ਨਵੀਂ ਦਿੱਲੀ— ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ ਨੇ ਕਾਂਗਰਸ ਨੂੰ ‘ਭ੍ਰਿਸ਼ਟਾਚਾਰ ਦੀ ਬੇਨਾਮੀ ਪ੍ਰਾਪਰਟੀ’ ਕਰਾਰ ਦਿੰਦੇ ਹੋਏ ਦਾਅਵਾ ਕੀਤਾ ਕਿ ਸਪਾ ਇਸ ਦੀ ‘ਕਿਰਾਏਦਾਰ’ ਅਤੇ ਬਸਪਾ ਬਾਹੂਬਲੀਆਂ ਅਤੇ ਬੇਈਮਾਨਾਂ ਦਾ ‘ਬਸੇਰਾ’ ਬਣ ਗਈ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਭਾਜਪਾ ਉੱਤਰ ਪ੍ਰਦੇਸ਼ ਨੂੰ ‘ਮਾਫੀਆਰਾਜ, ਗੁੰਡਾਰਾਜ ਅਤੇ ਭ੍ਰਿਸ਼ਟਾਚਾਰ ਦੇ ਗੱਠਜੋੜ’ ਦੇ ਚੁੰਗਲ ਤੋਂ ਮੁਕਤ ਕਰਵਾਏਗੀ।
ਨਕਵੀ ਨੇ ਕਿਹਾ ਕਿ ਸਿਰਫ ਭਾਜਪਾ ਹੀ ਉੱਤਰ ਪ੍ਰਦੇਸ਼ ਨੂੰ ਤਰੱਕੀ ਅਤੇ ਖੁਸ਼ਹਾਲੀ ਦੇ ਰਸਤੇ ‘ਤੇ ਲਿਜਾ ਸਕਦੀ ਹੈ। ਕਾਂਗਰਸ ਤੇ ਸਪਾ ‘ਤੇ ਨਿਸ਼ਾਨਾ ਲਗਾਉਂਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਅਜਿਹੇ ਲੋਕ ਜੋ ਚੋਣਾਂ ਦੇ ਐਲਾਨ ਹੋਣ ਤੋਂ ਠੀਕ ਪਹਿਲਾਂ ਤਕ ਸਵੇਰੇ-ਸ਼ਾਮ ਇਕ-ਦੂਜੇ ਨੂੰ ਕੋਸਦੇ ਸਨ, ਇਕ-ਦੂਸਰੇ ਨੂੰ ਸੂਬੇ ਦੀ ਬਦਹਾਲੀ ਲਈ ਜ਼ਿੰਮੇਵਾਰ ਠਹਿਰਾਉਂਦੇ ਸਨ, ਉਹੀ ਲੋਕ ਅੱਜ ਇਕੱਠੇ ਹੋ ਗਏ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਹਕੀਕਤ ਇਹ ਹੈ ਕਿ ਇਨ੍ਹਾਂ ਪਾਰਟੀਆਂ ਨੂੰ ਆਪਣੀ ਜ਼ਮੀਨ ਖਿਸਕਦੀ ਦਿਸ ਰਹੀ ਹੈ। ਕਿਸੇ ਦਾ ਸਾਈਕਲ ਪੰਕਚਰ ਹੋ ਗਿਆ ਹੈ, ਕੋਈ ਪੰਕਚਰ ਸਾਈਕਲ ਦਾ ਹੈਂਡਲ ਫੜ ਕੇ ਆਪਣੀ ਡੁੱਬਦੀ ਬੇੜੀ ਨੂੰ ਪਾਰ ਲਗਾਉਣਾ ਚਾਹੁੰਦਾ ਹੈ।















