‘ਬਾਹੂਬਲੀ ਵਾਂਗ ਵਿਵਹਾਰ ਕਰਨਾ ਬੰਦ ਕਰੋ’, ਸੁਪਰੀਮ ਕੋਰਟ ਨੇ ਬਿਹਾਰ ਦੇ ਨਿਆਂਇਕ ਅਧਿਕਾਰੀ ਨੂੰ ਪਾਈ ਝਾੜ

ਨਵੀਂ ਦਿੱਲੀ – ਐੱਫ. ਆਈ. ਆਰ. ਦਰਜ ਕਰਨ ਦੇ ਹੁਕਮਾਂ ਦੀ ਪਾਲਣਾ ਨਾ ਕਰਨ ’ਤੇ ਇਕ ਪੁਲਸ ਸੁਪਰਡੈਂਟ (ਐੱਸ. ਪੀ.) ਨੂੰ ਦੋਸ਼ੀ ਠਹਿਰਾਉਣ ਅਤੇ ਉਸ ’ਤੇ ਜੁਰਮਾਨਾ ਲਾਉਣ ਵਾਲੇ ਬਿਹਾਰ ਦੇ ਨਿਆਂਇਕ ਅਧਿਕਾਰੀ ਨੂੰ ਸੋਮਵਾਰ ਨੂੰ ਝਾੜ ਪਾਉਂਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ‘ਬਾਹੂਬਲੀ ਵਾਂਗ ਵਿਵਹਾਰ ਕਰਨਾ ਬੰਦ ਕਰੋ।’ ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਬਿਹਾਰ ਦੇ ਜੱਜ ਅਨਿਲ ਕੁਮਾਰ ਦੇ ਆਚਰਣ ’ਤੇ ਸਵਾਲ ਉਠਾਏ ਅਤੇ ਕਿਹਾ ਕਿ ਕਾਨੂੰਨ ਬਾਰੇ ਉਨ੍ਹਾਂ ਦੀ ਸਮਝ ਬੇਹੱਦ ਹੈਰਾਨ ਕਰਨ ਵਾਲੀ ਹੈ।
ਜਸਟਿਸ ਬਾਗਚੀ ਨੇ ਜ਼ੁਬਾਨੀ ਟਿੱਪਣੀ ਕਰਦਿਆਂ ਕਿਹਾ, ‘‘ਕਾਨੂੰਨ ਬਾਰੇ ਤੁਹਾਡੀ ਸਮਝ ਤੋਂ ਅਸੀਂ ਸੱਚਮੁੱਚ ਹੈਰਾਨ ਹਾਂ। ਤੁਹਾਨੂੰ ਪਹਿਲਾਂ ਬੀ. ਐੱਨ. ਐੱਸ. ਐੱਸ. ਦੀ ਧਾਰਾ 384 ਅਤੇ ਸੀ. ਆਰ. ਪੀ. ਸੀ. ਦੀ ਧਾਰਾ 345 ਦੇ ਦਾਇਰੇ ਅਤੇ ਵਿਆਪਕਤਾ ਨੂੰ ਸਮਝਣਾ ਚਾਹੀਦਾ ਹੈ। ਜੇਕਰ ਕੋਈ ਕਿਸੇ ਨੂੰ ਥੱਪੜ ਮਾਰਦਾ ਹੈ ਜਾਂ ਅਦਾਲਤ ’ਚ ਗਾਲੀ-ਗਲੋਚ ਕਰਦਾ ਹੈ ਜਾਂ ਹੁਕਮ ਦਿੱਤੇ ਜਾਣ ਦੇ ਬਾਵਜੂਦ ਅਦਾਲਤੀ ਕਮਰੇ ਤੋਂ ਬਾਹਰ ਜਾਣ ਤੋਂ ਇਨਕਾਰ ਕਰਦਾ ਹੈ ਤਾਂ ਇਹ ਅਦਾਲਤ ਦੇ ਸਾਹਮਣੇ ਕੀਤਾ ਗਿਆ ਅਪਰਾਧ ਹੈ। ਪਰ ਜੇਕਰ ਅਸੀਂ ਕਿਸੇ ਨੂੰ ਐੱਫ. ਆਈ. ਆਰ. ਦਰਜ ਕਰਨ ਦਾ ਹੁਕਮ ਦਿੰਦੇ ਹਾਂ ਅਤੇ ਉਹ ਅਜਿਹਾ ਨਹੀਂ ਕਰਦਾ ਤਾਂ ਇਹ ਅਦਾਲਤ ਦੇ ਸਾਹਮਣੇ ਕੀਤਾ ਗਿਆ ਅਪਰਾਧ ਨਹੀਂ ਹੈ।’’ ਉਨ੍ਹਾਂ ਕਿਹਾ, ‘‘ਤੁਸੀਂ ਇੰਨਾ ਹਮਲਾਵਰ ਰੁਖ਼ ਵੀ ਅਪਣਾਇਆ, ਸੁਪਰਡੈਂਟ ਨੂੰ ਫੋਨ ਕੀਤਾ ਅਤੇ ਉਸੇ ਦਿਨ ਉਸ ਨੂੰ ਦੋਸ਼ੀ ਠਹਿਰਾਅ ਦਿੱਤਾ।’’