ਨਵੀਂ ਦਿੱਲੀ— ਭਾਜਪਾ ਨੇਤਾ ਨੂੰ ਸਬਕ ਸਿਖਾਉਣ ਵਾਲੀ ਮਹਿਲਾ ਪੁਲਸ ਅਧਿਕਾਰੀ ਸ਼੍ਰੇਸ਼ਠਾ ਠਾਕੁਰ ਦਾ ਸ਼ਨੀਵਾਰ ਨੂੰ ਬੁਲੰਦਸ਼ਹਿਰ ਤੋਂ ਬਹਿਰਾਈਚ ਤਬਾਦਲਾ ਕਰ ਦਿੱਤਾ ਗਿਆ। ਦਰਅਸਲ ਸ਼੍ਰੇਸ਼ਠਾ ਠਾਕੁਰ ਨੇ ਇਕ ਹਫਤੇ ਪਹਿਲਾਂ ਸਥਾਨਕ ਭਾਜਪਾ ਨੇਤਾ ਸਮੇਤ 5 ਨੇਤਾਵਾਂ ਨੂੰ ਪੁਲਸ ਕਾਰਵਾਈ ‘ਚ ਦਖਲ ਦੇਣ ਅਤੇ ਪੁਲਸ ਅਧਿਕਾਰੀ ਨਾਲ ਬਦਤਮੀਜ਼ੀ ਕਰਨ ਦੇ ਦੋਸ਼ ‘ਚ ਜੇਲ ਭੇਜ ਦਿੱਤਾ ਸੀ। ਇਹ ਪੂਰਾ ਮਾਮਲਾ ਇਕ ਹਫਤੇ ਪਹਿਲੇ ਦਾ ਹੈ, ਜਦੋਂ ਭਾਜਪਾ ਦੀ ਜ਼ਿਲਾ ਪੰਚਾਇਤ ਮੈਂਬਰ ਦੇ ਪਤੀ ਪ੍ਰਮੋਦ ਲੋਧੀ ਦਾ ਟਰੈਫਿਕ ਰੂਲ ਤੋੜਨ ‘ਤੇ ਚਾਲਾਨ ਕੀਤਾ ਸੀ। ਚਲਾਨ ਕੱਟਣ ਤੋਂ ਨਾਰਾਜ਼ ਪ੍ਰਮੋਦ ਪੁਲਸ ਨਾਲ ਉਲਝ ਗਏ ਅਤੇ ਨੌਬਤ ਹੱਥੋਪਾਈ ਤੱਕ ਆ ਪੁੱਜੀ। ਇਸ ਤੋਂ ਬਾਅਦ ਪੁਲਸ ਨੇ ਬਾਈਕ ਸੀਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਘਟਨਾ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ।
ਅੰਗਰੇਜ਼ੀ ਅਖਬਾਰ ਅਨੁਸਾਰ ਸਥਾਨਕ ਨੇਤਾ ਇਸ ਨੂੰ ਆਪਣਾ ਸਨਮਾਨ ਮੰਨ ਰਹੇ ਹਨ ਅਤੇ ਸ਼੍ਰੇਸ਼ਠਾ ਠਾਕੁਰ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਹਨ। ਉੱਥੇ ਹੀ ਬੁਲੰਦਸ਼ਹਿਰ ਤੋਂ ਭਾਜਪਾ ਪ੍ਰਧਾਨ ਮੁਕੇਸ਼ ਭਾਰਦਵਾਜ ਦਾ ਕਹਿਣਾ ਹੈ ਕਿ ਸ਼੍ਰੇਸ਼ਠਾ ਠਾਕੁਰ ‘ਤੇ ਮੁੱਖ ਮੰਤਰੀ ਯੋਗ ਆਦਿੱਤਿਯਨਾਥ ਅਤੇ ਹੋਰ ਪਾਰਟੀ ਨੇਤਾਵਾਂ ਦੇ ਖਿਲਾਫ ਗਲਤ ਭਾਸ਼ਾ ਦੀ ਵਰਤੋਂ ਕਰਨ ਦਾ ਮਾਮਲਾ ਦਰਜ ਕਰਵਾਇਆ ਗਿਆ ਹੈ। ਉੱਥੇ ਹੀ ਭਾਜਪਾ ਵਰਕਰਾਂ ਨੇ ਪੁਲਸ ‘ਤੇ ਦੋਸ਼ ਲਾਇਆ ਸੀ ਕਿ ਪੁਲਸ ਅਧਿਕਾਰੀ ਟਰੈਫਿਕ ਨਿਯਮਾਂ ਦੇ ਨਾਂ ‘ਤੇ ਰਿਸ਼ਵਤ ਲੈਂਦੇ ਹਨ। ਹਾਲਾਂਕਿ ਵਰਕਰਾਂ ਦੇ ਇਨ੍ਹਾਂ ਦੋਸ਼ਾਂ ਨੂੰ ਸੀ.ਓ. ਸ਼੍ਰੇਸ਼ਠਾ ਠਾਕੁਰ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ।















