੰਦਰਜੀਤ ਦੇ ਕਥਿਤ ਸਹਿਯੋਗੀ ਅਮਨ ਕੁਮਾਰ ਨਾਂ ਦੇ ਵਿਅਕਤੀ ਦਾ ਹੈ। ਈ. ਡੀ. ਵੱਲੋਂ ਲਾਏ ਗਏ ਦੋਸ਼ਾਂ ’ਤੇ ਟਿੱਪਣੀ ਲਈ ਇੰਦਰਜੀਤ ਸਿੰਘ ਯਾਦਵ ਤੇ ਅਮਨ ਕੁਮਰ ਦੋਵਾਂ ਨਾਲ ਹੀ ਸੰਪਰਕ ਨਹੀਂ ਹੋ ਸਕਿਆ। ਇੰਦਰਜੀਤ ਖਿਲਾਫ ਮਨੀ ਲਾਂਡ੍ਰਿੰਗ ਦਾ ਮਾਮਲਾ ਕਥਿਤ ਨਾਜਾਇਜ਼ ਵਸੂਲੀ, ਨਿੱਜੀ ਫੰਡਰਜ਼ ਤੋਂ ਜਬਰੀ ਕਰਜ਼ਾ ਨਿਪਟਾਰੇ ਅਤੇ ਅਜਿਹੀਆਂ ਗੈਰ-ਕਾਨੂੰਨੀ ਸਰਗਰਮੀਆਂ ਤੋਂ ਕਮਿਸ਼ਨ ਕਮਾਉਣ ਨਾਲ ਸਬੰਧਤ ਹੈ।















