ਭਾਰਤ-ਪਾਕਿ ਬਾਰਡਰ ‘ਤੇ BSF ਦੀ ਵੱਡੀ ਕਾਰਵਾਈ! ਅੰਮ੍ਰਿਤਸਰ ‘ਚ ਘੁਸਪੈਠੀਏ ਨੂੰ ਕੀਤਾ ਢੇਰ

ਅੰਮ੍ਰਿਤਸਰ – ਅੰਮ੍ਰਿਤਸਰ ਵਿਖੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਬੀ. ਐੱਸ. ਐੱਫ਼. ਦੀ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਭਾਰਤ-ਪਾਕਿਸਤਾਨ ਸਰਹੱਦ ‘ਤੇ ਨੇ ਬੀ. ਐੱਸ. ਐੱਫ਼. ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਇਕ ਘੁਸਪੈਠੀਆ ਢੇਰ ਕਰ ਦਿੱਤਾ। ਇਹ ਕਾਰਵਾਈ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ‘ਚ ਦੇਰ ਰਾਤ ਕੀਤੀ ਗਈ।
ਜਾਣਕਾਰੀ ਮੁਤਾਬਕ 81 ਬਟਾਲੀਅਨ ਦੇ ਜਵਾਨਾਂ ਨੇ BOP ਦਾਓਕੇ, ਥਾਣਾ ਘਰਿੰਡਾ, ਅੰਮ੍ਰਿਤਸਰ ਦੇ ਇਲਾਕੇ ‘ਚ ਬਾਰਡਰ ਫੈਂਸ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਸ਼ੱਕੀ ਗਤੀਵਿਧੀ ਵੇਖੀ, ਜੋਕਿ ਪਾਕਿਸਤਾਨ ਵੱਲ ਜਾ ਰਿਹਾ ਸੀ। ਬੀ. ਐੱਸ. ਐੱਫ਼. ਦੇ ਜਵਾਨਾਂ ਨੇ ਉਸ ਨੂੰ ਰੁਕਣ ਲਈ ਚਿਤਾਵਨੀ ਵੀ ਦਿੱਤੀ ਪਰ ਚਿਤਾਵਨੀ ਦੇ ਬਾਵਜੂਦ ਉਹ ਲਗਾਤਾਰ ਬਾਰਡਰ ਫੈਂਸ ਵੱਲ ਵਧਦਾ ਰਿਹਾ। ਖ਼ਤਰੇ ਨੂੰ ਵੇਖਦੇ ਜਵਾਨਾਂ ਨੇ ਫਾਇਰਿੰਗ ਕੀਤੀ, ਜਿਸ ‘ਚ ਸ਼ੱਕੀ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਤੋਂ ਇਲਾਵਾ ਉਹ ਸਰਹੱਦ ਪਾਰ ਜਾਣ ਦੀ ਕੋਸ਼ਿਸ਼ ਕਿਉਂ ਕਰ ਰਿਹਾ ਸੀ, ਇਸ ਬਾਰੇ ਵੀ ਜਾਂਚ ਕੀਤੀ ਜਾ ਰਹੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਕੋਲੋਂ ਤੰਬਾਕੂ ਦਾ ਇਕ ਪੈਕੇਟ ਮਿਲਣ ਦੀ ਜਾਣਕਾਰੀ ਸਾਹਮਣੇ ਆਈ ਹੈ। ਵਿਅਕਤੀ ਦੀ ਲਾਸ਼ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ‘ਚ ਰੱਖਿਆ ਗਿਆ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮ੍ਰਿਤਕ ਦੀ ਪਛਾਣ ਤੇ ਸਰਹੱਦ ਪਾਰ ਜਾਣ ਦੇ ਅਸਲ ਮਕਸਦ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।