ਨਵੀਂ ਦਿੱਲੀਂ ਭਾਰਤ ਖਿਲਾਫ਼ ਜਾਵੇਦ ਮਿਆਂਦਾਦ ਦੀ ਟਿੱਪਣੀ ‘ਤੇ ਬੀ. ਸੀ. ਸੀ. ਆਈ. ਪ੍ਰਧਾਨ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦਾ ਇਹ ਸਾਬਕਾ ਕ੍ਰਿਕਟ ਕਪਤਾਨ ਲੜਾਈ ਦੇ ਮੈਦਾਨ ਅਤੇ ਕ੍ਰਿਕਟ ਦੇ ਮੈਦਾਨ ‘ਤੇ ਆਪਣੇ ਦੇਸ਼ ਦੇ ਹਾਰ ਅਤੇ ਜਿੱਤ ਦੇ ਰਿਕਾਰਡ ਨਾਲ ਹੁਣ ਤੱਕ ਸਦਮੇ ‘ਚ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਜਾ ਕੇ ਭਾਰਤ ਦੇ ਸਰਜੀਕਲ ਸਟਰਾਈਕ ਤੋਂ ਬਾਅਦ ਮਿਆਂਦਾਦ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਖਿਲਾਫ਼ ਜੰਗ ਲਈ ਪੂਰੀ ਤਰ੍ਹਾਂ ਤਿਆਰ ਹੈ।
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਠਾਕੁਰ ਨੇ ਕਿਹਾ, ”ਪਾਕਿਸਤਾਨ ਹੁਣ ਤੱਕ 1965, 1971 ਅਤੇ ਕਾਰਗਿਲ ਦੀ ਲੜਾਈ ‘ਚ ਭਾਰਤ ਹੱਥੋਂ ਲੱਗੇ ਸਦਮੇ ਤੋਂ ਉਭਰ ਨਹੀਂ ਸਕਿਆ। ਮਿਆਂਦਾਦ ਨਾਲ ਵੀ ਅਜਿਹਾ ਹੀ ਹੈ, ਜੋ ਵਿਸ਼ਵ ਕੱਪ ਇਤਿਹਾਸ ‘ਚ ਇੱਕ ਵਾਰ ਵੀ ਭਾਰਤ ਨੂੰ ਨਾ ਹਰਾ ਸਕਣ ਨਾਲ ਸਦਮੇ ‘ਚ ਹੈ। ਜੇਕਰ ਜ਼ਰੂਰਤ ਪਈ ਤਾਂ ਭਾਰਤ ਇੱਕ ਵਾਰ ਫ਼ਿਰ ਪਾਕਿਸਤਾਨ ਨੂੰ ਧੂਲ ਚਟਾਉਣ ਲਈ ਤਿਆਰ ਹੈ, ਫ਼ਿਰ ਭਾਵੇਂ ਲੜਾਈ ਦਾ ਮੈਦਾਨ ਹੋਵੇ ਜਾਂ ਕ੍ਰਿਕਟ ਦਾ ਮੈਦਾਨ।” ਠਾਕੁਰ ਨੇ ਕਿਹਾ, ”ਮਿਆਂਦਾਦ ਜੇਕਰ ਆਪਣੇ ਲੋਕਾਂ ਨੂੰ ਲੈ ਕੇ ਇੰਨਾ ਸੁਨਿਸ਼ਚਿਤ ਹੈ ਤਾਂ ਉਸ ਨੂੰ ਦਾਉਦ ਨੂੰ ਭਾਰਤ ਵਾਪਸ ਆਉਣ ਲਈ ਕਹਿਣਾ ਚਾਹੀਦਾ ਹੈ। ਅਸੀਂ ਹਮੇਸ਼ਾ ਪਾਕਿਸਤਾਨ ਨੂੰ ਹਰਾਇਆ ਹੈ ਅਤੇ ਭਵਿੱਖ ‘ਚ ਦੁਬਾਰਾ ਅਜਿਹਾ ਕਰਾਂਗੇ।” ਬੀ. ਸੀ. ਸੀ. ਆਈ. ਮੁੱਖੀ ਪਹਿਲਾਂ ਹੀ ਮੌਜੂਦਾ ਹਲਾਤਾਂ ‘ਚ ਪਾਕਿਸਤਾਨ ਨਾਲ ਕ੍ਰਿਕਟ ਸੰਬੰਧ ਫ਼ਿਰ ਤੋਂ ਸ਼ੁਰੂ ਕਰਨ ਤੋਂ ਇਨਕਾਰ ਕਰ ਚੁੱਕੇ ਹਨ॥












