ਭਾਰਤ ਤੇ ਪਾਕਿਸਤਾਨ ਵਿੱਚਾਲੇ ਕ੍ਰਿਕਟ ਲੜੀ ਦੀਆਂ ਸੰਭਾਵਨਾਵਾਂ ‘ਤੇ ਖਤਰੇ ਦੇ ਬੱਦਲ ਮੰਡਰਾਉਣ ਤੋਂ ਬਾਅਦ ਪਾਕਿਸਤਾਨ ਨੇ ਅਗਲੇ ਮਹੀਨੇ ਭਾਰਤ ‘ਚ ਹੋਣ ਵਾਲੇ ਦੱਖਣੀ ਏਸ਼ੀਆਈ ਫ਼ੁੱਟਬਾਲ ਮਹਾਸੰਘ (ਸੈਫ਼) ਫ਼ੁੱਟਬਾਲ ਟੂਰਨਾਮੈਂਟ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਸੈਫ਼ ਦੇ ਜਨਰਲ ਸਕੱਤਰ ਅਨਵਰੂਲ ਹੱਕ ਹੇਲਾਲ ਨੇ ਕਿਹਾ, ‘ਮੈਨੂੰ ਪਾਕਿਸਤਾਨ ਫ਼ੁੱਟਬਾਲ ਸੰਘ (ਪੀ. ਐੱਫ਼. ਐੱਫ਼.) ਤੋਂ ਕੱਲ ਈ-ਮੇਲ ਮਿਲਿਆ, ਜਿਸ ‘ਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਟੀਮ ਸੈਫ਼ ਕੱਪ ਤੋਂ ਆਪਣਾ ਨਾਂ ਵਾਪਸ ਲੈ ਰਹੀ ਹੈ ਤੇ ਉਹ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਹੋਵੇਗੀ।’
ਉਨ੍ਹਾਂ ਦੱਸਿਆ ਕਿ ਇਸ ਬਾਰੇ ਕੋਈ ਅਧਿਕਾਰਕ ਕਾਰਨ ਨਹੀਂ ਦੱਸਿਆ ਗਿਆ ਹੈ। ਸੈਫ਼ ਕੱਪ ਅਗਲੇ ਮਹੀਨੇ 23 ਦਸੰਬਰ ਤੋਂ 3 ਜਨਵਰੀ ਤਕ ਖੇਡਿਆ ਜਾਵੇਗਾ, ਜਿਸ ‘ਚ ਭਾਰਤ-ਪਾਕਿਸਤਾਨ ਨੂੰ ਇੱਕੋ ਗਰੁੱਪ ‘ਚ ਰੱਖਿਆ ਗਿਆ ਸੀ।












