ਨਵੀਂ ਦਿੱਲੀ – ਭਾਰਤ ਤੇ ਪਾਕਿਸਤਾਨ ਵਿਚਾਲੇ ਰਾਜਨੀਤਕ ਤਨਾਅ ਕਾਰਨ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਤੋਂ ਖੋਹ ਕੇ ਸੰਯੁਕਤ ਅਰਬ ਅਮੀਰਾਤ (UAE) ਨੂੰ ਦੇ ਦਿੱਤੀ ਗਈ ਹੈ। ਟੂਰਨਾਮੈਂਟ ਸੰਭਾਵਿਤ 13 ਤੋਂ 28 ਸਤੰਬਰ ਤਕ ਹੋਵੇਗਾ। ਭਾਰਤ ਤੋਂ ਮੇਜ਼ਬਾਨੀ ਵਾਪਿਸ ਲਏ ਜਾਣ ਦੇ ਪਿੱਛੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਰਾਜਨੀਤਕ ਤਨਾਅ ਨੂੰ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਏਸ਼ੀਆਈ ਕ੍ਰਿਕਟ ਪ੍ਰੀਸ਼ਦ (ACC) ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਖੀ ਨਜਮ ਸੇਠੀ ਨੇ ਕ੍ਰਿਕਇਨਫ਼ੋ ਨੂੰ ਕਿਹਾ, ”ACC ਨੇ ਇਸ ਮੁੱਦੇ ‘ਤੇ ਕਾਫ਼ੀ ਵਿਚਾਰ-ਵਟਾਂਦਰਾ ਕੀਤਾ ਅਤੇ ਫ਼ੈਸਲਾ ਕੀਤਾ ਕਿ ਇਸ ਮੁੱਦੇ ਦਾ ਇਹੀ ਸਰਵਸ੍ਰੇਸ਼ਠ ਹੱਲ ਹੈ।”
ਇਸ ਤੋਂ ਇਲਾਵਾ 2018 ਦੇ ਐਮਰਜਿੰਗ ਟੀਮ ਏਸ਼ੀਆ ਕੱਪ ਦੀ ਸਾਂਝੇ ਤੌਰ ‘ਤੇ ਮੇਜ਼ਬਾਨੀ ਪਾਕਿਸਤਾਨ ਅਤੇ ਸ਼੍ਰੀਲੰਕਾ ਰਾਹੀਂ ਕੀਤੀ ਜਾਵੇਗੀ। ਇਹ ਟੂਰਨਾਮੈਂਟ ਮੂਲ ਤੌਰ ‘ਤੇ ਅਪ੍ਰੈਲ ‘ਚ ਹੋਣਾ ਸੀ, ਪਰ ਹੁਣ ਇਸ ਨੂੰ ਅੱਗੇ ਖਿਸਕਾ ਕੇ ਦਸੰਬਰ ‘ਚ ਲਿਜਾਇਆ ਗਿਆ ਹੈ। ACC ਦੀ ਸਾਲਾਨਾ ਮੀਟਿੰਗ ਦੀ ਅਗਲੀ ਮੇਜ਼ਬਾਨੀ ਪਾਕਿਸਤਾਨ ਮੇਜ਼ਬਾਨੀ ਕਰੇਗਾ ਜਿਹੜੀ ਇਸ ਸਾਲ ਤੋਂ ਬਾਅਦ ਹੋਵੇਗੀ। ਇਸ ਸਾਲ ਦੇ ਏਸ਼ੀਆ ਕੱਪ ‘ਚ ਪੂਰਨ ਮੈਂਬਰ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਹਿੱਸਾ ਲੈਣਗੇ ਜਦਕਿ ਛੇਵੀਂ ਟੀਮ ਦਾ ਫ਼ੈਸਲਾ UAE, ਹੌਂਗਕੌਂਗ, ਨੇਪਾਲ, ਸਿੰਗਾਪੁਰ, ਮਲੇਸ਼ੀਆ ਅਤੇ ਓਮਾਨ ਦੇ ਵਿਚਾਲੇ ਪਲੇਅ ਔਫ਼ ਤੋਂ ਬਾਅਦ ਲਿਆ ਜਾਵੇਗਾ। ਇਹ ਏਸ਼ੀਆ ਕੱਪ ਦਾ 14ਵਾਂ ਸੈਸ਼ਨ ਹੋਵੇਗਾ। ਪਹਿਲਾਂ 12 ਟੂਰਨਾਮੈਂਟ ਇੱਕ ਦਿਨਾ ਫ਼ੌਰਮੈੱਟ ‘ਚ ਖੇਡੇ ਗਏ ਸਨ ਜਦਕਿ 2016 ‘ਚ ਹੋਇਆ ਪਿਛਲਾ ਏਸ਼ੀਆ ਕੱਪ ਟੀ-20 ਫ਼ੌਰਮੈੱਟ ‘ਚ ਖੇਡਿਆ ਗਿਆ ਸੀ ਜਿਸ ‘ਚ ਭਾਰਤ ਨੇ ਫ਼ਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਖਿਖਤਾਬ ਜਿੱਤਿਆ ਸੀ।












