ਭਾਰਤ ਵਿਸ਼ਵ ਟੈੱਸਟ ਚੈਂਪੀਅਨਸ਼ਿਪ ‘ਚ ਹੁਣ ਹੈ ਨੰਬਰ ਵਨ

ਦੁਬਈ – ਆਸਟਰੇਲੀਆ ਖ਼ਿਲਾਫ਼ ਗਾਬਾ ਮੈਦਾਨ ‘ਤੇ ਚੌਥੇ ਟੈੱਸਟ ‘ਚ 3 ਵਿਕਟਾਂ ਦੀ ਰੋਮਾਂਚਕ ਜਿੱਤ ਨਾਲ ਸੀਰੀਜ਼ 2-1 ਨਾਲ ਆਪਣੇ ਨਾਮ ਕਰਨ ਵਾਲੀ ਭਾਰਤੀ ਟੀਮ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵਿਸ਼ਵ ਟੈੱਸਟ ਚੈਂਪੀਅਨਸ਼ਿਪ (WTC) ਦੀ ਸੂਚੀ ‘ਚ ਸਿਖਰ ‘ਤੇ ਪਹੁੰਚ ਗਈ ਹੈ। ਇਸ ਜਿੱਤ ਨਾਲ ਭਾਰਤੀ ਟੀਮ ਦੇ 430 ਅੰਕ ਹੋ ਗਏ ਹਨ ਜੋ ਨਿਊ ਜ਼ੀਲੈਂਡ (420) ਅਤੇ ਆਸਟਰੇਲੀਆ (332) ਤੋਂ ਜ਼ਿਆਦਾ ਹਨ।
ICC ਨੇ ਟਵੀਟ ਕੀਤਾ, ”ਗਾਬਾ ‘ਚ ਸਖ਼ਤ ਮੁਕਾਬਲੇ ਮਗਰੋਂ ਮਿਲੀ ਜਿੱਤ ਦੇ ਬਾਅਦ ਭਾਰਤ ICC ਵਿਸ਼ਵ ਟੈੱਸਟ ਚੈਂਪੀਅਨਸ਼ਿਪ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਐ, ਅਤੇ ਆਸਟਰੇਲੀਆ ਤੀਜੇ ਸਥਾਨ ‘ਤੇ ਖ਼ਿਸਕ ਗਿਆ ਹੈ।” ਭਾਰਤ ਨੇ WTC ਸ਼ੁਰੂ ਹੋਣ ਤੋਂ ਬਾਅਦ 13 ਮੈਚ ਖੇਡੇ ਹਨ। ਇਸ ‘ਚ ਟੀਮ ਨੇ ਕੁੱਲ ਅੰਕਾਂ ‘ਚੋਂ 71.1 ਫ਼ੀਸਦੀ ਅੰਕ ਹਾਸਿਲ ਕੀਤੇ ਹਨ। ਭਾਰਤ-ਆਸਟਰੇਲੀਆ ਟੈੱਸਟ ਸੀਰੀਜ਼ ਤੋਂ ਬਾਅਦ ਇੰਗਲੈਂਡ ਅਤੇ ਦੱਖਣੀ ਅਫ਼ਰੀਕਾ ਕਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਚਲੇ ਗਏ ਹਨ। ICC ਟੈੱਸਟ ਰੈਂਕਿੰਗ ‘ਚ ਵੀ ਭਾਰਤੀ ਟੀਮ ਆਸਟਰੇਲੀਆ ਨੂੰ ਹਟਾ ਕੇ ਦੂਜੇ ਸਥਾਨ ‘ਤੇ ਪਹੁੰਚ ਗਈ ਹੈ। ਨਿਊ ਜ਼ੀਲੈਂਡ 118.44 ਰੇਟਿੰਗ ਅੰਕ ਨਾਲ ਸਿਖਰ ‘ਤੇ ਹੈ। ਭਾਰਤ (117.65) ਅਤੇ ਆਸਟਰੇਲੀਆ (113) ਕਰਮਵਾਰ ਦੂਜੇ ਅਤੇ ਤੀਜੇ ਸਥਾਨ ‘ਤੇ ਹਨ।
ਵਰਣਨਯੋਗ ਹੈ ਕਿ ਟੈੱਸਟ ਚੈਂਪੀਅਨਸ਼ਿਪ ਸੂਚੀ ਅਤੇ ਟੈੱਸਟ ਰੈਂਕਿੰਗ ‘ਚ ਫ਼ਰਕ ਹੁੰਦੈ। ਰੈਂਕਿੰਗ ‘ਚ ਭਾਰਤ ਅਤੇ ਨਿਊ ਜ਼ੀਲੈਂਡ ਦੋਹਾਂ ਦੇ 118 ਅੰਕ ਹਨ ਪਰ ਨਿਊ ਜ਼ੀਲੈਂਡ ਨੇ ਭਾਰਤ ਤੋਂ ਘੱਟ ਮੈਚ (27) ਖੇਡੇ ਹਨ।