ਅੱਜ ਦੇ ਸਮੇਂ ‘ਤੇ ਮੋਟਾਪਾ ਇੱਕ ਵੱਡੀ ਸਮੱਸਿਆ ਬਣਦਾ ਜਾ ਰਿਹਾ ਹੈ ਜੋ ਕਈ ਬੀਮਾਰੀਆਂ ਨੂੰ ਵੀ ਆਪਣੇ ਨਾਲ ਲਿਆਉਾਂਦਾ ਹੈ। ਅਜਿਹੇ ‘ਚ ਹਰ ਕਿਸੇ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਉਹ ਆਪਣਾ ਭਾਰ ਕੰਟਰੋਲ ‘ਚ ਰੱਖੇ। ਪਿਛਲੇ ਕੁੱਝ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਭਾਰ ਘਟਾਉਣ, ਸਹੀ ਸ਼ਰੀਰਕ ਭਾਰ ਬਰਕਰਾਰ ਰੱਖਣ, ਸਿਹਤਮੰਦ ਰਹਿਣ ਸਮੇਤ ਕਈ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ 9-1 ਰੂਲ ਕਾਫ਼ੀ ਮਸ਼ਹੂਰ ਹੋ ਰਿਹਾ ਹੈ। ਆਓ ਜਾਣਦੇ ਹਾਂ ਕਿ 9-1 ਰੂਲ ਕੀ ਹੈ ਅਤੇ ਸ਼ਰੀਰ ਨੂੰ ਇਸ ਤੋਂ ਕੀ-ਕੀ ਫ਼ਾਇਦੇ ਹੋ ਸਕਦੇ ਹਨ।
ਰੂਲ ਨੰਬਰ 9: ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ ਇਥੇ 9 ਦਾ ਮਤਲਬ ਰੋਜ਼ ਦੇ 9 ਹਜ਼ਾਰ ਸਟੈੱਪਸ ਤੋਂ ਹੈ। ਯਾਨੀ ਤੁਹਾਨੂੰ ਫ਼ਿੱਟ ਰਹਿਣ ਲਈ ਹਰ ਦਿਨ 9 ਹਜ਼ਾਰ ਸਟੈੱਪਸ ਪੂਰੇ ਕਰਨੇ ਪੈਣਗੇ। ਰਿਸਰਚ ਮੁਤਾਬਿਕ ਇੱਕ ਵਿਅਕਤੀ ਨੂੰ ਫ਼ਿੱਟ ਰਹਿਣ ਲਈ ਘੱਟ ਤੋਂ ਘੱਟ 9 ਹਜ਼ਾਰ ਸਟੈੱਪਸ ਜ਼ਰੂਰ ਚੱਲਣੇ ਚਾਹੀਦੇ ਹਨ। ਇਸ ਨਾਲ 250 ਤੋਂ 350 ਕੈਲਰੀਜ਼ ਬਰਨ ਹੁੰਦੀਆਂ ਹਨ। ਇਨ੍ਹਾਂ ਸਟੈੱਪਸ ਨੂੰ ਤੁਸੀਂ ਪੂਰੇ ਦਿਨ ‘ਚ ਕਦੇ ਵੀ ਪੂਰਾ ਕਰ ਸਕਦੇ ਹੋ।
ਰੂਲ ਨੰਬਰ 8: 8 ਦਾ ਮਤਲਬ ਹੈ 8 ਗਿਲਾਸ ਪਾਣੀ। ਭਾਰ ਬਰਕਰਾਰ ਰੱਖਣ ਲਈ ਹਾਈਡ੍ਰੇਸ਼ਨ ਬਹੁਤ ਜ਼ਰੂਰੀ ਹੈ। ਹਰ ਦਿਨ ਘੱਟ ਤੋਂ ਘੱਟ 8 ਗਿਲਾਸ ਪਾਣੀ ਪੀਓ। ਇਸ ਨਾਲ ਤੁਹਾਡੇ ਸ਼ਰੀਰ ਦੇ ਅੰਗ ਚੰਗੀ ਤਰ੍ਹਾਂ ਨਾਲ ਕੰਮ ਕਰਨਗੇ ਤੇ ਭਾਰ ਘਟਾਉਣ ‘ਚ ਵੀ ਮਦਦ ਮਿਲੇਗੀ।
ਰੂਲ ਨੰਬਰ 7: 7 ਦਾ ਮਤਲਬ 7 ਘੰਟਿਆਂ ਦੀ ਨੀਂਦ ਤੋਂ ਹੈ। ਭਾਰ ਬਰਕਰਾਰ ਰੱਖਣ ਲਈ ਇੱਕ ਵਿਅਕਤੀ ਨੂੰ ਘੱਟ ਤੋਂ ਘੱਟ 7 ਘੰਟੇ ਸੌਣਾ ਚਾਹੀਦਾ ਹੈ ਜਿਸ ਨਾਲ ਪੂਰਾ ਦਿਨ ਤੁਹਾਡਾ ਐਨਰਜੀ ਨਾਲ ਭਰਪੂਰ ਜਾਵੇਗਾ।
ਰੂਲ ਨੰਬਰ 6: 6 ਦਾ ਮਤਲਬ ਹੈ 6 ਮਿੰਟ ਦੀ ਮੈਡੀਟੇਸ਼ਨ। ਦਿਨ ‘ਚ ਇੱਕ ਸਮੇਂ ਕੀਤੀ 6 ਮਿੰਟ ਦੀ ਮੈਡੀਟੇਸ਼ਨ ਤੁਹਾਡਾ ਦਿਮਾਗ਼ ਸ਼ਾਂਤ ਰੱਖਣ ਅਤੇ ਤੁਹਾਨੂੰ ਤਨਾਅ ਮੁਕਤ ਕਰਨ ‘ਚ ਮਦਦ ਕਰਦੀ ਹੈ। ਸਵੇਰੇ ਕੀਤੀ ਮੈਡੀਟੇਸ਼ਨ ਸਭ ਤੋਂ ਚੰਗਾ ਨਤੀਜਾ ਦਿੰਦੀ ਹੈ।
ਰੂਲ ਨੰਬਰ 5: 5 ਦਾ ਮਤਲਬ ਹਰ ਰੋਜ਼ 5 ਤਰ੍ਹਾਂ ਦੇ ਫ਼ਲਾਂ ਅਤੇ ਸਬਜ਼ੀਆਂ ਖਾਣ ਤੋਂ ਹੈ। ਤੁਹਾਨੂੰ ਦਿਨ ‘ਚ ਘੱਟ ਤੋਂ ਘੱਟ 2 ਸਰਵਿੰਗਸ ਫ਼ਲਾਂ ਦੀਆਂ ਤੇ 3 ਸਰਵਿੰਗਸ ਸਬਜ਼ੀਆਂ ਦੀਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਜਾਂਦਾ ਹੈ।
ਰੂਲ ਨੰਬਰ 4: 4 ਦਾ ਮਤਲਬ ਹੈ ਕਿ ਤੁਹਾਨੂੰ ਆਪਣੇ ਕੰਮਕਾਜ ਦੇ 8 ਘੰਟਿਆਂ ‘ਚ ਘੱਟ ਤੋਂ ਘੱਟ 4 ਛੋਟੀਆਂ-ਛੋਟੀਆਂ ਬ੍ਰੇਕਸ ਲੈਣੀਆਂ ਚਾਹੀਦੀਆਂ ਹਨ। ਸ਼ੌਰਟ ਬ੍ਰੇਕਸ ਤੁਹਾਡੀ ਕੰਮਕਾਜੀ ਸਮਰੱਥਾ ਨੂੰ ਵਧਾਉਂਦੀਆਂ ਹਨ। ਤੁਸੀਂ ਕੌਫ਼ੀ-ਚਾਹ ਦੀ ਬ੍ਰੇਕ ਜਾਂ ਸੀਟ ‘ਤੇ ਹੀ ਬੈਠੇ-ਬੈਠੇ ਸਟ੍ਰੈੱਚਿੰਗ ਕਰ ਸਕਦੇ ਹੋ। ਇਸ ਨਾਲ ਤੁਹਾਡੀ ਮਾਨਸਿਕ ਸਿਹਤ ਚੰਗੀ ਰਹੇਗੀ।
ਰੂਲ ਨੰਬਰ 3: 3 ਦਾ ਮਤਲਬ ਹੈ ਦਿਨ ‘ਚ 3 ਸਿਹਤਮੰਦ ਭੋਜਨ। ਸਵੇਰ, ਦੁਪਹਿਰ ਅਤੇ ਰਾਤ ਦੇ ਖਾਣੇ ਨੂੰ ਕਦੇ ਵੀ ਨਾ ਛੱਡੋ ਕਿਉਂਕਿ ਇਸ ਨਾਲ ਤੁਸੀਂ ਬੇਵਕਤੀ ਜ਼ਿਆਦਾ ਖਾਣ ਲੱਗਦੇ ਹੋ। ਤੁਹਾਡੇ ਇਹ 3 ਭੋਜਨ ਪੂਰੀ ਤਰ੍ਹਾਂ ਨਾਲ ਸਿਹਤਮੰਦ ਤੇ ਪੋਸ਼ਣ ਨਾਲ ਭਰਪੂਰ ਹੋਣੇ ਚਾਹੀਦੇ ਹਨ।
ਰੂਲ ਨੰਬਰ 2: 2 ਦਾ ਮਤਲਬ ਹੈ ਕਿ ਤੁਹਾਡੇ ਸੌਣ ਅਤੇ ਰਾਤ ਦੇ ਖਾਣੇ ਵਿਚਾਲੇ 2 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਹੈ। ਭਾਰ ਘਟਾਉਣ ਅਤੇ ਸਿਹਤਮੰਦ ਰਹਿਣ ਲਈ ਰਾਤ ਨੂੰ ਜਲਦੀ ਭੋਜਨ ਕਰਨਾ ਜ਼ਰੂਰੀ ਹੈ।
ਰੂਲ ਨੰਬਰ 1: 1 ਦਾ ਮਤਲਬ ਰੋਜ਼ਾਨਾ ਕੋਈ ਵੀ ਇੱਕ ਸ਼ਰੀਰਕ ਕਸਰਤ ਕਰਨ ਤੋਂ ਹੈ। ਇਸ ‘ਚ ਵਾਕਿੰਗ, ਜੌਗਿੰਗ, ਰਨਿੰਗ ਜਾਂ ਕੋਈ ਹੋਰ ਸ਼ਰੀਰਕ ਕਸਰਤ ਸ਼ਾਮਿਲ ਹੋ ਸਕਦੀ ਹੈ।










