ਭਾਜਪਾ ਦਾ ‘ਸੰਕਲਪ ਪੱਤਰ’ ਦਿਖਾਵਾ ਹੈ: ਪ੍ਰਿਯੰਕਾ ਗਾਂਧੀ

ਨਵੀਂ ਦਿੱਲੀ- ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਪਾਰਟੀ ਦਾ ‘ਸੰਕਲਪ ਪੱਤਰ’ ਤਾਂ ਦਿਖਾਵਾ ਹੈ ਅਤੇ ਅਸਲੀ ਮੈਨੀਫੈਸਟੋ ‘ਸੰਵਿਧਾਨ ਬਦਲੋ ਪੱਤਰ’ ਹੈ। ਪ੍ਰਿਯੰਕਾ ਨੇ ਅੱਜ ਇੱਥੇ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਗਲੀ-ਗਲੀ, ਸੂਬੇ ਦਰ ਸੂਬੇ ਭਾਜਪਾ ਦੇ ਨੇਤਾ, ਭਾਜਪਾ ਦੇ ਉਮੀਦਵਾਰ ਸੰਵਿਧਾਨ ਬਦਲੋ ਪੱਤਰ ਲੈ ਕੇ ਘੁੰਮ ਰਹੇ ਹਨ ਅਤੇ ਭਾਸ਼ਣਾਂ ‘ਚ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਦਲਣ ਦੀ ਗੱਲ ਕਰ ਰਹੇ ਹਨ। ਉਨ੍ਹਾਂ ਨੇ ਦੋਸ਼ ਲਾਇਆ ਕਿ ਦੇਸ਼ ਵਿਰੋਧੀ, ਸਮਾਜ ਵਿਰੋਧੀ, ਲੋਕਤੰਤਰ ਵਿਰੋਧੀ ਇਹ ਸਾਰੀਆਂ ਸਾਜ਼ਿਸ਼ਾਂ ਭਾਜਪਾ ਪਹਿਲਾਂ ਹੇਠਾਂ ਤੋਂ ਸ਼ੁਰੂ ਕਰਦੀ ਹੈ। ਸ਼ੁਰੂਆਤ ਵਿਚ ਸਭ ਤੋਂ ਉੱਪਰ ਦੇ ਨੇਤਾ ਜਨਤਾ ਦੇ ਸਾਹਮਣੇ ਸੰਵਿਧਾਨ ਦੀਆਂ ਕਸਮਾਂ ਖਾਵਾਂਗੇ ਪਰ ਰਾਤ ਦੇ ਸਮੇਂ ਸੰਵਿਧਾਨ ਨੂੰ ਖ਼ਤਮ ਕਰਨ ਦੀ ਕਹਾਣੀ ਲਿਖਦੇ ਹਨ।
ਬਾਅਦ ਵਿਚ ਪੂਰੀ ਸੱਤਾ ਪਾਉਣ ‘ਤੇ ਸੰਵਿਧਾਨ ‘ਤੇ ਹਮਲਾ ਕਰਨਗੇ। ਪ੍ਰਿਯੰਕਾ ਨੇ ਕਿਹਾ ਕਿ ਬਾਬਾ ਸਾਹਿਬ ਦਾ ਸੰਵਿਧਾਨ ਭਾਰਤ ਦੀ ਆਤਮ ਹੈ। ਸਾਡਾ ਸੰਵਿਧਾਨ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸਨਮਾਨ ਨਾਲ ਜ਼ਿੰਦਗੀ ਜਿਊਣ ਦਾ ਹੱਕ ਦਿੰਦਾ ਹੈ। ਸੰਵਿਧਾਨ ਲੋਕਤੰਤਰ ਦੇ ਕੇਂਦਰ ਵਿਚ ਆਮ ਜਨਤਾ ਨੂੰ ਰੱਖਦਾ ਹੈ। ਇਸ ਲਈ ਸਾਰਿਆਂ ਨੂੰ ਇਕਜੁੱਟ ਹੋ ਕੇ ਭਾਜਪਾ ਦੇ ਸੰਵਿਧਾਨ ਬਦਲੋ ਮਿਸ਼ਨ ਨੂੰ ਖਾਰਜ ਕਰਨਾ ਹੋਵੇਗਾ ਅਤੇ ਡੰਕੇ ਦੀ ਚੋਟ ‘ਤੇ ਕਹਿਣਾ ਹੋਵੇਗਾ ਦੇਸ਼ ਸੰਵਿਧਾਨ ਨਾਲ ਚੱਲੇਗਾ ਅਤੇ ਅਸੀਂ ਸਾਰੇ ਸੰਵਿਧਾਨ ਬਦਲਣ ਦੀ ਮੰਸ਼ਾ ਰੱਖਣ ਵਾਲਿਆਂ ਨੂੰ ਮਿਲ ਕੇ ਹਰਾਵਾਂਗੇ।