ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਸੋਨ ਤਮਗ਼ਾ

ਗੋਲਡ ਕੋਸਟ – ਹੀਨਾ ਸਿੱਧੂ ਨੇ ਰਾਸ਼ਟਰਮੰਡਲ ਖੇਡਾਂ 2018 ‘ਚ ਮਹਿਲਾਵਾਂ ਦੀ 25 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਨਵੇਂ ਰਾਸ਼ਟਰਮੰਡਲ ਰਿਕਾਰਡ ਦੇ ਨਾਲ ਸੋਨੇ ਦਾ ਤਮਗ਼ਾ ਜਿੱਤ ਕੇ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਤੀਜਾ ਸੋਨ ਤਮਗਾ ਦਿਵਾਇਆ। ਹੀਨਾ ਦਾ ਫ਼ਾਈਨਲ ਸਕੋਰ 38 ਰਿਹਾ ਜਿਸ ‘ਚ ਦੋ ਸੀਰੀਜ਼ ‘ਚ ਉਸ ਨੇ ਪਰਫ਼ੈੱਕਟ ਪੰਜ ਦਾ ਸਕੋਰ ਬਣਾਇਆ।
ਆਸਟਰੇਲੀਆ ਦੀ ਐਲੇਨਾ ਗਾਲੀਆਬੋਵਿਚ ਦੂਜੇ ਸਥਾਨ ‘ਤੇ ਰਹੀ। ਹੀਨਾ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ‘ਚ ਚਾਂਦੀ ਦਾ ਤਮਗ਼ਾ ਵੀ ਜਿੱਤਿਆ ਸੀ ਜਿਸ ‘ਚ ਮਨੂ ਭਾਕਰ ਨੂੰ ਸੋਨ ਤਮਗ਼ਾ ਮਿਲਿਆ ਸੀ। ਇਸ ਤੋਂ ਪਹਿਲਾਂ ਸਾਬਕਾ ਚਾਂਦੀ ਦਾ ਤਮਗ਼ਾ ਜੇਤੂ ਗਗਨ ਨਾਰੰਗ ਪੁਰਸ਼ਾਂ ਦੇ 50 ਮੀਟਰ ਰਾਈਫ਼ਲ ਪ੍ਰੋਨ ‘ਚ ਸਤਵੇਂ ਅਤੇ ਪਹਿਲੀ ਵਾਰ ਇਨ੍ਹਾਂ ਖੇਡਾਂ ‘ਚ ਉਤਰੇ ਚੈਨ ਸਿੰਘ ਚੌਥੇ ਸਥਾਨ ‘ਤੇ ਰਹੇ।